Trump and Netanyahu move from friendship to confrontation! A heated exchange ensues, sparking widespread discussion
ਦੋਸਤੀ ਛੱਡ ਆਹਮੋ-ਸਾਹਮਣੇ ਹੋਏ ਟਰੰਪ ਅਤੇ ਨੇਤਨਯਾਹੂ ! ਹੋਈ ਤੂੰ ਤੂੰ-ਮੈਂ ਮੈਂ , ਛਿੜੀ ਵੱਡੀ ਚਰਚਾ
ਯਰੂਸ਼ਲਮ [ਇਜ਼ਰਾਈਲ] (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਰਮਿਆਨ ਈਰਾਨ ਨਾਲ ਚੱਲ ਰਹੀ ਜੰਗ ਦੇ ਭਵਿੱਖ ਨੂੰ ਲੈ ਕੇ ਫੋਨ ‘ਤੇ ਤਿੱਖੀ ਬਹਿਸ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ। ਇਜ਼ਰਾਈਲੀ ਮੀਡੀਆ ਅਦਾਰਿਆਂ ‘ਵਾਈਨੈੱਟ’ ਅਤੇ ‘ਯੇਦੀਓਥ ਅਹਰੋਨੋਥ’ ਦੀਆਂ ਰਿਪੋਰਟਾਂ ਅਨੁਸਾਰ ਦੋਵਾਂ ਨੇਤਾਵਾਂ ਦਰਮਿਆਨ ਹੋਈ ਇਹ ਗੱਲਬਾਤ ਕਾਫ਼ੀ ਤਲਖ਼ੀ ਵਿੱਚ ਬਦਲ ਗਈ। ਸੂਤਰਾਂ ਅਨੁਸਾਰ ਦੋਵਾਂ ਆਗੂਆਂ ਦੀ ਇਸ ਗੱਲਬਾਤ ਨੂੰ “ਚੀਖ-ਚਿਹਾੜਾ” ਦੱਸਿਆ ਗਿਆ ਹੈ। ਰਿਪੋਰਟਾਂ ਅਨੁਸਾਰ ਨੇਤਨਯਾਹੂ ਨੇ ਟਰੰਪ ‘ਤੇ ਈਰਾਨ ਵਿਰੁੱਧ ਦੁਬਾਰਾ ਫੌਜੀ ਹਮਲੇ ਸ਼ੁਰੂ ਕਰਨ ਅਤੇ ਤਹਿਰਾਨ ਵਿੱਚ ਸ਼ਾਸਨ ਬਦਲਣ ਲਈ ਦਬਾਅ ਪਾਇਆ। ਦੂਜੇ ਪਾਸੇ ਰਾਸ਼ਟਰਪਤੀ ਟਰੰਪ ਨੇ ਫੌਜੀ ਕਾਰਵਾਈ ਦੀ ਬਜਾਏ ਈਰਾਨ ‘ਤੇ ਆਰਥਿਕ ਦਬਾਅ ਬਣਾਏ ਰੱਖਣ ਅਤੇ ਚੱਲ ਰਹੀ ਕੂਟਨੀਤਕ ਗੱਲਬਾਤ ਨੂੰ ਅੱਗੇ ਵਧਾਉਣ ਦੀ ਵਕਾਲਤ ਕੀਤੀ। ’60 ਮਿਨਟਸ’ ਇੰਟਰਵਿਊ ਦੌਰਾਨ ਜਦੋਂ ਟਰੰਪ ਤੋਂ ਜੰਗ ਮੁੜ ਸ਼ੁਰੂ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ। ਇਜ਼ਰਾਈਲ ਦੀ 26ਵੀਂ ਸੰਸਦ (ਨੇਸੈੱਟ) ਨੂੰ ਸੰਬੋਧਨ ਕਰਦਿਆਂ ਨੇਤਨਯਾਹੂ ਨੇ ਦਾਅਵਾ ਕੀਤਾ ਕਿ ਈਰਾਨ ਆਪਣੇ ਪ੍ਰਮਾਣੂ ਖ਼ਤਰੇ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਈਰਾਨ ਦੇ ਪਰਮਾਣੂ ਪ੍ਰੋਗਰਾਮ ਅਤੇ ਖ਼ਤਰੇ ਨੂੰ ਹਮੇਸ਼ਾ ਲਈ ਖ਼ਤਮ ਕਰਨ ਦਾ ਇੱਕੋ-ਇੱਕ ਰਸਤਾ ਆਇਤੁੱਲਾ ਸ਼ਾਸਨ ਦਾ ਤਖ਼ਤਾਪਲਟ ਕਰਨਾ ਹੈ। ਜ਼ਿਕਰਯੋਗ ਹੈ ਕਿ ਅਕਤੂਬਰ ‘ਚ ਹੋਈਆਂ ਆਮ ਚੋਣਾਂ ‘ਚ ਸੀਟਾਂ ਗੁਆਉਣ ਤੋਂ ਬਾਅਦ ਨੇਤਨਯਾਹੂ ਆਪਣੀ ਸਿਆਸੀ ਸਥਿਤੀ ਨੂੰ ਲੈ ਕੇ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਹਨ। ਇਜ਼ਰਾਈਲੀ ਪ੍ਰਧਾਨ ਮੰਤਰੀ ਦਫ਼ਤਰ ਨੇ ਫੋਨ ‘ਤੇ ਹੋਈ ਕਿਸੇ ਵੀ ਤਕਰਾਰ ਦੀਆਂ ਖ਼ਬਰਾਂ ਨੂੰ ਖਾਰਜ ਕਰਦਿਆਂ ਇਨ੍ਹਾਂ ਰਿਪੋਰਟਾਂ ਨੂੰ “ਫਰਜ਼ੀ ਖ਼ਬਰ” ਕਰਾਰ ਦਿੱਤਾ ਹੈ। ਇਜ਼ਰਾਈਲ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਦੋਵਾਂ ਨੇਤਾਵਾਂ ਵਿਚਾਲੇ ਗੱਲਬਾਤ ਹੋਈ ਸੀ, ਪਰ ਉਨ੍ਹਾਂ ਵਿਚਾਲੇ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਸਾਫ਼ ਇਨਕਾਰ ਕੀਤਾ।

