96-year-old building collapses in New York; 8 dead, 17 injured
ਨਿਊਯਾਰਕ ’ਚ 96 ਸਾਲ ਪੁਰਾਣੀ ਇਮਾਰਤ ਡਿੱਗੀ, 8 ਦੀ ਮੌਤ, 17 ਜ਼ਖਮੀ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)- ਨਿਊਯਾਰਕ ਦੇ ਬਰੁਕਲਿਨ ’ਚ ਬੁੱਧਵਾਰ ਨੂੰ 96 ਸਾਲ ਪੁਰਾਣੀ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ। ਹਾਦਸੇ ’ਚ 8 ਲੋਕਾਂ ਦੀ ਮੌਤ ਹੋ ਗਈ, ਜਦਕਿ 17 ਲੋਕ ਜ਼ਖਮੀ ਹਨ। ਜ਼ਖਮੀਆਂ ’ਚ 7 ਬੱਚੇ ਵੀ ਸ਼ਾਮਲ ਹਨ। ਕਈ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ। ਹਾਦਸੇ ਤੋਂ ਬਾਅਦ ਲੱਗਭਗ 250 ਰਾਹਤ ਕਰਮਚਾਰੀ ਬਚਾਅ ਮੁਹਿੰਮ ’ਚ ਲੱਗੇ ਹੋਏ ਹਨ। ਬਚਾਅ ਕਰਮਚਾਰੀਆਂ ਨੇ ਮਲਬੇ ’ਚੋਂ ਇਕ ਗਰਭਵਤੀ ਔਰਤ ਅਤੇ ਇਕ ਬੱਚੇ ਨੂੰ ਵੀ ਸੁਰੱਖਿਅਤ ਬਾਹਰ ਕੱਢਿਆ। ਹਾਦਸਾ ਬਰੁਕਲਿਨ ਦੇ ਫਲੈਟਬੁਸ਼ ਇਲਾਕੇ ’ਚ ਵਾਪਰਿਆ। ਡਿੱਗਣ ਵਾਲੀ ਇਮਾਰਤ ਦੇ ਬਿਲਕੁਲ ਨਾਲ ਵਾਲੇ ਪਲਾਟ ’ਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਉਥੇ ਪਹਿਲਾਂ ਇਕ ਪੁਰਾਣੀ ਇਮਾਰਤ ਨੂੰ ਢਾਹਿਆ ਗਿਆ ਸੀ ਅਤੇ ਨਵੀਂ ਇਮਾਰਤ ਬਣਾਉਣ ਲਈ ਜ਼ਮੀਨ ਦੀ ਡੂੰਘੀ ਪੁਟਾਈ ਕੀਤੀ ਜਾ ਰਹੀ ਸੀ। ਇਸੇ ਦੌਰਾਨ ਨੇੜਲੀ ਤਿੰਨ ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ। ਨਿਊਯਾਰਕ ਦੇ ਬਿਲਡਿੰਗ ਡਿਪਾਰਟਮੈਂਟ ਦੇ ਰਿਕਾਰਡ ’ਚ ਇਸੇ ਉਸਾਰੀ ਵਾਲੀ ਥਾਂ ’ਤੇ ਅਪ੍ਰੈਲ ’ਚ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਦਰਜ ਹੋਇਆ ਸੀ। ਦੋਸ਼ ਸੀ ਕਿ ਕੰਮ ਰੋਕਣ ਦੇ ਹੁਕਮ ਮਿਲਣ ਦੇ ਬਾਵਜੂਦ ਉਥੇ ਉਸਾਰੀ ਦਾ ਕੰਮ ਜਾਰੀ ਰੱਖਿਆ ਗਿਆ। ਇਹ ਉਹੀ ਥਾਂ ਸੀ, ਜਿਸ ਦੇ ਨਾਲ ਤਿੰਨ ਮੰਜ਼ਿਲਾ ਇਮਾਰਤ ਡਿੱਗੀ। ਹਾਲਾਂਕਿ ਅਧਿਕਾਰੀਆਂ ਨੇ ਅਜੇ ਤੱਕ ਪੁਰਾਣੀ ਉਲੰਘਣਾ ਅਤੇ ਇਸ ਹਾਦਸੇ ਦਰਮਿਆਨ ਕਿਸੇ ਸਿੱਧੇ ਸਬੰਧ ਦੀ ਪੁਸ਼ਟੀ ਨਹੀਂ ਕੀਤੀ ਹੈ। ਹਾਦਸੇ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਦੀ ਲੱਗਭਗ 250 ਲੋਕਾਂ ਦੀ ਟੀਮ ਬਚਾਅ ਮੁਹਿੰਮ ’ਚ ਲਾਈ ਗਈ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਮਲਬੇ ’ਚ ਫਸੇ ਲੋਕਾਂ ਨੂੰ ਲੱਭਣ ਲਈ ਖੋਜੀ ਕੁੱਤਿਆਂ ਅਤੇ ਡ੍ਰੋਨ ਦੀ ਮਦਦ ਲਈ। ਸ਼ਾਮ ਲੱਗਭਗ 6:30 ਵਜੇ ਬਚਾਅ ਕਰਮਚਾਰੀਆਂ ਨੂੰ ਮਲਬੇ ’ਚ ਬਣੇ ਇਕ ਟੋਏ ’ਚੋਂ ਇਕ ਵਿਅਕਤੀ ਜ਼ਿੰਦਾ ਮਿਲਿਆ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਉਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ। ਅਧਿਕਾਰੀਆਂ ਮੁਤਾਬਕ ਅਜੇ ਇਹ ਪਤਾ ਨਹੀਂ ਹੈ ਕਿ ਕੁੱਲ ਕਿੰਨੇ ਲੋਕ ਲਾਪਤਾ ਹਨ। ਫਾਇਰ ਬ੍ਰਿਗੇਡ ਵਿਭਾਗ ਦੀ ਮੁਖੀ ਲਿਲੀਅਨ ਬੋਨਸਿਗਨੋਰ ਨੇ ਦੱਸਿਆ ਕਿ ਦੂਜੀ ਇਮਾਰਤ ਡਿੱਗਣ ਦਾ ਖ਼ਤਰਾ ਵੀ ਹੈ। ਇਸ ਲਈ ਬਚਾਅ ਮੁਹਿੰਮ ’ਚ ਕਾਫ਼ੀ ਸਾਵਧਾਨੀ ਵਰਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਮੁਹਿੰਮ ਕਈ ਦਿਨਾਂ ਤੱਕ ਚੱਲ ਸਕਦੀ ਹੈ। ਹਾਦਸੇ ਤੋਂ ਬਾਅਦ ਨਿਊਯਾਰਕ ਦੇ ਬਿਲਡਿੰਗ ਡਿਪਾਰਟਮੈਂਟ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਆਲੇ-ਦੁਆਲੇ ਦੀਆਂ ਇਮਾਰਤਾਂ ਦੀ ਜਾਂਚ ਸ਼ੁਰੂ ਕੀਤੀ। ਹਾਦਸੇ ’ਚ ਨਾਲ ਲੱਗਦੀ ਇਮਾਰਤ ਦੀ ਇਕ ਕੰਧ ਪੂਰੀ ਤਰ੍ਹਾਂ ਟੁੱਟ ਗਈ ਸੀ। ਪ੍ਰਸ਼ਾਸਨ ਨੇ ਪੀੜਤ ਲੋਕਾਂ ਦੀ ਮਦਦ ਲਈ ਸਹਾਇਤਾ ਕੇਂਦਰ ਵੀ ਬਣਾਇਆ ਹੈ। ਮੇਅਰ ਜ਼ੋਹਰਾਨ ਮਮਦਾਨੀ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਰਾਹਤ ਅਤੇ ਬਚਾਅ ਮੁਹਿੰਮ ਜਾਰੀ ਹੈ। ਉਨ੍ਹਾਂ ਨੇ ਹਾਦਸੇ ਤੋਂ ਪ੍ਰਭਾਵਿਤ ਪਰਿਵਾਰਾਂ ਅਤੇ ਸਥਾਨਕ ਲੋਕਾਂ ਪ੍ਰਤੀ ਹਮਦਰਦੀ ਪ੍ਰਗਟਾਈ।

