I want a 100 percent victory over Iran! — Trump
ਈਰਾਨ ‘ਤੇ 100 ਫੀਸਦੀ ਜਿੱਤ ਚਾਹੁੰਦਾ ਹਾਂ ! ਟਰੰਪ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਈਰਾਨ ਨਾਲ ਚੱਲ ਰਿਹਾ ਟਕਰਾਅ ਜਲਦੀ ਹੀ ਖਤਮ ਹੋ ਜਾਵੇਗਾ, ਪਰ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਾਸ਼ਿੰਗਟਨ “ਪੂਰਨ ਜਿੱਤ” ਮਤਲਬ 100 ਫੀਸਦੀ ਜਿੱਤ ਚਾਹੁੰਦਾ ਹੈ। ‘ਵੈਟਰਨਜ਼ ਡੇ’ (ਸਾਬਕਾ ਸੈਨਿਕ ਦਿਵਸ) ਮੌਕੇ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਫੌਜੀ ਤਾਕਤ ਦੀ ਵਰਤੋਂ ਜਾਇਜ਼ ਸੀ, ਹਾਲਾਂਕਿ ਉਨ੍ਹਾਂ ਨੇ ਇਸ ਮੁਹਿੰਮ ਦੇ ਖਤਮ ਹੋਣ ਦੀ ਕੋਈ ਤਾਰੀਖ ਨਹੀਂ ਦੱਸੀ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਈਰਾਨ ‘ਤੇ ਪੂਰੀ ਜਿੱਤ ਯਕੀਨੀ ਬਣਾਉਣਾ ਚਾਹੁੰਦੇ ਹਨ, ’93 ਪ੍ਰਤੀਸ਼ਤ ਜਿੱਤ’ ਨਹੀਂ। ਵੈਟਰਨਜ਼ ਡੇਅ ਦੇ ਮੌਕੇ ‘ਤੇ ਇੱਕ ਸਮਾਗਮ ਵਿੱਚ ਬੋਲਦਿਆਂਟਰੰਪ ਨੇ ਕਿਹਾ, “ਅਸੀਂ ਜਿੱਤ ਗਏ ਹਾਂ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਾਡੀ ਪੂਰੀ ਜਿੱਤ ਹੋਵੇ, 93 ਪ੍ਰਤੀਸ਼ਤ ਜਿੱਤ ਨਹੀਂ।” ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕੀ ਫੌਜਾਂ ਪਹਿਲਾਂ ਹੀ ਜਿੱਤ ਚੁੱਕੀਆਂ ਹਨ ਅਤੇ ਇਹ ਸੰਕੇਤ ਦਿੱਤਾ ਕਿ ਟਕਰਾਅ ਕਦੋਂ ਖਤਮ ਹੋਵੇਗਾ, ਇਹ ਫੈਸਲਾ ਵਾਸ਼ਿੰਗਟਨ ਨੇ ਲੈਣਾ ਹੈ। ਉਨ੍ਹਾਂ ਦੇ ਇਨ੍ਹਾਂ ਸ਼ਬਦਾਂ ਵਿੱਚ ਇੱਕ ਪਾਸੇ ਇਹ ਭਵਿੱਖਬਾਣੀ ਸੀ ਕਿ ਟਕਰਾਅ ਜਲਦੀ ਖਤਮ ਹੋ ਜਾਵੇਗਾ, ਅਤੇ ਦੂਜੇ ਪਾਸੇ ਇਹ ਜ਼ੋਰ ਸੀ ਕਿ ਅਮਰੀਕਾ ਕਿਸੇ ਅਧੂਰੇ ਨਤੀਜੇ ‘ਤੇ ਸਮਝੌਤਾ ਨਹੀਂ ਕਰੇਗਾ। ਟਰੰਪ ਨੇ ਉਮੀਦ ਪ੍ਰਗਟ ਕੀਤੀ ਕਿ ਅਮਰੀਕਾ ਨੂੰ ਹੁਣ ਈਰਾਨ ਵਿੱਚ ਕੁਝ ਵੀ ਤਬਾਹ ਨਹੀਂ ਕਰਨਾ ਪਵੇਗਾ। ਉਨ੍ਹਾਂ ਅੱਗੇ ਕਿਹਾ, “ਜੋ ਅਸੀਂ ਤਬਾਹ ਕਰ ਦਿੱਤਾ ਹੈ ਉਸਨੂੰ ਦੁਬਾਰਾ ਬਣਾਉਣ ਵਿੱਚ ਉਨ੍ਹਾਂ ਨੂੰ 25 ਸਾਲ ਲੱਗਣਗੇ। ਉਮੀਦ ਹੈ, ਸਾਨੂੰ ਉਸ ਦੇਸ਼ ਵਿੱਚ ਹੁਣ ਕੁਝ ਵੀ ਤਬਾਹ ਨਹੀਂ ਕਰਨਾ ਪਵੇਗਾ।” ਉਨ੍ਹਾਂ ਨੇ ਉਨ੍ਹਾਂ ਅਮਰੀਕੀ ਸੈਨਿਕਾਂ ਦਾ ਧੰਨਵਾਦ ਕੀਤਾ ਜੋ ਈਰਾਨ ਨੂੰ ਪ੍ਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਲਈ ਚਲਾਈਆਂ ਜਾ ਰਹੀਆਂ ਮੁਹਿੰਮਾਂ ਵਿੱਚ ਸ਼ਾਮਲ ਹਨ ਅਤੇ ਇਸ ਟੀਚੇ ਨੂੰ ਹੀ ਇਸ ਪੂਰੀ ਮੁਹਿੰਮ ਦਾ ਮੁੱਖ ਉਦੇਸ਼ ਦੱਸਿਆ। ਅਮਰੀਕਾ ਅਤੇ ਇਜ਼ਰਾਈਲ ਨੇ 28 ਫਰਵਰੀ ਨੂੰ ਈਰਾਨ ਵਿੱਚ ਟੀਚਿਆਂ ‘ਤੇ ਹਮਲੇ ਸ਼ੁਰੂ ਕੀਤੇ, ਜਿਸ ਨਾਲ ਈਰਾਨ ਨੂੰ ਜਵਾਬੀ ਕਾਰਵਾਈ ਕਰਨ ਲਈ ਉਕਸਾਇਆ ਗਿਆ। ਜੂਨ ਦੇ ਅੱਧ ਵਿੱਚ ਤਹਿਰਾਨ ਅਤੇ ਵਾਸ਼ਿੰਗਟਨ ਨੇ ਦੁਸ਼ਮਣੀ ਨੂੰ ਖਤਮ ਕਰਨ ਦੇ ਉਦੇਸ਼ ਨਾਲ ਇੱਕ ਸਮਝੌਤਾ ਪੱਤਰ ‘ਤੇ ਹਸਤਾਖਰ ਕੀਤੇ, ਪਰ ਥੋੜ੍ਹੀ ਦੇਰ ਬਾਅਦ ਦੋਵਾਂ ਧਿਰਾਂ ਨੇ ਹਮਲੇ ਦੁਬਾਰਾ ਸ਼ੁਰੂ ਕਰ ਦਿੱਤੇ। ਵਰਤਮਾਨ ਵਿੱਚ ਟਕਰਾਅ ਅਣਸੁਲਝਿਆ ਹੋਇਆ ਹੈ। ਰਾਸ਼ਟਰਪਤੀ ਟਰੰਪ ਨੇ ਇਸ ਮੁਹਿੰਮ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਈਰਾਨ ਵੱਲੋਂ ਕਈ ਦਹਾਕਿਆਂ ਤੋਂ ਦਿਖਾਈ ਜਾ ਰਹੀ ਦੁਸ਼ਮਣੀ ਦਾ ਜਵਾਬ ਹੈ। ਉਨ੍ਹਾਂ ਦਲੀਲ ਦਿੱਤੀ ਕਿ ਪਿਛਲੇ ਪ੍ਰਸ਼ਾਸਨਾਂ ਨੂੰ ਈਰਾਨ (ਤਹਿਰਾਨ) ਦਾ ਸਾਹਮਣਾ ਬਹੁਤ ਪਹਿਲਾਂ ਕਰ ਲੈਣਾ ਚਾਹੀਦਾ ਸੀ।ਉਨ੍ਹਾਂ ਕਿਹਾ, “ਇਸ ਮਾਮਲੇ ਨੂੰ ਬਹੁਤ ਪਹਿਲਾਂ ਹੀ ਸੁਲਝਾ ਲੈਣਾ ਚਾਹੀਦਾ ਸੀ।” ਟਰੰਪ ਨੇ ਇਸ ਮੁਹਿੰਮ ਦੀ ਤੁਲਨਾ ਕੋਰੀਆ, ਵੀਅਤਨਾਮ, ਇਰਾਕ ਅਤੇ ਅਫਗਾਨਿਸਤਾਨ ਵਿਚ ਲੜੇ ਗਏ ਪਿਛਲੇ ਅਮਰੀਕੀ ਯੁੱਧਾਂ ਨਾਲ ਕੀਤੀ ਅਤੇ ਉਨ੍ਹਾਂ ਯੁੱਧਾਂ ਵਿਚ ਹੋਏ ਮਨੁੱਖੀ ਨੁਕਸਾਨ ਦਾ ਜ਼ਿਕਰਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਸੰਘਰਸ਼ਾਂ ਵਿਚ ਅਮਰੀਕਾ ਨੂੰ ਕੁਝ ਹਾਸਲ ਨਹੀਂ ਹੋਇਆ। ਟਰੰਪ ਨੇ ਕਿਹਾ ਕਿ ਸੰਘਰਸ਼ ਖ਼ਤਮ ਹੋਣ ਤੋਂ ਬਾਅਦ ਦੁਨੀਆ ਹੋਰ ਜ਼ਿਆਦਾ ਸੁਰੱਖਿਅਤ ਹੋ ਜਾਵੇਗੀ।

