Commotion outside a Sikh businessman’s restaurant in London; threats received for not selling Halal meat
ਲੰਡਨ ‘ਚ ਸਿੱਖ ਕਾਰੋਬਾਰੀ ਦੇ ਰੈਸਟੋਰੈਂਟ ਦੇ ਬਾਹਰ ਹੰਗਾਮਾ, ਹਲਾਲ ਮੀਟ ਨਾ ਵੇਚਣ ‘ਤੇ ਮਿਲੀਆਂ ਧਮਕੀਆਂ
ਲੰਡਨ (ਆਵਾਜ਼ਿ ਕੌਮ ਬਿਊਰੋ)- ਬ੍ਰਿਟੇਨ ਦੀ ਰਾਜਧਾਨੀ ਲੰਡਨ ਦੇ ਪੱਛਮੀ ਲੰਡਨ (ਹੈਮਰਸਮਿਥ) ਸਥਿਤ ਇਕ ਭਾਰਤੀ ਸਿੱਖ ਰੈਸਟੋਰੈਂਟ ‘ਚ ‘ਪ੍ਰਾਡਲੀ ਨਾਨ-ਹਲਾਲ (Proudly Non-halal) ਦਾ ਬੋਰਡ ਲਗਾਉਣ ਅਤੇ ਹਲਾਲ ਮੀਟ ਪਰੋਸਣ ਤੋਂ ਇਨਕਾਰ ਕਰਨ ਤੋਂ ਬਾਅਦ ਵੱਡਾ ਵਿਵਾਦ ਖੜ੍ਹਾ ਹੋ ਗਿਆ। ਸ਼ੁੱਕਰਵਾਰ ਰਾਤ ਨੂੰ ਸੈਂਕੜੇ ਪ੍ਰਦਰਸ਼ਨਕਾਰੀ ਇਸ ਰੈਸਟੋਰੈਂਟ ਦੇ ਬਾਹਰ ਇਕੱਠੇ ਹੋਏ, ਨਾਅਰੇਬਾਜ਼ੀ ਕੀਤੀ ਅਤੇ ਇਸ ਨੂੰ ਬੰਦ ਕਰਨ ਦੀ ਮੰਗ ਕੀਤੀ। ਮੈਟਰੋਪੋਲੀਟਨ ਪੁਲਸ ਦੇ ਅਧਿਕਾਰੀਆਂ ਨੂੰ ਭੀੜ ਨੂੰ ਰੈਸਟੋਰੈਂਟ ਤੋਂ ਦੂਰ ਰੱਖਣ ਅਤੇ ਸਥਿਤੀ ਨੂੰ ਕਾਬੂ ਵਿੱਚ ਲਿਆਉਣ ਲਈ ਸੁਰੱਖਿਆ ਘੇਰਾ ਬਣਾਉਣਾ ਪਿਆ। ਰਿਪੋਰਟਾਂ ਅਨੁਸਾਰ, ‘ਸਿੰਘਸ ਡਾਇਨਿੰਗ’ (ਜਿਸ ਨੂੰ ਪਹਿਲਾਂ ‘ਰੰਗਰੇਜ਼’ ਵਜੋਂ ਜਾਣਿਆ ਜਾਂਦਾ ਸੀ) ਦੇ ਮਾਲਕ ਹਰਮਨ ਸਿੰਘ ਕਪੂਰ ਨੇ ਆਪਣੇ ਰੈਸਟੋਰੈਂਟ ਦੇ ਬਾਹਰ ਹੱਥ ਨਾਲ ਲਿਖਿਆ ਇੱਕ ਬੋਰਡ ਲਗਾਇਆ ਸੀ, ਜਿਸ ‘ਤੇ ”(Proudly Non-halal)” ਲਿਖਿਆ ਸੀ। ਕਪੂਰ ਦੀਆਂ ਸੋਸ਼ਲ ਮੀਡੀਆ ਪੋਸਟਾਂ ਅਤੇ ਹਲਾਲ ਮਾਸ ਨਾ ਪਰੋਸਣ ਦੇ ਫੈਸਲੇ ਨੇ ਇਸ ਵਿਵਾਦ ਨੂੰ ਹੋਰ ਹਵਾ ਦੇ ਦਿੱਤੀ। ਰੈਸਟੋਰੈਂਟ ਦੇ ਬਾਹਰ ਇਕੱਠੀ ਹੋਈ ਭੀੜ ਵਿੱਚ ਮੁੱਖ ਤੌਰ ‘ਤੇ ਮਰਦ ਸ਼ਾਮਲ ਸਨ, ਜੋ ਫਲਸਤੀਨੀ ਝੰਡੇ ਲਹਿਰਾਉਂਦੇ ਅਤੇ ਨਾਅਰੇਬਾਜ਼ੀ ਕਰਦੇ ਦੇਖੇ ਗਏ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਰੈਸਟੋਰੈਂਟ ਬੰਦ ਕਰਨ ਦੀ ਮੰਗ ਕਰਦੇ ਹੋਏ ਦੇਖਿਆ ਗਿਆ। ਇਸ ਵਿਵਾਦ ਦੇ ਵਿਚਕਾਰ, ਮਸ਼ਹੂਰ ਬ੍ਰਿਟਿਸ਼ ਅਦਾਕਾਰ ਜੌਨ ਕਲੀਜ਼ (ਜੋ ‘ਫਾਲਟੀ ਟਾਵਰਜ਼’ ਲਈ ਜਾਣੇ ਜਾਂਦੇ ਹਨ), ਸਿੱਖ ਰੈਸਟੋਰੈਂਟ ਮਾਲਕ ਦੇ ਸਮਰਥਨ ਵਿੱਚ ਅੱਗੇ ਆਏ ਹਨ। ਉਨ੍ਹਾਂ ਨੇ ਮਾਲਕ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਨਿੱਜੀ ਸੁਰੱਖਿਆ ਗਾਰਡ ਤਾਇਨਾਤ ਕਰਨ ਦਾ ਖਰਚਾ ਚੁੱਕਿਆ ਹੈ। ਪ੍ਰਦਰਸ਼ਨ ਦੌਰਾਨ ਹਰਮਨ ਸਿੰਘ ਕਪੂਰ ਦੀ ਪਤਨੀ, ਖੁਸ਼ੀ ਕਪੂਰ ਨੇ ਰੈਸਟੋਰੈਂਟ ਦੀ ਖਿੜਕੀ ਵਿੱਚ ਇੱਕ ਬੋਰਡ ਫੜਿਆ ਹੋਇਆ ਸੀ, ਜਿਸ ‘ਤੇ ਲਿਖਿਆ ਸੀ: “ਜੌਨ ਕਲੀਜ਼ ਇਸ ਰੈਸਟੋਰੈਂਟ ਦੀ ਸੁਰੱਖਿਆ ਦਾ ਖਰਚਾ ਚੁੱਕ ਰਹੇ ਹਨ, ਕਿਉਂਕਿ ਮੈਟਰੋਪੋਲੀਟਨ ਪੁਲਸ ਸੁਰੱਖਿਆ ਪ੍ਰਦਾਨ ਕਰਨ ਵਿੱਚ ਅਸਫਲ ਰਹੀ ਹੈ।” ਦੂਜੇ ਪਾਸੇ, ਕਪੂਰ ਦਾ ਦਾਅਵਾ ਹੈ ਕਿ ਉਸਦੀ ‘ਹਲਾਲ’ ਨੀਤੀ ਅਤੇ ਸੋਸ਼ਲ ਮੀਡੀਆ ਪੋਸਟਾਂ ਕਾਰਨ, ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਸੈਂਕੜੇ ਧਮਕੀਆਂ ਮਿਲੀਆਂ ਹਨ, ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ ਹੈ ਅਤੇ ਹਿੰਸਾ ਦੀਆਂ ਚੇਤਾਵਨੀਆਂ ਦਿੱਤੀਆਂ ਗਈਆਂ ਹਨ। ਇੱਥੋਂ ਤੱਕ ਕਿ ਰੈਸਟੋਰੈਂਟ ਦੀਆਂ ਖਿੜਕੀਆਂ ‘ਤੇ ਆਂਡੇ ਵੀ ਸੁੱਟੇ ਗਏ ਹਨ। ਇਸ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਤੈਅ ਕੀਤੇ ਗਏ ਰੋਸ ਪ੍ਰਦਰਸ਼ਨ ਤੋਂ ਕੁਝ ਘੰਟੇ ਪਹਿਲਾਂ ਹੀ ਇੱਕ ਵੱਡਾ ਮੋੜ ਆਇਆ, ਜਦੋਂ ਪੁਲਸ ਨੇ 54 ਸਾਲਾ ਹਰਮਨ ਸਿੰਘ ਕਪੂਰ ਨੂੰ ਉਸਦੇ ਘਰੋਂ ਗ੍ਰਿਫ਼ਤਾਰ ਕਰ ਲਿਆ। ਮੈਟਰੋਪੋਲੀਟਨ ਪੁਲਸ ਦੇ ਇੱਕ ਬੁਲਾਰੇ ਅਨੁਸਾਰ, 54 ਸਾਲਾ ਵਿਅਕਤੀ ਨੂੰ 13 ਨਵੰਬਰ ਨੂੰ ਇੱਕ ‘ਇਤਰਾਜ਼ਯੋਗ ਤਸਵੀਰ’ (extreme image) ਰੱਖਣ ਅਤੇ ਵੰਡਣ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹੱਥਕੜੀ ਲੱਗੀ ਹਾਲਤ ਵਿੱਚ ਪੁਲਸ ਗੱਡੀ ਦੇ ਅੰਦਰੋਂ ਆਪਣੀ ਇੱਕ ਵੀਡੀਓ ਸਾਂਝੀ ਕਰਦਿਆਂ ਕਪੂਰ ਨੇ ਦੱਸਿਆ ਕਿ ਉਸਨੇ ਪੁਲਸ ਕੋਲ ਵਾਰ-ਵਾਰ ਸੁਰੱਖਿਆ ਲਈ ਬੇਨਤੀ ਕੀਤੀ ਸੀ। ਮਦਦ ਮਿਲਣ ਦੀ ਬਜਾਏ, ਉਸ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਕਾਰਨ ਉਸਦਾ ਪਰਿਵਾਰ ਸੁਰੱਖਿਆ ਖਤਰਿਆਂ ਦਾ ਸਾਹਮਣਾ ਕਰਨ ਲਈ ਇਕੱਲਾ ਰਹਿ ਗਿਆ ਹੈ। ਉਸਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਕਾਰੋਬਾਰ ਨੂੰ ਸਿਰਫ਼ ਇਸ ਕਰਕੇ ਤੰਗ-ਪ੍ਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ ਜਾਂ ਧਮਕੀਆਂ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ ਕਿਉਂਕਿ ਉਨ੍ਹਾਂ ਨੇ ਆਪਣੀ ਪਸੰਦ ਦਾ ਭੋਜਨ ਵੇਚਣ ਦਾ ਫੈਸਲਾ ਕੀਤਾ ਹੈ।

