New political equations emerging in Punjab; the return of alliances will change the complexion of the elections
ਪੰਜਾਬ ’ਚ ਬਣਨ ਲੱਗੇ ਨਵੇਂ ਸਿਆਸੀ ਸਮੀਕਰਨ, ਗਠਜੋੜ ਦੀ ਵਾਪਸੀ ਨਾਲ ਬਦਲੇਗਾ ਚੋਣਾਂ ਦਾ ਰੰਗ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਨਵੇਂ ਗਠਜੋੜ ਦੇ ਐਲਾਨ ਨੇ ਇਕ ਵਾਰ ਫਿਰ ਪੰਜਾਬ ਦੀ ਸਿਆਸਤ ’ਚ ਪੁਰਾਣੇ ਸਿਆਸੀ ਸਮੀਕਰਨਾਂ ਨੂੰ ਚਰਚਾ ’ਚ ਲਿਆਂਦਾ ਹੈ। ਨਾਲ ਹੀ ਸੂਬੇ ’ਚ ਨਵੇਂ ਸਿਆਸੀ ਸਮੀਕਰਨ ਵੀ ਬਣਨ ਲੱਗੇ ਹਨ। ਦੋਵਾਂ ਪਾਰਟੀਆਂ ਦੇ ਮੁੜ ਇਕੱਠ ਨੂੰ ਸਿਰਫ਼ ਇੱਕ ਚੋਣ ਸਮਝੌਤੇ ਵਜੋਂ ਨਹੀਂ, ਸਗੋਂ ਪੰਜਾਬ ਦੀ ਸਿਆਸਤ ’ਚ ਗੁਆਚੇ ਆਧਾਰ ਨੂੰ ਮੁੜ ਹਾਸਲ ਕਰਨ ਦੀ ਕੋਸ਼ਿਸ਼ ਵਜੋਂ ਵੀ ਵੇਖਿਆ ਜਾ ਰਿਹਾ ਹੈ। ਮੰਗਲਵਾਰ ਨਵੀਂ ਦਿੱਲੀ ’ਚ ਦੋਹਾਂ ਪਾਰਟੀਆਂ ਦੇ ਚੋਟੀ ਦੇ ਆਗੂਆਂ ਦੀ ਮੌਜੂਦਗੀ ’ਚ ਸਿਰਫ਼ ਗਠਜੋੜ ਦਾ ਐਲਾਨ ਕੀਤਾ ਗਿਆ ਪਰ ਸੀਟਾਂ ਦੀ ਵੰਡ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ। ਇਹ ਮੁੱਦਾ ਆਉਣ ਵਾਲੇ ਦਿਨਾਂ ’ਚ ਦੋਵਾਂ ਪਾਰਟੀਆਂ ਦਰਮਿਆਨ ਚਰਚਾ ਦਾ ਇਕ ਮੁੱਖ ਵਿਸ਼ਾ ਬਣ ਸਕਦਾ ਹੈ। ਗਠਜੋੜ ਦੇ ਐਲਾਨ ’ਚ ਸਭ ਤੋਂ ਅਹਿਮ ਸਿਆਸੀ ਸੰਦੇਸ਼ ਅਕਾਲੀ ਦਲ ਲਈ ਵੱਡੇ ਭਰਾ ਦੀ ਭੂਮਿਕਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਨ੍ਹਾਂ ਪਹਿਲਾਂ ਭਾਜਪਾ ਲਈ ਵੱਡੇ ਭਰਾ ਦੀ ਭੂਮਿਕਾ ’ਤੇ ਜ਼ੋਰ ਦਿੱਤਾ ਸੀ, ਨੇ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਜੇਕਰ ਗਠਜੋੜ ਸਰਕਾਰ ਬਣਦੀ ਹੈ ਤਾਂ ਮੁੱਖ ਮੰਤਰੀ ਵੀ ਵੱਡੇ ਭਰਾ ਵਾਲੀ ਪਾਰਟੀ ’ਚੋਂ ਹੀ ਹੋਵੇਗਾ। ਅਕਾਲੀ ਦਲ ਨੂੰ ਲੀਡਰਸ਼ਿਪ ਦੀ ਭੂਮਿਕਾ ਦੇਣ ਦੇ ਫ਼ੈਸਲੇ ਨੂੰ ਪੰਜਾਬ ’ਚ ਇਸ ਦੀ ਖੇਤਰੀ ਪਛਾਣ ਤੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਸਿਆਸੀ ਆਧਾਰ ਦੀ ਮਾਨਤਾ ਵਜੋਂ ਵੇਖਿਆ ਜਾ ਰਿਹਾ ਹੈ। ਇਹ ਸੁਖਬੀਰ ਸਿੰਘ ਬਾਦਲ ਲਈ ਵੀ ਅਹਿਮ ਹੈ ਕਿਉਂਕਿ ਗਠਜੋੜ ਦੇ ਅੰਦਰ ਲੀਡਰਸ਼ਿਪ ਦਾ ਸਵਾਲ ਉਨ੍ਹਾਂ ਦੀ ਸਿਆਸੀ ਪ੍ਰਵਾਨਗੀ ਅਤੇ ਪਾਰਟੀ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਹਾਲਾਂਕਿ ਸੀਟਾਂ ਦੀ ਵੰਡ ਦੇ ਸਮੀਕਰਨ ਨੂੰ ਅਜੇ ਅੰਤਿਮ ਰੂਪ ਨਹੀਂ ਦਿੱਤਾ ਗਿਆ। ਦੋਵੇਂ ਪਾਰਟੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਮਿਲ ਕੇ ਚੋਣਾਂ ਲੜਨਗੀਆਂ। ਹਰੇਕ ਪਾਰਟੀ ਲਈ ਸੀਟਾਂ ਦੀ ਸਹੀ ਗਿਣਤੀ ਗੱਲਬਾਤ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਪਿਛਲੇ ਗੱਠਜੋੜ ’ਚ ਅਕਾਲੀ ਦਲ ਨੇ 94 ਸੀਟਾਂ ਅਤੇ ਭਾਜਪਾ ਨੇ 23 ਸੀਟਾਂ ‘ਤੇ ਚੋਣ ਲੜੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਭਾਜਪਾ ਆਪਣੀ ਸਿਆਸੀ ਸਥਿਤੀ ਅਤੇ ਪਿਛਲੇ ਕੁੱਝ ਸਾਲਾਂ ’ਚ ਆਪਣੀਆਂ ਵਧੀਆਂ ਚੋਣ ਇੱਛਾਵਾਂ ਦੇ ਆਧਾਰ ‘ਤੇ ਦੁੱਗਣੀਆਂ ਸੀਟਾਂ ਦੀ ਮੰਗ ਕਰ ਰਹੀ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਮੁਕਾਬਲਾ ਹੋਰ ਵੀ ਦਿਲਚਸਪ ਹੋ ਗਿਆ ਹੈ। ਸੱਤਾਧਾਰੀ ‘ਆਪ’ ਨੂੰ ਹੁਣ ਅਕਾਲੀ ਦਲ ਤੇ ਭਾਜਪਾ ਤੋਂ ਸਾਂਝੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ, ਜਦੋਂ ਕਿ ਕਾਂਗਰਸ ਨੂੰ ਵੀ ਨਵੇਂ ਸਿਆਸੀ ਸਮੀਕਰਨਾਂ ਦਰਮਿਆਨ ਇਕ ਨਵੀਂ ਰਣਨੀਤੀ ਬਣਾਉਣੀ ਪਵੇਗੀ। ਅਕਾਲੀ ਦਲ ਲਈ ਇਹ ਗਠਜੋੜ ਆਪਣੀ ਸਿਆਸੀ ਮੁੜ ਸੁਰਜੀਤੀ ਲਈ ਇਕ ਮੌਕਾ ਹੈ, ਜਦੋਂ ਕਿ ਭਾਜਪਾ ਲਈ ਇਹ ਪੰਜਾਬ ’ਚ ਸੱਤਾ ਦੇ ਆਪਣੇ ਰਸਤੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਹੈ। ਦੋਹਾਂ ਪਾਰਟੀਆਂ ਨੇ ਇਸ ਨੂੰ ਇਕ ਭਾਵਨਾਤਮਕ ਗਠਜੋੜ ਦੱਸਿਆ, ਜੋ ਹਿੰਦੂ-ਸਿੱਖ ਏਕਤਾ ਅਤੇ ਪੰਜਾਬੀਅਤ ਦਾ ਪ੍ਰਤੀਕ ਹੈ। ਇਸ ਗਠਜੋੜ ਦੀ ਵਾਪਸੀ ਨੇ ਪੰਜਾਬ ਦੀ ਸਿਆਸਤ ’ਚ ਇਕ ਪੁਰਾਣਾ ਅਧਿਆਏ ਦੁਬਾਰਾ ਖੋਲ੍ਹ ਦਿੱਤਾ ਹੈ। ਹੁਣ ਅਸਲ ਪ੍ਰੀਖਿਆ ਸੀਟਾਂ ਦੀ ਵੰਡ, ਚੋਣ ਲੀਡਰਸ਼ਿਪ ਤੇ ਦੋਹਾਂ ਪਾਰਟੀਆਂ ਦੇ ਵਰਕਰਾਂ ਦਰਮਿਆਨ ਤਾਲਮੇਲ ਦੀ ਹੋਵੇਗੀ। ਜੇਕਰ ਦੋਵੇਂ ਪਾਰਟੀਆਂ ਪਿਛਲੇ ਮਤਭੇਦਾਂ ਨੂੰ ਪਾਸੇ ਰੱਖ ਕੇ ਇਕ ਸਾਂਝੀ ਰਣਨੀਤੀ ਨਾਲ ਅੱਗੇ ਵੱਧਦੀਆਂ ਹਨ ਤਾਂ ਵਿਰੋਧੀ ਪਾਰਟੀਆਂ ਲਈ ਚੋਣ ਮੁਕਾਬਲਾ ਹੋਰ ਵੀ ਗੁੰਝਲਦਾਰ ਹੋ ਸਕਦਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਗਠਜੋੜ ਦੋਹਾਂ ਪਾਰਟੀਆਂ ਨੂੰ ਚੋਣ ਤਾਕਤ ਪ੍ਰਦਾਨ ਕਰ ਸਕਦਾ ਹੈ, ਪਰ 6 ਸਾਲਾਂ ਦੀ ਸਿਆਸੀ ਦੂਰੀ ਨੂੰ ਖ਼ਤਮ ਕਰਨਾ ਸੌਖਾ ਨਹੀਂ ਹੋਵੇਗਾ। ਕਿਸਾਨ ਅੰਦੋਲਨ ਦੌਰਾਨ ਦੋਹਾਂ ਪਾਰਟੀਆਂ ਵਿਚਾਲੇ ਪੈਦਾ ਹੋਈ ਕੁੜੱਤਣ ਅਤੇ ਉਸ ਸਮੇਂ ਦੀ ਸਿਆਸੀ ਸਥਿਤੀ ਅਜੇ ਵੀ ਚੋਣ ਬਹਿਸ ’ਚ ਝਲਕ ਸਕਦੀ ਹੈ। ਅਕਾਲੀ ਦਲ ਨੂੰ ਆਪਣੇ ਪੁਰਾਣੇ ਹਮਾਇਤੀਆਂ ਨੂੰ ਭਰੋਸਾ ਦੁਆਉਣਾ ਹੋਵੇਗਾ ਕਿ ਭਾਜਪਾ ਨਾਲ ਦੁਬਾਰਾ ਗਠਜੋੜ ਕਰਨ ਦਾ ਉਸ ਦਾ ਫ਼ੈਸਲਾ ਪੰਜਾਬ ਅਤੇ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰਦਾ ਹੈ। ਦੂਜੇ ਪਾਸੇ ਭਾਜਪਾ ਨੂੰ ਆਪਣੀਆਂ ਸਿਆਸੀ ਇੱਛਾਵਾਂ ਨੂੰ ਗਠਜੋੜ ਦੀ ਮਰਿਆਦਾ ਨਾਲ ਸੰਤੁਲਿਤ ਕਰਨ ਦੀ ਚੁਣੌਤੀ ਦਾ ਸਾਹਮਣਾ ਵੀ ਕਰਨਾ ਪਵੇਗਾ। ਪਾਰਟੀ ਕੁਝ ਸਮੇਂ ਤੋਂ ਪੰਜਾਬ ’ਚ ਆਪਣਾ ਆਜ਼ਾਦ ਸਿਆਸੀ ਆਧਾਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।

