Smoke spreads on board Singapore Airlines flight; emergency landing in Queensland
ਸਿੰਗਾਪੁਰ ਏਅਰਲਾਈਨਜ਼ ਦੇ ਜਹਾਜ਼ ‘ਚ ਫੈਲਿਆ ਧੂੰਆਂ, ਕੁਈਨਜ਼ਲੈਂਡ ’ਚ ਐਮਰਜੈਂਸੀ ਲੈਂਡਿੰਗ
ਬ੍ਰਿਸਬੇਨ (ਆਵਾਜ਼ਿ ਕੌਮ ਬਿਊਰੋ)-ਬ੍ਰਿਸਬੇਨ ਤੋਂ ਸਿੰਗਾਪੁਰ ਜਾ ਰਹੀ ਸਿੰਗਾਪੁਰ ਏਅਰਲਾਈਨਜ਼ ਦੀ ਇੱਕ ਉਡਾਣ ਨੂੰ ਬੁੱਧਵਾਰ ਦੁਪਹਿਰ ਜਹਾਜ਼ ਦੇ ਕੈਬਿਨ ਵਿੱਚ ਧੂੰਆਂ ਭਰਨ ਕਾਰਨ ਕੁਈਨਜ਼ਲੈਂਡ ਦੇ ਰੌਕਹੈਂਪਟਨ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਹਾਜ਼ ਨੇ ਸ਼ਾਮ 4 ਵਜੇ ਤੋਂ ਥੋੜ੍ਹੀ ਦੇਰ ਬਾਅਦ ਸੁਰੱਖਿਅਤ ਲੈਂਡਿੰਗ ਕੀਤੀ। ਇਸ ਘਟਨਾ ਵਿੱਚ ਕਿਸੇ ਯਾਤਰੀ ਜਾਂ ਜਹਾਜ਼ ਦੇ ਅਮਲੇ ਦੇ ਮੈਂਬਰ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਜਹਾਜ਼ ਨੇ ਬ੍ਰਿਸਬੇਨ ਹਵਾਈ ਅੱਡੇ ਤੋਂ ਸਿੰਗਾਪੁਰ ਲਈ ਉਡਾਣ ਭਰੀ ਹੀ ਸੀ ਕਿ ਇਸ ਦੇ ਕੈਬਿਨ ਵਿੱਚ ਧੂੰਆਂ ਦਿਖਾਈ ਦੇਣ ਲੱਗਾ। ਜਹਾਜ਼ ਵਿੱਚ ਸਵਾਰ ਯਾਤਰੀਆਂ ਨੇ ਦੱਸਿਆ ਕਿ ਕੁਝ ਸਮੇਂ ਵਿੱਚ ਕੈਬਿਨ ਵਿੱਚ ਧੂੰਆਂ ਫੈਲ ਗਿਆ ਅਤੇ ਜਹਾਜ਼ ਦੀਆਂ ਸਕਰੀਨਾਂ ਵੀ ਬੰਦ ਹੋ ਗਈਆਂ। ਸਥਿਤੀ ਨੂੰ ਦੇਖਦਿਆਂ ਜਹਾਜ਼ ਨੂੰ ਰੌਕਹੈਂਪਟਨ ਵੱਲ ਮੋੜ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਹਵਾਈ ਅੱਡੇ ’ਤੇ ਪਹੁੰਚੀਆਂ। ਜਹਾਜ਼ ਵਿੱਚ ਸਵਾਰ ਯਾਤਰੀਆਂ ਵਿੱਚ ਸਕੂਲੀ ਬੱਚਿਆਂ ਦਾ ਇੱਕ ਸਮੂਹ ਵੀ ਸ਼ਾਮਲ ਸੀ, ਜੋ ਸੈਰ-ਸਪਾਟੇ ਲਈ ਜਾ ਰਿਹਾ ਸੀ। ਲੈਂਡਿੰਗ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਹਵਾਈ ਅੱਡੇ ਦੇ ਅੰਦਰ ਇੱਕ ਵਿਸ਼ੇਸ਼ ਉਡੀਕ ਖੇਤਰ ਵਿੱਚ ਰੱਖਿਆ ਗਿਆ। ਸਿੰਗਾਪੁਰ ਏਅਰਲਾਈਨਜ਼ ਦੇ ਬੁਲਾਰੇ ਨੇ ਦੱਸਿਆ ਕਿ ਜਹਾਜ਼ ਦੇ ਕੈਬਿਨ ਵਿੱਚ ਧੂੰਆਂ ਭਰਨ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕੰਪਨੀ ਵੱਲੋਂ ਪ੍ਰਭਾਵਿਤ ਯਾਤਰੀਆਂ ਨੂੰ ਜ਼ਰੂਰੀ ਸਹਾਇਤਾ, ਖਾਣ-ਪੀਣ ਅਤੇ ਬਦਲਵੀਂ ਉਡਾਣ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੀ ਅਗਲੀ ਯਾਤਰਾ ਲਈ ਮੁੜ ਬੁਕਿੰਗ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਏਅਰਲਾਈਨ ਨੇ ਕਿਹਾ ਕਿ ਯਾਤਰੀਆਂ ਅਤੇ ਆਪਣੇ ਅਮਲੇ ਦੀ ਸੁਰੱਖਿਆ ਉਸ ਦੀ ਸਭ ਤੋਂ ਵੱਡੀ ਤਰਜੀਹ ਹੈ।

