Golden Sandhar Sugar Mill sealed for failing to pay Rs 27.74 crore in dues to farmers: Kataruchak
ਕਿਸਾਨਾਂ ਦੇ 27.74 ਕਰੋੜ ਦੇ ਬਕਾਏ ਨਾ ਦੇਣ ’ਤੇ ਗੋਲਡਨ ਸੰਧਰ ਸ਼ੂਗਰ ਮਿੱਲ ਸੀਲ : ਕਟਾਰੂਚੱਕ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਪੰਜਾਬ ਸਰਕਾਰ ਨੇ ਕਿਸਾਨਾਂ ਦੇ ਗੰਨੇ ਦੀ ਫ਼ਸਲ ਦੇ 27.74 ਕਰੋੜ ਰੁਪਏ ਦੇ ਬਕਾਏ ਅਦਾ ਨਾ ਕਰਨ ਕਾਰਨ ਫਗਵਾੜਾ ਸਥਿਤ ਗੋਲਡਨ ਸੰਧਰ ਸ਼ੂਗਰ ਮਿੱਲ ਨੂੰ ਸੀਲ ਕਰ ਦਿੱਤਾ ਹੈ। ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਰਾਣਾ ਗਰੁੱਪ ਦੇ ਪ੍ਰਬੰਧਨ ਹੇਠ ਚੱਲ ਰਹੀ ਇਸ ਮਿੱਲ ਵੱਲੋਂ 2021-22 ਦੇ ਪਿੜਾਈ ਸੀਜ਼ਨ ਦੀ ਕਿਸਾਨਾਂ ਦੀ ਰਕਮ ਬਕਾਇਆ ਸੀ। ਕਟਾਰੂਚੱਕ ਨੇ ਕਿਹਾ ਕਿ ਕਿਸਾਨ ਆਪਣੀ ਫ਼ਸਲ ਮਿੱਲਾਂ ਨੂੰ ਵੇਚਣ ਤੋਂ ਬਾਅਦ ਸਮੇਂ ਸਿਰ ਅਦਾਇਗੀ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਕਿਸੇ ਵੀ ਤਰ੍ਹਾਂ ਦਾ ਸ਼ੋਸ਼ਣ ਬਰਦਾਸ਼ਤ ਨਹੀਂ ਕਰੇਗੀ ਅਤੇ ਮਿੱਲ ਪ੍ਰਬੰਧਕਾਂ ਨੂੰ ਬਕਾਇਆ ਰਕਮ ਤੁਰੰਤ ਜਾਰੀ ਕਰਨੀ ਚਾਹੀਦੀ ਹੈ। ਮੰਤਰੀ ਨੇ ਇਹ ਵੀ ਦੱਸਿਆ ਕਿ ਮਿੱਲ ਦੇ ਬਿਨਾਂ ਵੈਧ ਲਾਇਸੈਂਸ ਚੱਲਣ ਸਬੰਧੀ ਸ਼ਿਕਾਇਤਾਂ ਮਿਲੀਆਂ ਸਨ। ਉਨ੍ਹਾਂ ਕਿਹਾ ਕਿ ਲੋੜੀਂਦੀਆਂ ਕਾਨੂੰਨੀ ਸ਼ਰਤਾਂ ਪੂਰੀਆਂ ਕੀਤੇ ਬਿਨਾਂ ਕਿਸੇ ਵੀ ਮਿੱਲ ਨੂੰ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਪਰਾਲੀ ਪ੍ਰਬੰਧਨ, ਫ਼ਸਲਾਂ ਦੀ ਖ਼ਰੀਦ ਤੇ ਨਹਿਰੀ ਪਾਣੀ ਦੀ ਸਪਲਾਈ ਸਮੇਤ ਹਰ ਮੁੱਦੇ ’ਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ।

