US Treasury Secretary rattled by Iran! Leaves home along with family
ਇਰਾਨ ਤੋਂ ਡਰ ਗਏ ਅਮਰੀਕੀ ਵਿੱਤ ਮੰਤਰੀ ! ਪਰਿਵਾਰ ਸਣੇ ਛੱਡਿਆ ਘਰ
Tehran, (ਆਵਾਜ਼ਿ ਕੌਮ ਬਿਊਰੋ)-ਇਰਾਨ ਖ਼ਿਲਾਫ਼ ਅਮਰੀਕਾ ਦੀ ਆਰਥਿਕ ਘੇਰਾਬੰਦੀ ਦੀ ਰਣਨੀਤੀ ਤਿਆਰ ਕਰਨ ਵਾਲੇ ਵਿੱਤ ਮੰਤਰੀ ਸਕੌਟ ਬੇਸੈਂਟ ਖ਼ੁਦ ਹੁਣ ਸੁਰੱਖਿਆ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਰਾਨ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਬੇਸੈਂਟ ਨੇ ਆਪਣਾ ਵਾਸ਼ਿੰਗਟਨ ਸਥਿਤ ਘਰ ਛੱਡ ਦਿੱਤਾ ਹੈ। ਉਹ ਆਪਣੇ ਪਰਿਵਾਰ ਸਮੇਤ ਇਕ ਫੌਜੀ ਅੱਡੇ ’ਤੇ ਚਲੇ ਗਏ ਹਨ। ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਘਟਨਾਚੱਕਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਬੇਸੈਂਟ ਨੂੰ ਮਿਲ ਰਹੀਆਂ ਧਮਕੀਆਂ ਗੰਭੀਰ ਪੱਧਰ ਤੱਕ ਪਹੁੰਚ ਗਈਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਅਤ ਸਥਾਨ ’ਤੇ ਲੈ ਜਾਣ ਦਾ ਫੈਸਲਾ ਕਰਨਾ ਪਿਆ। ‘ਨਿਊਯਾਰਕ ਟਾਈਮਜ਼’ ਨੇ ਸਭ ਤੋਂ ਪਹਿਲਾਂ ਤਿੰਨ ਸੂਤਰਾਂ ਦੇ ਹਵਾਲੇ ਨਾਲ ਬੇਸੈਂਟ ਦੇ ਫੌਜੀ ਅੱਡੇ ’ਤੇ ਸ਼ਿਫਟ ਹੋਣ ਦੀ ਖ਼ਬਰ ਦਿੱਤੀ ਸੀ। ਇਸ ਤੋਂ ਬਾਅਦ ਰਾਇਟਰਜ਼ ਨੇ ਵੀ ਦੋ ਸੂਤਰਾਂ ਦੇ ਹਵਾਲੇ ਨਾਲ ਇਸ ਦੀ ਪੁਸ਼ਟੀ ਕੀਤੀ। ਅਮਰੀਕੀ ਵਿੱਤ ਮੰਤਰਾਲੇ ਨੇ ਵੀ ਫਾਕਸ ਨਿਊਜ਼ ਡਿਜੀਟਲ ਨੂੰ ਇਸ ਘਟਨਾਚੱਕਰ ਦੀ ਜਾਣਕਾਰੀ ਦਿੱਤੀ। ਦੱਸਿਆ ਗਿਆ ਹੈ ਕਿ ਵਾਸ਼ਿੰਗਟਨ ਦੇ ਜਾਰਜਟਾਊਨ ਇਲਾਕੇ ਵਿਚ ਸਥਿਤ ਬੇਸੈਂਟ ਦੇ ਘਰ ਦੀ ਹਵਾਈ ਤਸਵੀਰ ‘ਦਿ ਵਾਲ ਸਟ੍ਰੀਟ ਜਰਨਲ’ ਵਿਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧ ਗਈ ਸੀ। ਤਸਵੀਰ ਜ਼ਰੀਏ ਉਨ੍ਹਾਂ ਦੇ ਘਰ ਦੀ ਪਛਾਣ ਕਰਨਾ ਆਸਾਨ ਹੋ ਗਿਆ ਸੀ। ਹਾਲਾਂਕਿ, ਜਿਸ ਫੌਜੀ ਅੱਡੇ ’ਤੇ ਉਨ੍ਹਾਂ ਨੂੰ ਰੱਖਿਆ ਗਿਆ ਹੈ, ਉਸ ਦਾ ਨਾਂ ਜਨਤਕ ਨਹੀਂ ਕੀਤਾ ਗਿਆ ਹੈ। ਬੇਸੈਂਟ ਅਗਸਤ ਤੋਂ ‘ਆਪ੍ਰੇਸ਼ਨ ਇਕੋਨਾਮਿਕ ਆਊਟਕਾਸਟ’ ਦੀ ਨਿਗਰਾਨੀ ਕਰ ਰਹੇ ਹਨ। ਇਸ ਦੇ ਤਹਿਤ ਇਰਾਨ ’ਤੇ ਵਿੱਤੀ ਪਾਬੰਦੀਆਂ ਲਾਉਣ, ਵਪਾਰਕ ਲੈਣ-ਦੇਣ ਸੀਮਤ ਕਰਨ ਅਤੇ ਉਸ ਦੀਆਂ ਆਰਥਿਕ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਨ ਦੀ ਰਣਨੀਤੀ ਅਪਣਾਈ ਗਈ ਹੈ। ਅਮਰੀਕਾ ਦਾ ਉਦੇਸ਼ ਇਰਾਨ ਦੀ ਤੇਲ ਤੋਂ ਹੋਣ ਵਾਲੀ ਕਮਾਈ ’ਤੇ ਠੱਲ੍ਹ ਪਾਉਣਾ ਅਤੇ ਹੋਰਮੁਜ਼ ਸਟ੍ਰੇਟ ਵਿਚ ਵਪਾਰਕ ਜਹਾਜ਼ਾਂ ਦੀ ਆਵਾਜਾਈ ਵਿਚ ਰੁਕਾਵਟ ਖ਼ਤਮ ਕਰਨ ਲਈ ਦਬਾਅ ਬਣਾਉਣਾ ਹੈ। ਪ੍ਰਸ਼ਾਸਨ ਦੇ ਅਧਿਕਾਰੀ ਦਾ ਦਾਅਵਾ ਹੈ ਕਿ ਆਰਥਿਕ ਦਬਾਅ ਦੀ ਸਫਲਤਾ ਕਾਰਨ ਹੀ ਇਰਾਨ ਵੱਲੋਂ ਬੇਸੈਂਟ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਵਿੱਤ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਇਰਾਨੀ ਸ਼ਾਸਨ ਦੀਆਂ ਧਮਕੀਆਂ ਬੇਸੈਂਟ ਨੂੰ ਉਨ੍ਹਾਂ ਦੇ ਕੰਮ ਤੋਂ ਪਿੱਛੇ ਨਹੀਂ ਹਟਾ ਸਕਦੀਆਂ। ਰਾਇਟਰਜ਼ ਦੇ ਮੁਤਾਬਕ, ਅਮਰੀਕੀ ਖ਼ੁਫ਼ੀਆ ਅਧਿਕਾਰੀਆਂ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਅਮਰੀਕੀ ਕਰਮਚਾਰੀਆਂ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਇਰਾਨੀ ਸਾਜ਼ਿਸ਼ਾਂ ਗੰਭੀਰ ਪੱਧਰ ਤੱਕ ਪਹੁੰਚ ਚੁੱਕੀਆਂ ਹਨ। ਹਾਲਾਂਕਿ, ਇਰਾਨ ਪਹਿਲਾਂ ਵੀ ਅਮਰੀਕੀ ਧਰਤੀ ’ਤੇ ਅਧਿਕਾਰੀਆਂ ਜਾਂ ਹੋਰ ਲੋਕਾਂ ’ਤੇ ਹਮਲੇ ਦੀਆਂ ਸਾਜ਼ਿਸ਼ਾਂ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰਦਾ ਰਿਹਾ ਹੈ। ਦੂਜੇ ਪਾਸੇ, 7 ਨਵੰਬਰ ਨੂੰ ਅਮਰੀਕੀ ਸੈਂਟਰਲ ਕਮਾਂਡ ਨੇ ‘ਟਾਸਕ ਫੋਰਸ ਆਇਰਨ ਗੇਟ’ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਦਾ ਉਦੇਸ਼ ਇਰਾਨ ਦੀਆਂ ਹੱਦਾਂ ਅਤੇ ਕੈਸਪੀਅਨ ਸਾਗਰ ਦੇ ਰਸਤੇ ਹਥਿਆਰਾਂ, ਦੋਹਰੇ ਇਸਤੇਮਾਲ ਵਾਲੀ ਤਕਨਾਲੋਜੀ ਅਤੇ ਪਾਬੰਦੀਸ਼ੁਦਾ ਸਮੱਗਰੀ ਦੀ ਸਪਲਾਈ ਰੋਕਣਾ ਹੈ।

