NATO on the verge of collapse! Russia sets major conditions to end the war with Ukraine
ਟੁੱਟਣ ਜਾ ਰਿਹੈ NATO ! ਰੂਸ ਨੇ ਯੂਕ੍ਰੇਨ ਨਾਲ ਜੰਗ ਖ਼ਤਮ ਕਰਨ ਲਈ ਰੱਖੀਆਂ ਵੱਡੀਆਂ ਸ਼ਰਤਾਂ
Ukrain, (ਆਵਾਜ਼ਿ ਕੌਮ ਬਿਊਰੋ)-ਯੂਕ੍ਰੇਨ ਜੰਗ ਖ਼ਤਮ ਕਰਨ ਲਈ ਅਮਰੀਕਾ ਦੀ ਵਿਚੋਲਗੀ ਹੇਠ ਚੱਲ ਰਹੀ ਸ਼ਾਂਤੀ ਵਾਰਤਾ ਵਿਚਾਲੇ ਰੂਸ ਨੇ ਅਜਿਹੀਆਂ ਸ਼ਰਤਾਂ ਰੱਖ ਦਿੱਤੀਆਂ ਹਨ, ਜਿਨ੍ਹਾਂ ਨਾਲ ਪੂਰੇ ਯੂਰਪ ਦੀ ਸੁਰੱਖਿਆ ਵਿਵਸਥਾ ’ਤੇ ਸੰਕਟ ਖੜ੍ਹਾ ਹੋ ਸਕਦਾ ਹੈ। ਰੂਸ ਚਾਹੁੰਦਾ ਹੈ ਕਿ ਨਾਟੋ ਆਪਣੇ ਫੌਜੀਆਂ ਨੂੰ ਮੱਧ ਅਤੇ ਪੂਰਬੀ ਯੂਰਪ ਤੋਂ ਵਾਪਸ ਬੁਲਾਵੇ ਅਤੇ ਭਵਿੱਖ ’ਚ ਗੱਠਜੋੜ ਦਾ ਵਿਸਥਾਰ ਰੋਕਣ ’ਤੇ ਸਹਿਮਤੀ ਦੇਵੇ। ਇੰਨਾ ਹੀ ਨਹੀਂ, ਮਾਸਕੋ ਵੱਖ-ਵੱਖ ਯੂਰਪੀ ਦੇਸ਼ਾਂ ਨਾਲ ਗ਼ੈਰ-ਹਮਲਾਵਰ ਸਮਝੌਤੇ ਕਰਨਾ ਚਾਹੁੰਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਰੂਸ ਦੀਆਂ ਇਨ੍ਹਾਂ ਮੰਗਾਂ ਦਾ ਅਸਲ ਮਕਸਦ ਯੂਕ੍ਰੇਨ ਜੰਗ ਦਾ ਹੱਲ ਕੱਢਣਾ ਨਹੀਂ, ਸਗੋਂ ਨਾਟੋ ਦੀ ਇਕਜੁੱਟਤਾ ਕਮਜ਼ੋਰ ਕਰਨਾ ਅਤੇ ਯੂਰਪ ਨੂੰ ਸਮੂਹਿਕ ਸੁਰੱਖਿਆ ਵਿਵਸਥਾ ਤੋਂ ਵੱਖ ਕਰਨਾ ਹੈ। ਰਿਪੋਰਟ ਮੁਤਾਬਕ ਆਬੂਧਾਬੀ ਵਿਚ ਰੂਸ, ਯੂਕ੍ਰੇਨ ਅਤੇ ਅਮਰੀਕਾ ਵਿਚਾਲੇ ਹੋਈ ਤਿੰਨ-ਪੱਖੀ ਵਾਰਤਾ ਵਿਚ ਰੂਸੀ ਪ੍ਰਤੀਨਿਧੀਆਂ ਨੇ ਇਹ ਮੰਗਾਂ ਅਮਰੀਕੀ ਵਿਸ਼ੇਸ਼ ਦੂਤ ਜੈਰੇਡ ਕੁਸ਼ਨਰ ਅਤੇ ਸਟੀਵ ਵਿਟਕੌਫ਼ ਦੇ ਸਾਹਮਣੇ ਰੱਖੀਆਂ। ਰੂਸ ਨੇ ਯੂਕ੍ਰੇਨ ਦੇ ਉਸ ਮਤੇ ਨੂੰ ਸਵੀਕਾਰ ਨਹੀਂ ਕੀਤਾ, ਜਿਸ ’ਚ ਮੌਜੂਦਾ ਮੋਰਚਿਆਂ ’ਤੇ ਜੰਗ ਰੋਕਣ ਦੀ ਗੱਲ ਕਹੀ ਗਈ ਸੀ। ਇਸ ਦੀ ਬਜਾਏ ਮਾਸਕੋ ਨੇ ਨਾਟੋ ਦੇ ਫੌਜੀਆਂ ਦੀ ਵਾਪਸੀ ਅਤੇ ਉਸ ਦੇ ਅੱਗੇ ਵਿਸਥਾਰ ’ਤੇ ਰੋਕ ਲਾਉਣ ਦੀ ਮੰਗ ਉਠਾਈ। ਰੂਸੀ ਵਾਰਤਾਕਾਰ ਅਲੈਕਸੀ ਡ੍ਰੋਬਿਨਿਨ ਨੇ ਵੱਖ-ਵੱਖ ਨਾਟੋ ਮੈਂਬਰ ਦੇਸ਼ਾਂ ਨਾਲ ਸੁਰੱਖਿਆ ਗਾਰੰਟੀ ਵਾਲੇ ਸਮਝੌਤੇ ਕਰਨ ਦੀ ਸੰਭਾਵਨਾ ਵੀ ਪ੍ਰਗਟਾਈ ਹੈ। ਨਾਟੋ ਦੀ ਸਭ ਤੋਂ ਵੱਡੀ ਤਾਕਤ ਉਸ ਦਾ ਸਮੂਹਿਕ ਸੁਰੱਖਿਆ ਸਿਧਾਂਤ ਹੈ। ਇਸ ਤਹਿਤ ਕਿਸੇ ਇਕ ਮੈਂਬਰ ਦੇਸ਼ ’ਤੇ ਹਮਲਾ ਪੂਰੇ ਗੱਠਜੋੜ ’ਤੇ ਹਮਲਾ ਮੰਨਿਆ ਜਾਂਦਾ ਹੈ। ਰੂਸ ਜੇ ਵੱਖ-ਵੱਖ ਯੂਰਪੀ ਦੇਸ਼ਾਂ ਨਾਲ ਸਮਝੌਤੇ ਕਰਨ ’ਚ ਸਫਲ ਹੁੰਦਾ ਹੈ ਤਾਂ ਇਸ ਵਿਵਸਥਾ ਵਿਚ ਤ੍ਰੇੜ ਪੈ ਸਕਦੀ ਹੈ। ਰੂਸ ਦੇ ਸਾਬਕਾ ਡਿਪਲੋਮੈਟ ਬੋਰਿਸ ਬੋਂਦਾਰੇਵ ਮੁਤਾਬਕ, ਅਜਿਹੀਆਂ ਸੰਧੀਆਂ ਨਾਲ ਯੂਰਪੀ ਦੇਸ਼ ਰੂਸ ਦੇ ਸਾਹਮਣੇ ਵੱਖ-ਵੱਖ ਖੜ੍ਹੇ ਹੋ ਜਾਣਗੇ ਅਤੇ ਨਾਟੋ ਦੀ ਇਕਜੁੱਟਤਾ ਖ਼ਤਮ ਹੋ ਸਕਦੀ ਹੈ। ਉਨ੍ਹਾਂ ਅਨੁਸਾਰ, ਰੂਸ ਦੀ ਕੋਸ਼ਿਸ਼ ਬਿਨਾਂ ਜੰਗ ਲੜੇ ਯੂਰਪ ਨੂੰ ਆਪਣੀਆਂ ਸ਼ਰਤਾਂ ਮੰਨਣ ਲਈ ਮਜਬੂਰ ਕਰਨ ਦੀ ਹੈ। ਯੂਕ੍ਰੇਨ ਦੇ ਰਣਨੀਤਕ ਮਾਹਿਰਾਂ ਦਾ ਕਹਿਣਾ ਹੈ ਕਿ ਰੂਸ ਜਾਣਬੁੱਝ ਕੇ ਯੂਰਪੀ ਨੇਤਾਵਾਂ ਦੀ ਬਜਾਏ ਅਮਰੀਕਾ ਨਾਲ ਗੱਲਬਾਤ ਕਰ ਰਿਹਾ ਹੈ। ਉਸ ਦੀਆਂ ਵੱਧ ਤੋਂ ਵੱਧ ਮੰਗਾਂ ਵਾਰਤਾ ਨੂੰ ਲੰਬਾ ਖਿੱਚਣ ਅਤੇ ਆਪਣੇ ਹਿੱਤਾਂ ਅਨੁਸਾਰ ਸਿਆਸੀ ਮਾਹੌਲ ਤਿਆਰ ਕਰਨ ਦਾ ਤਰੀਕਾ ਹੋ ਸਕਦੀਆਂ ਹਨ। ਯੂਕ੍ਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਵੀ ਰੂਸ ਦੀਆਂ ਮੰਗਾਂ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਹੈ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਖਰੀ ਹੀ ਹਕੀਕਤ ’ਚ ਜੀਅ ਰਹੇ ਹਨ।

