Following the BJP-Akali alliance, the stage is set for the 2027 elections in Punjab
ਭਾਜਪਾ-ਅਕਾਲੀ ਗੱਠਜੋੜ ਤੋਂ ਬਾਅਦ ਪੰਜਾਬ ’ਚ 2027 ਦੀਆਂ ਚੋਣਾਂ ਲਈ ਵਿਛ ਗਈ ਬਿਸਾਤ
ਪਠਾਨਕੋਟ (ਆਵਾਜ਼ਿ ਕੌਮ ਬਿਊਰੋ)-ਪੰਜਾਬ ਦੀ ਸਿਆਸਤ ’ਚ ਇਕ ਵਾਰ ਫਿਰ ਇਤਿਹਾਸ ਦੁਹਰਾਇਆ ਗਿਆ ਹੈ। ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸਕ ਗੱਠਜੋੜ ਹੋ ਗਿਆ ਹੈ। ਇਸ ਦੇ ਨਾਲ ਹੀ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਬਿਸਾਤ ਵਿਛ ਗਈ ਹੈ। ਇਸ ਤੋਂ ਪਹਿਲਾਂ ਪੰਜਾਬ ’ਚ ਅਕਾਲੀ-ਭਾਜਪਾ ਦੀ ਗੱਠਜੋੜ ਸਰਕਾਰ ਰਹਿ ਚੁੱਕੀ ਹੈ ਅਤੇ ਉਸ ਦੌਰ ਨੂੰ ਪੰਜਾਬ ਦੇ ਵਿਕਾਸ ਦਾ ਸੁਨਹਿਰੀ ਦੌਰ ਮੰਨਿਆ ਜਾਂਦਾ ਹੈ। ਸਿਆਸੀ ਮਾਹਿਰ ਮੰਨਦੇ ਹਨ ਕਿ ਦੋਵਾਂ ਦੇ ਗੱਠਜੋੜ ਨਾਲ ਪੰਜਾਬ ’ਚ ਅਕਾਲੀ-ਭਾਜਪਾ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ। ਪੰਜਾਬ ’ਚ ਅਕਾਲੀ ਦਲ ਅਤੇ ਭਾਜਪਾ ਦਾ ਰਿਸ਼ਤਾ ਦਹਾਕਿਆਂ ਪੁਰਾਣਾ ਹੈ। ਦੋਵੇਂ ਪਾਰਟੀਆਂ ਲੰਬੇ ਸਮੇਂ ਤੱਕ ਇਕ-ਦੂਜੇ ਦੀਆਂ ਸਹਿਯੋਗੀ ਰਹੀਆਂ ਹਨ। 1997 ਤੋਂ ਲੈ ਕੇ 2017 ਤੱਕ ਅਕਾਲੀ-ਭਾਜਪਾ ਗੱਠਜੋੜ ਨੇ ਪੰਜਾਬ ’ਚ ਸਰਕਾਰ ਚਲਾਈ। ਕਿਸਾਨੀ ਅੰਦੋਲਨ ਦੌਰਾਨ ਕੁਝ ਮੁੱਦਿਆਂ ਨੂੰ ਲੈ ਕੇ ਦੋਵਾਂ ਪਾਰਟੀਆਂ ਦੇ ਰਸਤੇ ਵੱਖ ਹੋ ਗਏ ਸਨ। ਇਸ ਤੋਂ ਬਾਅਦ ਦੋਵਾਂ ਪਾਰਟੀਆਂ ਨੇ ਵੱਖ-ਵੱਖ ਚੋਣਾਂ ਲੜੀਆਂ ਪਰ ਹੁਣ ਲੰਬੇ ਇੰਤਜ਼ਾਰ ਤੋਂ ਬਾਅਦ ਗੱਠਜੋੜ ਦਾ ਐਲਾਨ ਹੁੰਦਿਆਂ ਹੀ ਪੂਰੇ ਪੰਜਾਬ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਦੋਵਾਂ ਪਾਰਟੀਆਂ ਦੇ ਵਰਕਰਾਂ ਨੇ ਇਕ-ਦੂਜੇ ਨੂੰ ਵਧਾਈ ਦਿੱਤੀ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ’ਚ ਸੱਤਾਧਿਰ ਅਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਤੋਂ ਜਨਤਾ ’ਚ ਨਾਰਾਜ਼ਗੀ ਹੈ। ਜਨਤਾ ਦਾ ਕਹਿਣਾ ਹੈ ਕਿ ਜੋ ਵਾਅਦੇ ਕੀਤੇ ਗਏ, ਉਹ ਪੂਰੇ ਨਹੀਂ ਹੋਏ। ਅਜਿਹੇ ’ਚ ਅਕਾਲੀ-ਭਾਜਪਾ ਗੱਠਜੋੜ ਜਨਤਾ ਲਈ ਇਕ ਮਜ਼ਬੂਤ ਬਦਲ ਬਣ ਕੇ ਉੱਭਰਿਆ ਹੈ। ਜ਼ਿਕਰਯੋਗ ਹੈ ਕਿ ਅਕਾਲੀ ਦਲ ਦਾ ਪੇਂਡੂ ਪੰਜਾਬ ’ਚ ਜਨਆਧਾਰ ਹੈ। ਖ਼ਾਸ ਕਰ ਕੇ ਮਾਲਵਾ ਖੇਤਰ ’ਚ ਜੜ੍ਹਾਂ ਡੂੰਘੀਆਂ ਹਨ। ਮਾਝਾ ਅਤੇ ਦੁਆਬਾ ’ਚ ਵੀ ਅਕਾਲੀ ਦਲ ਦਾ ਚੰਗਾ ਪ੍ਰਭਾਵ ਹੈ। ਸ਼ਹਿਰੀ ਇਲਾਕਿਆਂ ’ਚ ਵਪਾਰੀ ਵਰਗ, ਨੌਜਵਾਨ ਵਰਗ ਅਤੇ ਸ਼ਹਿਰੀ ਵੋਟਰਾਂ ’ਚ ਭਾਜਪਾ ਦੀ ਪਕੜ ਮਜ਼ਬੂਤ ਮੰਨੀ ਜਾਂਦੀ ਹੈ। ਜਦੋਂ ਪੇਂਡੂ ਤਾਕਤ ਅਤੇ ਸ਼ਹਿਰੀ ਤਾਕਤ ਇਕੱਠੀਆਂ ਹੋਣਗੀਆਂ ਤਾਂ ਗੱਠਜੋੜ ਨੂੰ ਹਰ ਵਿਧਾਨ ਸਭਾ ਹਲਕੇ ’ਚ ਫ਼ਾਇਦਾ ਮਿਲੇਗਾ। ਦੋਵਾਂ ਪਾਰਟੀਆਂ ਦੇ ਵਰਕਰਾਂ ਨੇ ਬੂਥ ਪੱਧਰ ’ਤੇ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਜਨਤਾ ਦੇ ਵਿਚਕਾਰ ਜਾ ਕੇ ਗੱਠਜੋੜ ਦੀਆਂ ਨੀਤੀਆਂ ਨੂੰ ਪਹੁੰਚਾਇਆ ਜਾ ਰਿਹਾ ਹੈ। ਸਿਆਸੀ ਮਾਹਿਰ ਮੰਨਦੇ ਹਨ ਕਿ ਇਸ ਗੱਠਜੋੜ ਦਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਵੀ ਫ਼ਾਇਦਾ ਮਿਲੇਗਾ। ਇਸ ਨਾਲ ਕੇਂਦਰ ’ਚ ਵੀ ਪੰਜਾਬ ਦੀ ਆਵਾਜ਼ ਹੋਰ ਮਜ਼ਬੂਤ ਹੋਵੇਗੀ। ਉੱਥੇ ਹੀ ਸੱਤਾਧਿਰ ਅਤੇ ਕਾਂਗਰਸ ਦੀਆਂ ਅੰਦਰਖਾਤੇ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਸਿਆਸੀ ਗਲਿਆਰਿਆਂ ’ਚ ਚਰਚਾ ਹੈ ਕਿ ਗੱਠਜੋੜ ਤੋਂ ਬਾਅਦ ਕਈ ਵਿਰੋਧੀ ਆਗੂ ਵੀ ਅਕਾਲੀ-ਭਾਜਪਾ ਗੱਠਜੋੜ ’ਚ ਸ਼ਾਮਲ ਹੋਣ ਲਈ ਸੰਪਰਕ ਕਰ ਰਹੇ ਹਨ। ਕਈ ਛੋਟੀਆਂ ਪਾਰਟੀਆਂ ਅਤੇ ਆਜ਼ਾਦ ਆਗੂਆਂ ਨੇ ਵੀ ਗੱਠਜੋੜ ਵੱਲ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕ ਚਰਚਾ ਕਰ ਰਹੇ ਹਨ ਕਿ 2027 ਦੀਆਂ ਚੋਣਾਂ ਹੁਣ ਪੂਰੀ ਤਰ੍ਹਾਂ ਬਦਲ ਗਈਆਂ ਹਨ। ਪੰਜਾਬ ਦੀ ਜਨਤਾ ਵੀ ਇਸ ਗੱਠਜੋੜ ਨੂੰ ਉਮੀਦ ਦੀ ਨਜ਼ਰ ਨਾਲ ਦੇਖ ਰਹੀ ਹੈ। ਕਿਸਾਨਾਂ ਨੂੰ ਉਮੀਦ ਹੈ ਕਿ ਗੱਠਜੋੜ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝੇਗਾ। ਨੌਜਵਾਨਾਂ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਰੁਜ਼ਗਾਰ ਮਿਲੇਗਾ। ਔਰਤਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕੇ ਜਾਣਗੇ। ਵਪਾਰੀਆਂ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਡਰ-ਮੁਕਤ ਮਾਹੌਲ ਮਿਲੇਗਾ। ਹੁਣ ਦੋਵਾਂ ਪਾਰਟੀਆਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸੀਟਾਂ ਦੀ ਵੰਡ ਅਤੇ ਚੋਣ ਰਣਨੀਤੀ ਦੀ ਹੈ।

