War on the verge of ending! Consensus reached on this matter
ਖ਼ਤਮ ਹੋਣ ਦੇ ਕੰਢੇ ਪਹੁੰਚੀ ਜੰਗ ! ਇਸ ਮਾਮਲੇ ‘ਤੇ ਬਣੀ ਸਹਿਮਤੀ
Russia, (ਆਵਾਜ਼ਿ ਕੌਮ ਬਿਊਰੋ)-ਰੂਸ ਤੇ ਯੂਕ੍ਰੇਨ ਵਿਚਾਲੇ ਪਿਛਲੇ 5 ਸਾਲਾਂ ਤੋਂ ਚੱਲਦੀ ਆ ਰਹੀ ਜੰਗ ਹੁਣ ਕੁਝ ਮੱਠੀ ਪੈਂਦੀ ਨਜ਼ਰ ਆ ਰਹੀ ਹੈ। ਦੋਵਾਂ ਦੇਸ਼ਾਂ ਵਿਚਾਲੇ ਅਮਰੀਕਾ ਦੀ ਵਿਚੋਲਗੀ ‘ਚ ਆਬੂ-ਧਾਬੀ ‘ਚ ਸ਼ਾਂਤੀ ਵਾਰਤਾ ਚੱਲ ਰਹੀ ਹੈ। ਇਸੇ ਦੌਰਾਨ ਆਬੂ-ਧਾਬੀ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਆਬੂ ਧਾਬੀ ’ਚ ਰੂਸ ਅਤੇ ਯੂਕ੍ਰੇਨ ਵਿਚਾਲੇ ਵਾਰਤਾ ਵਿਚ ਸ਼ਾਮਲ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਦੋਵੇਂ ਧਿਰਾਂ ਵੱਡੀ ਗਿਣਤੀ ਵਿਚ ਜੰਗੀ ਕੈਦੀਆਂ ਦੀ ਰਿਹਾਈ ’ਤੇ ਸਹਿਮਤ ਹੋ ਗਈਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ ਜੈਰੇਡ ਕੁਸ਼ਨਰ ਨੇ ਆਬੂ ਧਾਬੀ ਵਿਚ 2 ਦਿਨਾਂ ਦੀ ਸ਼ਾਂਤੀ ਵਾਰਤਾ ਸਮਾਪਤ ਹੋਣ ਤੋਂ ਬਾਅਦ ਕਿਹਾ, “ਗੱਲਬਾਤ ਚੰਗੇ ਮਾਹੌਲ ‘ਚ ਹੋਈ ਹੈ। ਇਸ ਦੌਰਾਨ ਹੋਈਆਂ ਹਾਂ ਪੱਖੀ ਗੱਲਾਂ ’ਚੋਂ ਇਕ ਇਹ ਹੈ ਕਿ ਅਸੀਂ ਵੱਡੀ ਗਿਣਤੀ ‘ਚ ਜੰਗੀ ਕੈਦੀਆਂ ਦੀ ਰਿਹਾਈ ’ਤੇ ਸਹਿਮਤ ਹੋਏ ਹਾਂ। ਇਸ ਦੀ ਗਿਣਤੀ ਨੂੰ ਅੰਤਿਮ ਰੂਪ ਅਸੀਂ ਕੱਲ ਦੇਵਾਂਗੇ।” ਹਾਲਾਂਕਿ ਇਕ ਪਾਸੇ ਰੂਸ-ਯੂਕ੍ਰੇਨ ਵਿਚਾਲੇ ਸ਼ਾਂਤੀ ਗੱਲਬਾਤ ਚੱਲ ਰਹੀ ਹੈ, ਇਸ ਦੇ ਬਾਵਜੂਦ ਰੂਸ ਦੇ ਯੂਕ੍ਰੇਨ ’ਤੇ ਹਮਲੇ ਜਾਰੀ ਰਹੇ। ਰੂਸ ਨੇ ਖਾਰਕੀਵ ਦੇ ਸਾਲਟਿਵਸਕੀ, ਓਸਨੋਵੀਆਨਸਕੀ ਅਤੇ ਸ਼ੇਵਚੇਨਕਿਵਸਕੀ ਜ਼ਿਲ੍ਹਿਆਂ ’ਚ ਸਵੇਰੇ 3 ਵਾਰ ਹਮਲੇ ਕੀਤੇ। ਸਾਲਟਿਵਸਕੀ ਜ਼ਿਲ੍ਹੇ ‘ਚ ਇਕ ਕਾਰ ’ਤੇ ਹੋਏ ਡਰੋਨ ਹਮਲੇ ਨਾਲ 2 ਲੋਕਾਂ ਦੀ ਜਾਨ ਚਲੀ ਗਈ, ਜਦਕਿ ਹੋਰ ਇਲਾਕਿਆਂ ‘ਚ ਵਪਾਰਕ ਅਦਾਰਿਆਂ ਅਤੇ ਕਾਰਾਂ ਨੂੰ ਅੱਗ ਲੱਗ ਗਈ।

