Action being prepared against a Punjab Police SHO! Court issues strict orders
ਪੰਜਾਬ ਪੁਲਸ ਦੇ SHO ਖ਼ਿਲਾਫ਼ ਐਕਸ਼ਨ ਦੀ ਤਿਆਰੀ! ਅਦਾਲਤ ਵੱਲੋਂ ਸਖ਼ਤ ਹੁਕਮ ਜਾਰੀ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਅਦਾਲਤੀ ਹੁਕਮਾਂ ਦੀ ਪਾਲਣਾ ਨਾ ਕਰਨਾ ਇਕ ਥਾਣਾ ਮੁਖੀ ਨੂੰ ਭਾਰੀ ਪੈ ਗਿਆ। ਲੁਧਿਆਣਾ ਦੀ ਅਦਾਲਤ ਨੇ ਲੰਮੇ ਸਮੇਂ ਤੋਂ ਧਾਰਾ 202 ਸੀ. ਆਰ. ਪੀ. ਸੀ. ਤਹਿਤ ਮੰਗੀ ਜਾ ਰਹੀ ਪੁਲਸ ਰਿਪੋਰਟ ਪੇਸ਼ ਨਾ ਕਰਨ ਅਤੇ ਅਦਾਲਤੀ ਹੁਕਮਾਂ ਦੇ ਬਾਵਜੂਦ ਅਦਾਲਤ ਵਿਚ ਪੇਸ਼ ਨਾ ਹੋਣ ਦੇ ਮਾਮਲੇ ਵਿਚ ਮਾਡਲ ਟਾਊਨ ਥਾਣੇ ਦੇ ਸਬੰਧਤ SHO ਨੂੰ ਭਗੋੜਾ ਐਲਾਨ ਦਿੱਤਾ ਹੈ। ਅਦਾਲਤ ਨੇ ਇਸ ਕਾਰਵਾਈ ਦੀ ਸੂਚਨਾ ਪੁਲਸ ਕਮਿਸ਼ਨਰ, ਲੁਧਿਆਣਾ ਨੂੰ ਵੀ ਭੇਜ ਦਿੱਤੀ ਹੈ ਤੇ ਕਾਨੂੰਨ ਮੁਤਾਬਕ ਇਸ ‘ਤੇ ਮਾਮਲਾ ਦਰਜ ਕਰਨ ਲਈ ਕਿਹਾ ਹੈ। ਅਦਾਲਤ ਨੇ ਇਲਾਕੇ ਦੇ ACP ਨੂੰ ਵੀ ਇਸ ਦੀ ਸੂਚਨਾ ਭੇਜੀ ਹੈ। ਇਹ ਕਾਰਵਾਈ ਰਮਨਦੀਪ ਕੌਰ ਉਰਫ਼ ਗੁਰਮੀਤ ਕੌਰ ਬਨਾਮ ਰਸ਼ਪਾਲ ਸਿੰਘ ਮਾਮਲੇ ਵਿਚ ਕੀਤੀ ਗਈ ਹੈ। ਮਾਮਲੇ ਦੀ ਸ਼ੁਰੂਆਤ 6 ਫ਼ਰਵਰੀ 2025 ਨੂੰ ਹੋਈ, ਜਦੋਂ ਨਿਆਂਇਕ ਮੈਜੀਸਟ੍ਰੇਟ ਪ੍ਰਥਣ ਸ਼੍ਰੇਣੀ ਰਵੀਪਾਲ ਸਿੰਘ ਦੀ ਅਦਾਲਤ ਨੇ ਸੰਮਨ ਜਾਰੀ ਕਰਨ ਦੇ ਮੁੱਦੇ ‘ਤੇ ਸੁਣਵਾਈ ਦੌਰਾਨ ਵੇਖਿਆ ਕਿ ਪਹਿਲਾਂ ਧਾਰਾ 202(1) Cr.P.C. ਦੇ ਤਹਿਤ ਪੁਲਸ ਰਿਪੋਰਟ ਨਹੀਂ ਮੰਗਵਾਈ ਗਈ ਸੀ। ਇਸ ‘ਤੇ ਸਬੰਧਤ SHO/ ਜਾਂਚ ਅਧਿਕਾਰੀ ਤੋਂ ਰਿਪੋਰਟ ਤਲਬ ਕੀਤੀ ਗਈ। ਇਸ ਦੇ ਬਾਵਜੂਦ ਰਿਪੋਰਟ ਅਦਾਲਤ ਵਿਚ ਪੇਸ਼ ਨਹੀਂ ਹੋਈ। 6 ਅਗਸਤ 2026 ਨੂੰ ਨਿਆਂਇਕ ਮੈਜੀਸਟ੍ਰੇਟ ਪ੍ਰਥਮ ਸ਼੍ਰੇਣੀ ਰਾਜਨ ਅਨੇਜਾ ਦੀ ਅਦਾਲਤ ਨੇ ਵੇਖਿਆ ਕਿ ਕਾਰਨ ਦੱਸੋ ਨੋਟਿਸ ਜਾਰੀ ਹੋਣ ਦੇ ਬਾਵਜੂਦ ਨਾ ਤਾਂ ਰਿਪੋਰਟ ਦਾਖ਼ਲ ਕੀਤੀ ਗਈ ਤੇ ਨਾ ਹੀ ਨੋਟਿਸ ਦਾ ਜਵਾਬ ਦਿੱਤਾ ਗਿਆ। ਅਦਾਲਤ ਨੇ ਸਖ਼ਤ ਰੁਖ਼ ਅਪਨਾਉਂਦਿਆਂ ਸਬੰਧਤ SHO ਦੀ ਤਨਖ਼ਾਹ ਕੁਰਕ ਕਰਨ ਦੇ ਹੁਕਮ ਦਿੱਤੇ ਤੇ ਉਨ੍ਹਾਂ ਦੇ ਖ਼ਿਲਾਫ਼ ਗੈਰ-ਜ਼ਮਾਨਤੀ ਵਰੰਟ ਵੀ ਜਾਰੀ ਕੀਤੇ ਗਏ। ਮਾਮਲੇ ਵਿਚ 18 ਸਤੰਬਰ 2026 ਨੂੰ ਹੋਈ ਸੁਣਵਾਈ ਦੌਰਾਨ ਵੀ ਅਦਾਲਤ ਨੂੰ ਰਿਪੋਰਟ ਪ੍ਰਾਪਤ ਨਹੀਂ ਹੋਈ। ਤਨਖ਼ਾਹ ਕੁਰਰਕੀ ਤੇ ਗੈਰ-ਜ਼ਮਾਨਤੀ ਵਰੰਟ ਜਿਹੀ ਕਾਰਵਾਈ ਦੇ ਬਾਵਜੂਦ ਹੁਕਮਾਂ ਦਾ ਪਾਲਣ ਨਾ ਹੋਣ ‘ਤੇ ਅਦਾਲਤ ਨੇ ਗੰਭੀਰ ਨਾਰਾਜ਼ਗੀ ਜਤਾਈ। ਅਦਾਲਤ ਨੇ SHO ਦੀ ਹਾਜ਼ਰੀ ਯਕੀਨੀ ਬਣਾਉਣ ਲਈ 82 ਸੀ. ਆਰ. ਪੀ.ਸੀ. ਦੇ ਤਹਿਤ ਮੁਨਾਦੀ ਦਾ ਹੁਕਮ ਦਿੱਤਾ। ਇਸ ਮਗਰੋਂ ਨਿਰਧਾਰਤ ਕਾਨੂੰਨੀ ਪ੍ਰਕੀਰਿਆ ਪੂਰੀ ਹੋਣ ‘ਤੇ ਅਦਾਲਤ ਨੇ ਸਬੰਧਤ SHO ਨੂੰ ਭਗੌੜਾ ਐਲਾਨ ਦਿੱਤਾ। ਇਸ ਸਬੰਧੀ ਪੁਲਸ ਕਮਿਸ਼ਨਰ, ਲੁਧਿਆਣਾ ਨੂੰ ਵੀ ਅਧਿਕਾਰਤ ਸੂਚਾ ਭੇਜੀ ਗਈ ਹੈ। ਅਦਾਲਤ ਦੀ ਇਸ ਕਾਰਵਾਈ ਨੇ ਪੁਲਸ ਮਹਿਕਮੇ ਵਿਚ ਜਵਾਬਦੇਹੀ ‘ਤੇ ਇਕ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਮਾਮਲਾ ਇਸ ਗੱਲ ਦਾ ਉਦਾਹਰਨ ਹੈ ਕਿ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨ ‘ਤੇ ਪੁਲਸ ਦਾ ਕੋਈ ਵੀ ਅਫ਼ਸਰ ਕਾਨੂੰਨੀ ਕਾਰਵਾਈ ਤੋਂ ਉੱਪਰ ਨਹੀਂ ਹੈ। ਮਾਮਲੇ ਦੀ ਅਗਲੀ ਸੁਣਵਾਈ 23 ਨਵੰਬਰ ਨੂੰ ਹੋਵੇਗੀ।

