Heist worth 20 crore! 4 assailants beat up victims and flee with 16 kg of gold from a car; sensation spreads
20,00,00,000 ਦੀ ਲੁੱਟ! ਕੁੱਟਮਾਰ ਕਰਕੇ ਕਾਰ ‘ਚੋਂ 16 ਕਿਲੋ ਸੋਨਾ ਲੈ ਦੌੜੇ 4 ਹਮਲਾਵਰ, ਫੈਲੀ ਸਨਸਨੀ
ਠਾਣੇ (ਆਵਾਜ਼ਿ ਕੌਮ ਬਿਊਰੋ)-ਨਵੀਂ ਮੁੰਬਈ ਦੇ ਜੁਈਨਗਰ ਐੱਮ. ਆਈ. ਡੀ. ਸੀ. ਖੇਤਰ ਵਿਚ 4 ਅਣਪਛਾਤੇ ਵਿਅਕਤੀਆਂ ਵਲੋਂ ਇਕ ਕਾਰ ਵਿਚੋਂ ਕਰੀਬ 16 ਕਿਲੋ ਤੋਂ ਵੱਧ ਦਾ ਸੋਨਾ ਲੁੱਟ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁੱਟੇ ਹੋਏ ਸੋਨੇ ਦੀ ਕੀਮਤ ਲੱਗਭਗ 20 ਕਰੋੜ ਰੁਪਏ ਹੈ। ਪੁਲਸ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਤੁੜਭੇ ਥਾਣੇ ਵਿਚ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ.) ਤਹਿਤ ਲੁੱਟ-ਖੋਹ ਅਤੇ ਹੋਰ ਅਪਰਾਧਾਂ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਦੌਰਾਨ ਤੁੜਭੇ ਪੁਲਸ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਇਕ ਚਾਰ ਪਹੀਆ ਵਾਹਨ ਵਿਚ ਸਵਾਰ ਕੁਝ ਲੋਕਾਂ ਨੇ ਕਾਰ ਨੂੰ ਰੋਕਿਆ, ਜਿਸ ਵਿਚੋਂ ਚਾਰ ਵਿਅਕਤੀ ਹੇਠਾਂ ਉਤਰੇ। ਉਨ੍ਹਾਂ ਨੇ ਕਾਰ ਵਿਚ ਸਵਾਰ ਲੋਕਾਂ ਨਾਲ ਕੁੱਟਮਾਰ ਕਰਨ ਤੋਂ ਬਾਅਦ 20 ਕਰੋੜ ਰੁਪਏ ਬਾਜ਼ਾਰੀ ਮੁੱਲ ਦਾ ਸੋਨਾ ਲੁੱਟ ਲਿਆ। ਮੁਲਜ਼ਮ ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਤੁਰੰਤ ਬਾਅਦ ਫ਼ਰਾਰ ਹੋ ਗਏ। ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਫੜਨ ਲਈ ਅਪਰਾਧ ਸ਼ਾਖਾ ਅਤੇ ਸਥਾਨਕ ਪੁਲਸ ਥਾਣਿਆਂ ਦੀਆਂ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ।

