‘Perhaps I might not return alive, but…!’ A major revelation by Imran Khan, who is currently in jail
‘ਸ਼ਾਇਦ ਮੈਂ ਜ਼ਿੰਦਾ ਵਾਪਸ ਨਾ ਪਰਤਾਂ ਪਰ…!’ ਜੇਲ੍ਹ ‘ਚ ਬੰਦ ਇਮਰਾਨ ਖ਼ਾਨ ਦਾ ਵੱਡਾ ਖੁਲਾਸਾ
ਇਸਲਾਮਾਬਾਦ (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਦੀ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੀ ਵਿਗੜਦੀ ਸਿਹਤ ਕਾਰਨ ਅਜਿਹੀ ਸਥਿਤੀ ਆ ਸਕਦੀ ਹੈ, ਜਿੱਥੋਂ ਉਹ ‘ਜ਼ਿੰਦਾ ਵਾਪਸ ਨਹੀਂ ਪਰਤ ਸਕਣਗੇ।’ ਇਸ ਦੌਰਾਨ ਉਨ੍ਹਾਂ ਨੇ ਦੇਸ਼ ਦੇ ਚੋਟੀ ਦੇ ਜੱਜਾਂ ਨੂੰ ਆਪਣੀ ਅਤੇ ਆਪਣੀ ਪਤਨੀ ਬੁਸ਼ਰਾ ਬੀਬੀ ਲਈ ਇਲਾਜ ਯਕੀਨੀ ਬਣਾਉਣ ਦੀ ਅਪੀਲ ਕੀਤੀ। ਖ਼ਾਨ ਨੇ ਸੋਮਵਾਰ ਨੂੰ ਜਨਤਕ ਕੀਤੇ ਗਏ ਇਕ ਖੁੱਲ੍ਹੇ ਪੱਤਰ ’ਚ ਪਾਕਿਸਤਾਨ ਦੀ ਸੁਪਰੀਮ ਕੋਰਟ, ਸੰਘੀ ਸੰਵਿਧਾਨਕ ਅਦਾਲਤ ਅਤੇ ਇਸਲਾਮਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸਾਂ ਨੂੰ ਆਪਣੇ ਇਲਾਜ ਅਤੇ ਜੇਲ੍ਹ ਦੇ ਹਾਲਾਤ ਨਾਲ ਸਬੰਧਤ ਅਦਾਲਤ ਦੇ ਪਿਛਲੇ ਹੁਕਮਾਂ ਨੂੰ ਲਾਗੂ ਕਰਨ ਦੀ ਬੇਨਤੀ ਕੀਤੀ। ਇਮਰਾਨ ਖ਼ਾਨ ਦੇ ਵਕੀਲ ਸਲਮਾਨ ਸਫਦਰ ਨੇ ਪਿਛਲੇ ਹਫ਼ਤੇ ਅਦਿਆਲਾ ਜੇਲ੍ਹ ’ਚ ਉਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ‘ਐਕਸ’ ’ਤੇ ਇਹ ਪੱਤਰ ਸਾਂਝਾ ਕੀਤਾ। ਖ਼ਾਨ ਨੇ 11 ਨਵੰਬਰ ਨੂੰ ਹੋਈ ਇਸ ਮੁਲਾਕਾਤ ਦੌਰਾਨ ਸਫਦਰ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਦੇ ਸ਼ਬਦਾਂ ਨੂੰ ‘ਆਪਣੇ ਸਤਿਕਾਰਯੋਗ ਜੱਜਾਂ ਤੱਕ ਪਹੁੰਚਾਉਣ।’ ਸਫਦਰ ਨੇ ਪੱਤਰ ਵਿਚ ਲਿਖਿਆ, ‘‘ਮੈਂ ਇਹ ਪੱਤਰ ਪੂਰੀ ਇਮਾਨਦਾਰੀ ਨਾਲ ਅਤੇ ਸਿਰਫ਼ ਇਨ੍ਹਾਂ ਹਦਾਇਤਾਂ ਤਹਿਤ ਪਹੁੰਚਾਇਆ ਹੈ। ਅੱਗੇ ਲਿਖੇ ਗਏ ਸ਼ਬਦ ਉਨ੍ਹਾਂ (ਖ਼ਾਨ) ਦੇ ਹਨ।’’ ਇਸ ਪੱਤਰ ’ਤੇ ਸਫਦਰ ਦੇ ਦਸਤਖ਼ਤ ਵੀ ਹਨ। ਸਾਬਕਾ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਖ਼ਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸੰਸਥਾਪਕ ਹਨ। ਉਹ 2023 ਤੋਂ ਜੇਲ੍ਹ ਵਿਚ ਬੰਦ ਹਨ ਅਤੇ ਭ੍ਰਿਸ਼ਟਾਚਾਰ ਤੇ ਹਿੰਸਾ ਭੜਕਾਉਣ ਦੇ ਦੋਸ਼ਾਂ ਸਮੇਤ 100 ਤੋਂ ਵੱਧ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ 17 ਜਨਵਰੀ 2025 ਨੂੰ ਇਕ ਵੱਖਰੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ’ਚ ਜੋੜੇ ਨੂੰ ਸਜ਼ਾ ਸੁਣਾਈ ਗਈ ਸੀ।

