Xi Jinping issues a stern warning to Taiwan, stating, “We will not hesitate to use force if necessary.”
ਸ਼ੀ ਜਿਨਪਿੰਗ ਦੀ ਤਾਈਵਾਨ ਨੂੰ ਸਖ਼ਤ ਚੇਤਾਵਨੀ, ਕਿਹਾ- ‘ਲੋੜ ਪੈਣ ‘ਤੇ ਤਾਕਤ ਦੀ ਵਰਤੋਂ ਤੋਂ ਵੀ ਨਹੀਂ ਹਟਾਂਗੇ ਪਿੱਛੇ’
ਬੀਜਿੰਗ (ਆਵਾਜ਼ਿ ਕੌਮ ਬਿਊਰੋ)-ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਤਾਈਵਾਨ ਨੂੰ ਚੀਨ ਦੇ ਕੰਟਰੋਲ ਹੇਠ ਲਿਆਉਣ ਦਾ ਅਹਿਦ ਦੁਹਰਾਉਂਦਿਆਂ ਵੀਰਵਾਰ ਨੂੰ ਕਿਹਾ ਕਿ ‘ਮਾਤ-ਭੂਮੀ ਦਾ ਪੂਰਨ ਏਕੀਕਰਨ’ ਚੀਨ ਦੀ ਕਮਿਊਨਿਸਟ ਪਾਰਟੀ (ਸੀ. ਪੀ. ਸੀ.) ਦਾ ਇਕ ‘ਅਟੱਲ ਇਤਿਹਾਸਕ ਮਿਸ਼ਨ’ ਹੈ ਅਤੇ ਇਸ ਨੂੰ ਯਕੀਨੀ ਤੌਰ ’ਤੇ ਹਾਸਲ ਕੀਤਾ ਜਾਵੇਗਾ। ਸੀ. ਪੀ. ਸੀ. ਦੀ ਕੇਂਦਰੀ ਕਮੇਟੀ ਦੇ ਜਨਰਲ ਸਕੱਤਰ ਅਤੇ ਕੇਂਦਰੀ ਫ਼ੌਜੀ ਕਮਿਸ਼ਨ ਦੇ ਚੇਅਰਮੈਨ ਸ਼ੀ ਨੇ ਇਹ ਟਿੱਪਣੀਆਂ ਚੀਨ ਦੇ ਰਾਸ਼ਟਰਵਾਦੀ ਆਗੂਆਂ ’ਚੋਂ ਇਕ ਸਨ ਯਾਤ-ਸੇਨ ਦੀ 160ਵੀਂ ਜਯੰਤੀ ਮੌਕੇ ਕਰਵਾਏ ਗਏ ਸਮਾਗਮ ’ਚ ਕੀਤੀਆਂ। ਤਾਈਵਾਨ ਸਟ੍ਰੇਟ ਦੇ ਦੋਵੇਂ ਪਾਸੇ ਸਨ ਯਾਤ-ਸੇਨ ਨੂੰ ਸਤਿਕਾਰ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਤਾਈਵਾਨ ਦੀਆਂ ਹਕੀਕਤਾਂ ਨੂੰ ਧਿਆਨ ’ਚ ਰੱਖਣ ਦਾ ਵਾਅਦਾ ਕੀਤਾ ਪਰ ਵੱਖਵਾਦ ਵਿਰੁੱਧ ਸਖ਼ਤ ਰੁਖ਼ ਅਪਣਾਇਆ। ਸ਼ੀ ਦੇ ਹਵਾਲੇ ਨਾਲ ਕਿਹਾ ਗਿਆ, ‘‘ਤਾਈਵਾਨ ਮੁੱਦੇ ਦਾ ਹੱਲ ਕਰਨਾ ਅਤੇ ਮਾਤ-ਭੂਮੀ ਦਾ ਪੂਰਨ ਏਕੀਕਰਨ ਕਰਨਾ ਸੀ. ਪੀ. ਸੀ. ਦਾ ਇਕ ਅਟੱਲ ਇਤਿਹਾਸਕ ਮਿਸ਼ਨ, ਸਾਰੇ ਚੀਨੀ ਲੋਕਾਂ ਦੀ ਸਾਂਝੀ ਇੱਛਾ ਅਤੇ ਚੀਨੀ ਕੌਮ ਦੇ ਮਹਾਨ ਪੁਨਰ-ਉਥਾਨ ਲਈ ਸੁਭਾਵਿਕ ਲੋੜ ਹੈ।’’ ਚੀਨ ਤਾਈਵਾਨ ਨੂੰ ਆਪਣਾ ਵੱਖ ਹੋਇਆ ਸੂਬਾ ਮੰਨਦਾ ਹੈ, ਜਿਸ ਦਾ ਮੁੱਖ ਭੂ-ਭਾਗ ਨਾਲ ਮੁੜ ਏਕੀਕਰਨ ਕੀਤਾ ਜਾਣਾ ਚਾਹੀਦਾ ਹੈ, ਲੋੜ ਪੈਣ ’ਤੇ ਤਾਕਤ ਦੀ ਵਰਤੋਂ ਰਾਹੀਂ ਵੀ।

