Crackdown on truck drivers in the US! 34,000 drivers removed from duty
ਅਮਰੀਕਾ ‘ਚ ਟਰੱਕ ਡਰਾਈਵਰਾਂ ‘ਤੇ ਸਖ਼ਤੀ ! 34,000 ਡਰਾਈਵਰ ਡਿਊਟੀ ਤੋਂ ਕੀਤੇ ਲਾਂਭੇ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਨੇ ਸੜਕ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਟਰੱਕ ਡਰਾਈਵਰਾਂ ‘ਤੇ ਸਖ਼ਤੀ ਵਧਾ ਦਿੱਤੀ ਹੈ। ਵਾਸ਼ਿੰਗਟਨ ਵਿੱਚ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਨਿਯਮਾਂ ਵਿਚ ਸਖ਼ਤੀ ਨਾਲ ਸਥਿਤੀ ਵਿਚ ਸੁਧਾਰ ਹੋਇਆ ਹੈ। ਅਮਰੀਕੀ ਪ੍ਰਸ਼ਾਸਨ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਅੰਗਰੇਜ਼ੀ ਭਾਸ਼ਾ ਦੀ ਯੋਗਤਾ ਸ਼ਰਤਾਂ ਪੂਰੀਆਂ ਨਾ ਕਰਨ ਕਰਕੇ 34,000 ਡਰਾਈਵਰਾਂ ਨੂੰ ਸੇਵਾ ਤੋਂ ਬਾਹਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗ਼ਲਤ ਢੰਗ ਨਾਲ ਜਾਰੀ ਕੀਤੇ ਗਏ 31,000 ਤੋਂ ਵੱਧ ਕਮਰਸ਼ੀਅਲ ਡਰਾਈਵਿੰਗ ਲਾਇਸੈਂਸਾਂ (CDL) ਨੂੰ ਰੱਦ ਕੀਤਾ ਗਿਆ ਹੈ। ਇਹ ਅੰਕੜੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਬਚਾਅ ਵਿੱਚ ਵ੍ਹਾਈਟ ਹਾਊਸ ਵੱਲੋਂ ਜਾਰੀ ਕੀਤੇ ਗਏ ਇੱਕ ਵਿਆਪਕ ਬਿਆਨ ਦਾ ਹਿੱਸਾ ਹਨ। ਅਮਰੀਕਾ ਦੀ ਨਾਗਰਿਕ ਅਧਿਕਾਰ ਸੰਸਥਾ ‘ਸਿੱਖ ਕੋਏਲਿਸ਼ਨ’ ਨੇ ਦੱਸਿਆ ਕਿ ਅਮਰੀਕਾ ਵਿੱਚ ਰਹਿਣ ਵਾਲੀ ਸਿੱਖ ਆਬਾਦੀ ਦਾ ਇੱਕ ਵੱਡਾ ਹਿੱਸਾ ਟਰਕਿੰਗ ਖੇਤਰ ਵਿੱਚ ਕੰਮ ਕਰਦਾ ਹੈ। ਸੰਸਥਾ ਨੇ ਸੁਰੱਖਿਆ ਦੇ ਮੱਦੇਨਜ਼ਰ ਬੁਨਿਆਦੀ ਅੰਗਰੇਜ਼ੀ ਭਾਸ਼ਾ ਦੀ ਯੋਗਤਾ ਦਾ ਸਮਰਥਨ ਕੀਤਾ ਹੈ, ਪਰ ਇਸ ਦੇ ਨਾਲ ਹੀ ਸਿੱਖ ਅਤੇ ਪੰਜਾਬੀ ਡਰਾਈਵਰਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਤੋਂ ਬਚਾਅ ਲਈ ਠੋਸ ਸੁਰੱਖਿਆ ਉਪਾਵਾਂ ਦੀ ਮੰਗ ਕੀਤੀ ਹੈ। ਸਰਕਾਰੀ ਅੰਕੜਿਆਂ ਵਿੱਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਪ੍ਰਭਾਵਿਤ ਡਰਾਈਵਰਾਂ ਵਿੱਚੋਂ ਕਿੰਨੇ ਸਿੱਖ, ਭਾਰਤੀ ਮੂਲ ਦੇ ਜਾਂ ਅਮਰੀਕੀ ਨਾਗਰਿਕ ਹਨ। ਇਸ ਤੋਂ ਇਲਾਵਾ ਪ੍ਰਸ਼ਾਸਨ ਅਨੁਸਾਰ ਅੰਗਰੇਜ਼ੀ ਯੋਗਤਾ ਸ਼ਰਤ ਪੂਰੀ ਨਾ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਸਬੰਧਤ ਡਰਾਈਵਰ ਗੈਰ-ਕਾਨੂੰਨੀ ਇਮੀਗ੍ਰੇਸ਼ਨ ਸਥਿਤੀ ਵਿੱਚ ਹੈ। ਵ੍ਹਾਈਟ ਹਾਊਸ ਨੇ ਇਨ੍ਹਾਂ ਸਖ਼ਤ ਕਦਮਾਂ ਨੂੰ 2026 ਦੀ ਪਹਿਲੀ ਛਮਾਹੀ ਦੌਰਾਨ ਸੜਕੀ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਆਈ ਕਮੀ ਨਾਲ ਜੋੜਿਆ ਹੈ। ‘ਨੈਸ਼ਨਲ ਹਾਈਵੇਅ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ’ (NHTSA) ਦੇ ਅਨੁਮਾਨਾਂ ਅਨੁਸਾਰ ਜਨਵਰੀ ਤੋਂ ਜੂਨ 2026 ਦਰਮਿਆਨ 16,750 ਮੌਤਾਂ ਦਰਜ ਕੀਤੀਆਂ ਗਈਆਂ, ਜੋ ਕਿ 2025 ਦੀ ਇਸੇ ਮਿਆਦ (17,175) ਦੇ ਮੁਕਾਬਲੇ 2.5 ਫੀਸਦੀ ਘੱਟ ਹਨ। ਹਾਲਾਂਕਿ, NHTSA ਨੇ ਆਪਣੀ ਰਿਪੋਰਟ ਵਿੱਚ ਇਹ ਸਪੱਸ਼ਟ ਨਹੀਂ ਕੀਤਾ ਕਿ ਇਮੀਗ੍ਰੇਸ਼ਨ ਸਖ਼ਤੀ ਜਾਂ ਟਰੱਕ ਡਰਾਈਵਿੰਗ ਪਾਬੰਦੀਆਂ ਦਾ ਇਸ ਗਿਰਾਵਟ ਵਿੱਚ ਕਿੰਨਾ ਯੋਗਦਾਨ ਰਿਹਾ ਹੈ। ਬਿਆਨ ਵਿੱਚ ਵ੍ਹਾਈਟ ਹਾਊਸ ਨੇ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਵਿੱਤੀ ਸਾਲ 2026 ਦੌਰਾਨ 4,91,000 ਤੋਂ ਵੱਧ ਇਮੀਗ੍ਰੇਸ਼ਨ ਗ੍ਰਿਫ਼ਤਾਰੀਆਂ ਅਤੇ 4,83,000 ਡਿਪੋਰਟੇਸ਼ਨਾਂ ਕੀਤੀਆਂ ਗਈਆਂ ਹਨ। ਪ੍ਰਸ਼ਾਸਨ ਅਨੁਸਾਰ 2025 ਦੌਰਾਨ ਹਿੰਸਕ ਅਪਰਾਧਾਂ ਵਿੱਚ 9.3 ਫੀਸਦੀ ਅਤੇ ਕਤਲ ਦੇ ਮਾਮਲਿਆਂ ਵਿੱਚ 18.1 ਫੀਸਦੀ ਦੀ ਕਮੀ ਆਈ ਹੈ। ਇਸ ਤੋਂ ਇਲਾਵਾ 1,57,000 ਬਿਨਾਂ ਮਾਪਿਆਂ ਵਾਲੇ ਪ੍ਰਵਾਸੀ ਬੱਚਿਆਂ ਦੀ ਪਛਾਣ ਕੀਤੀ ਗਈ ਹੈ ਅਤੇ 7,200 ਤੋਂ ਵੱਧ ਬੱਚਿਆਂ ਨੂੰ ਮਾਨਵ ਤਸਕਰਾਂ ਤੋਂ ਛੁਡਵਾਇਆ ਗਿਆ ਹੈ।

