XUV looted at gunpoint in Pathankot! High alert in Punjab and Jammu
ਪਠਾਨਕੋਟ ‘ਚ ਬੰਦੂਕ ਦੀ ਨੋਕ ‘ਤੇ XUV ਲੁੱਟੀ! ਪੰਜਾਬ-ਜੰਮੂ ‘ਚ ਹਾਈ ਅਲਰਟ
ਪਠਾਨਕੋਟ (ਆਵਾਜ਼ਿ ਕੌਮ ਬਿਊਰੋ)-ਪਠਾਨਕੋਟ-ਜੰਮੂ ਰਾਸ਼ਟਰੀ ਰਾਜਮਾਰਗ ’ਤੇ ਪਠਾਨਕੋਟ ਸ਼ਹਿਰ ਦੇ ਡਾਊਨਟਾਊਨ ਇਲਾਕੇ ਨੇੜੇ ਬੰਦੂਕ ਦੀ ਨੋਕ ’ਤੇ ਇੱਕ ਚਿੱਟੀ ਮਹਿੰਦਰਾ XUV-500 ਕਾਰ ਲੁੱਟੇ ਜਾਣ ਦੀ ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਪੰਜਾਬ ਅਤੇ ਜੰਮੂ-ਕਸ਼ਮੀਰ ਪੁਲਸ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਖਾਸ ਕਰਕੇ ਪਠਾਨਕੋਟ ਤੋਂ ਕਠੂਆ, ਸਾਂਬਾ ਅਤੇ ਜੰਮੂ ਵੱਲ ਜਾਣ ਵਾਲੇ ਰਾਸ਼ਟਰੀ ਰਾਜਮਾਰਗ ’ਤੇ ਪੁਲਸ ਚੌਕੀਆਂ ਅਤੇ ਨਾਕਿਆਂ ’ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਪੁਲਸ ਕੰਟਰੋਲ ਰੂਮ (ਪੀਸੀਆਰ) ਜੰਮੂ ਵੱਲੋਂ ਜਾਰੀ ਅਲਰਟ ਅਨੁਸਾਰ ਕੁਝ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਬੰਦੂਕ ਦੀ ਨੋਕ ’ਤੇ ਇੱਕ ਡਰਾਈਵਰ ਤੋਂ ਕਾਰ ਖੋਹਣ ਦੀ ਸੂਚਨਾ ਮਿਲੀ ਹੈ। ਲੁੱਟੀ ਗਈ ਕਾਰ ਦਾ ਰਜਿਸਟ੍ਰੇਸ਼ਨ ਨੰਬਰ PB35AA-9902 ਦੱਸਿਆ ਜਾ ਰਿਹਾ ਹੈ। ਇਹ ਚਿੱਟੇ ਰੰਗ ਦੀ ਮਹਿੰਦਰਾ XUV-500 ਹੈ ਅਤੇ ਜਾਣਕਾਰੀ ਅਨੁਸਾਰ ਇਹ ਕਾਰ ਸਰਹੱਦੀ ਖੇਤਰ ਬਮਿਆਲ ਦੇ ਇੱਕ ਨਿਵਾਸੀ ਦੀ ਹੈ। ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ। ਪਠਾਨਕੋਟ ਤੋਂ ਕਠੂਆ, ਸਾਂਬਾ ਅਤੇ ਜੰਮੂ ਤੱਕ ਜਾਣ ਵਾਲੇ ਮਾਰਗਾਂ ’ਤੇ ਨਾਕਾਬੰਦੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਾਰੇ ਸਬੰਧਤ ਥਾਣਿਆਂ ਦੇ ਮੁਖੀਆਂ, ਪੁਲਸ ਚੌਕੀਆਂ ਅਤੇ ਪੀਸੀਆਰ ਟੀਮਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਹਾਈਵੇਅ ’ਤੇ ਤਾਇਨਾਤ ਗਸ਼ਤ ਟੀਮਾਂ ਨੂੰ ਖਾਸ ਤੌਰ ’ਤੇ ਚਿੱਟੇ ਰੰਗ ਦੀਆਂ XUV-500 ਗੱਡੀਆਂ ਦੀ ਬਾਰੀਕੀ ਨਾਲ ਜਾਂਚ ਕਰਨ ਅਤੇ ਕਿਸੇ ਵੀ ਸ਼ੱਕੀ ਵਾਹਨ ਨੂੰ ਤੁਰੰਤ ਰੋਕਣ ਲਈ ਕਿਹਾ ਗਿਆ ਹੈ। ਪੁਲਸ ਵੱਲੋਂ ਜਾਰੀ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਜੇਕਰ ਉਕਤ ਵਾਹਨ ਜਾਂ ਇਸ ਨਾਲ ਸਬੰਧਤ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੀਸੀਆਰ ਰਿਆਸੀ ਨੂੰ ਸੂਚਿਤ ਕੀਤਾ ਜਾਵੇ। ਉੱਧਰ, ਖੁਫੀਆ ਏਜੰਸੀਆਂ ਵੱਲੋਂ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਸਰਹੱਦੀ ਇਲਾਕੇ ਨਾਲ ਸਬੰਧਤ ਕਾਰ ਹੋਣ ਕਾਰਨ ਇਸ ਗੱਲ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਲੁੱਟੀ ਗਈ ਗੱਡੀ ਦੀ ਵਰਤੋਂ ਕਿਸੇ ਅਪਰਾਧਿਕ ਜਾਂ ਅੱਤਵਾਦੀ ਗਤੀਵਿਧੀ ਵਿੱਚ ਕੀਤੀ ਜਾ ਸਕਦੀ ਹੈ। ਨਸ਼ਾ ਤਸਕਰੀ ਨਾਲ ਜੁੜੇ ਲੋਕਾਂ ਦੀ ਸ਼ਮੂਲੀਅਤ ਦੀ ਸੰਭਾਵਨਾ ਨੂੰ ਵੀ ਜਾਂਚ ਦੇ ਘੇਰੇ ਵਿੱਚ ਰੱਖਿਆ ਗਿਆ ਹੈ, ਹਾਲਾਂਕਿ ਅਜੇ ਤੱਕ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਹੋਈ ਹੈ। ਇਸ ਸਬੰਧੀ ਸੁਜਾਨਪੁਰ ਥਾਣੇ ਦੇ ਇੰਚਾਰਜ ਅਰੁਣ ਸ਼ਰਮਾ ਨੇ ਕਾਰ ਲੁੱਟੇ ਜਾਣ ਦੀ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਅਣਪਛਾਤੇ ਹਮਲਾਵਰਾਂ ਦੀ ਪਛਾਣ ਕਰਨ ਅਤੇ ਲੁੱਟੀ ਗਈ ਕਾਰ ਦਾ ਪਤਾ ਲਗਾਉਣ ਲਈ ਪੁਲਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।

