Clash between tourists and security personnel at the Taj Mahal gate; one person rendered unconscious following a physical altercation
ਤਾਜ ਮਹਿਲ ਦੇ ਗੇਟ ’ਤੇ ਸੈਲਾਨੀਆਂ ਤੇ ਜਵਾਨਾਂ ‘ਚ ਹੋਈ ਝੜਪ ! ਕੁੱਟਮਾਰ ਮਗਰੋਂ ਇਕ ਬੇਹੋਸ਼
ਆਗਰਾ (ਆਵਾਜ਼ਿ ਕੌਮ ਬਿਊਰੋ)-ਤਾਜ ਮਹਿਲ ਦੇ ਪੂਰਬੀ ਗੇਟ ’ਤੇ ਐਤਵਾਰ ਨੂੰ ਸੈਲਾਨੀਆਂ ਤੇ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (CISF) ਦੇ ਜਵਾਨਾਂ ਵਿਚਾਲੇ ਕਥਿਤ ਕੁੱਟਮਾਰ ਹੋ ਗਈ। ਘਟਨਾ ’ਚ ਇਕ ਸੈਲਾਨੀ ਬੇਹੋਸ਼ ਹੋ ਗਿਆ, ਜਿਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਮਾਮਲੇ ’ਚ ਭਾਰਤੀ ਪੁਰਾਤੱਤਵ ਸਰਵੇਖਣ (ਏ. ਐੱਸ. ਆਈ.) ਨੇ CISF ਤੋਂ ਸਪੱਸ਼ਟੀਕਰਨ ਮੰਗਿਆ ਹੈ। ਦਿੱਲੀ ਤੋਂ ਪਰਿਵਾਰ ਸਮੇਤ ਤਾਜ ਮਹਿਲ ਘੁੰਮਣ ਆਏ ਸਾਜਿਦ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ 3 ਸਾਲਾ ਪੁੱਤਰ ਲੱਗਭਗ 5 ਮਿੰਟ ਤੱਕ ਲਾਪਤਾ ਰਿਹਾ। ਬਾਅਦ ’ਚ ਬੱਚਾ CISF ਜਵਾਨ ਕੋਲ ਮਿਲਿਆ। ਸਾਜਿਦ ਮੁਤਾਬਕ, ਜਵਾਨ ਨੇ ਬੱਚੇ ਦਾ ਆਧਾਰ ਕਾਰਡ ਮੰਗਿਆ। ਆਧਾਰ ਕਾਰਡ ਨਾ ਹੋਣ ’ਤੇ ਉਨ੍ਹਾਂ ਨੇ ਮੋਬਾਈਲ ’ਚ ਤਸਵੀਰਾਂ ਅਤੇ ਜਨਮ ਸਰਟੀਫਿਕੇਟ ਦਿਖਾ ਕੇ ਬੱਚੇ ਨੂੰ ਆਪਣਾ ਪੁੱਤਰ ਦੱਸਿਆ। ਦੋਸ਼ ਹੈ ਕਿ ਇਸ ਦੇ ਬਾਵਜੂਦ ਜਵਾਨਾਂ ਨੇ ਆਧਾਰ ਕਾਰਡ ਤੋਂ ਬਿਨਾਂ ਬੱਚਾ ਸੌਂਪਣ ਤੋਂ ਇਨਕਾਰ ਕੀਤਾ ਅਤੇ 4 ਦਿਨਾਂ ਬਾਅਦ ਦੇਣ ਦੀ ਗੱਲ ਕਹੀ। ਇਸ ਦੌਰਾਨ ਉਨ੍ਹਾਂ ਦਾ ਮੋਬਾਈਲ ਖੋਹ ਲਿਆ ਗਿਆ ਅਤੇ ਉਨ੍ਹਾਂ ਦੇ ਸਾਲੇ ਆਜ਼ਾਦ ਦੀ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਹ ਬੇਹੋਸ਼ ਹੋ ਗਏ। ਨਿਗਰਾਨ ਪੁਰਾਤੱਤਵ ਵਿਗਿਆਨੀ ਡਾ. ਸਮਿਤਾ ਐੱਸ. ਕੁਮਾਰ ਨੇ ਕਿਹਾ ਕਿ CISF ਕਮਾਂਡੈਂਟ ਤੋਂ ਸਪੱਸ਼ਟੀਕਰਨ ਮੰਗਿਆ ਜਾਵੇਗਾ ਅਤੇ ਦਿੱਲੀ ਸਥਿਤ ਸਬੰਧਤ ਅਧਿਕਾਰੀਆਂ ਨੂੰ ਵੀ ਲਿਖਤੀ ਸੂਚਨਾ ਭੇਜੀ ਜਾਵੇਗੀ।

