Heavy snowfall in Uttarakhand, hills covered in snow; Himachal’s ‘Shinkula Lake’ freezes over
ਉਤਰਾਖੰਡ ’ਚ ਭਾਰੀ ਬਰਫ਼ਬਾਰੀ, ਬਰਫ਼ ਨਾਲ ਢੱਕੀਆਂ ਪਹਾੜੀਆਂ, ਜੰਮ ਗਈ ਹਿਮਾਚਲ ਦੀ ‘ਸ਼ਿੰਕੂਲਾ ਝੀਲ’
ਸ਼ਿਮਲਾ (ਆਵਾਜ਼ਿ ਕੌਮ ਬਿਊਰੋ)-ਉਤਰਾਖੰਡ ਦੇ ਕੇਦਾਰਨਾਥ ਧਾਮ ਖੇਤਰ ’ਚ ’ਬਰਫ਼ਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਪਹਾੜਾਂ ਤੇ ਆਲੇ-ਦੁਆਲੇ ਦੇ ਖੇਤਰ ਨੂੰ ਬਰਫ਼ ਦੀ ਚਿੱਟੀ ਚਾਦਰ ਨੇ ਢੱਕ ਲਿਆ ਹੈ, ਜਿਸ ਦਾ ਖ਼ੂਬਸੂਰਤ ਨਜ਼ਾਰਾ ਦੇਖਣ ਵਾਲਾ ਹੈ। ਰੁਦਰਪ੍ਰਯਾਗ ਪੁਲਸ ਨੇ ਸੋਸ਼ਲ ਮੀਡੀਆ ’ਤੇ ਬਰਫ਼ਬਾਰੀ ਦੀਆਂ ਸੁੰਦਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਜਿਵੇਂ-ਜਿਵੇਂ ਠੰਢ ਵਧ ਰਹੀ ਹੈ, ਧਾਮ ਖੇਤਰ ਇਕ ਦਿਲਖਿੱਚਵਾਂ ਦ੍ਰਿਸ਼ ਪੇਸ਼ ਕਰ ਰਿਹਾ ਹੈ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੀ ਲਾਹੌਲ ਵਾਦੀ ਦੇ ਉੱਚੇ ਇਲਾਕਿਆਂ ’ਚ ਭਾਰੀ ਠੰਢ ਪੈ ਰਹੀ ਹੈ। ਰਾਤ ਦਾ ਤਾਪਮਾਨ ਜ਼ੀਰੋ ਤੋਂ ਕਾਫ਼ੀ ਹੇਠਾਂ ਆ ਗਿਆ ਹੈ। ਸ਼ਿੰਕੂਲਾ ਦੱਰੇ ’ਤੇ ਸਵੇਰ ਤੇ ਸ਼ਾਮ ਦਾ ਤਾਪਮਾਨ ਮਨਫ਼ੀ 16 ਡਿਗਰੀ ਸੈਲਸੀਅਸ ਤੱਕ ਪਹੁੰਚ ਰਿਹਾ ਹੈ। ਦੁਪਹਿਰ ਦਾ ਤਾਪਮਾਨ ਵੀ ਮਨਫ਼ੀ 3 ਤੋਂ ਮਨਫ਼ੀ 5 ਡਿਗਰੀ ਸੈਲਸੀਅਸ ਦਰਮਿਆਨ ਰਹਿੰਦਾ ਹੈ। ਵਧੇਰੇ ਠੰਢ ਕਾਰਨ ਸ਼ਿੰਕੂਲਾ ਦੱਰੇ ਨੇੜੇ ਸਥਿਤ ਸ਼ਿੰਕੂਲਾ ਝੀਲ ਦਾ ਪਾਣੀ ਪੂਰੀ ਤਰ੍ਹਾਂ ਜੰਮ ਗਿਆ ਹੈ। ਬਰਫ਼ ਦੀ ਮੋਟੀ ਪਰਤ ਨੇ ਝੀਲ ਨੂੰ ਢੱਕ ਲਿਆ ਹੈ। ਸੱਚੇ ਜੋਤ ਰਾਹੀਂ ਚੰਬਾ ਤੋਂ ਕਿਲਾਦ ਜਾਣ ਵਾਲੀ ਸੜਕ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਇਹ ਫੈਸਲਾ ਸੱਚੇ ਜੋਤ ਦੱਰੇ ’ਤੇ ਛਾਈ ਧੁੰਦ ਕਾਰਨ ਲਿਆ ਹੈ। ਨਾਾਲ ਹੀ ਸੜਕ ’ਤੇ ਫਿਸਲਣ ਵੀ ਵੱਧ ਗਈ ਹੈ। ਕਿਲਾਦ (ਪੰਗੀ) ਦੇ ਐੱਸ. ਡੀ. ਐੱਮ. ਵੱਲੋਂ ਭੇਜੀ ਗਈ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਸੱਚੇ ਜੋਤ ਦੱਰੇ ‘ਤੇ ਤਾਪਮਾਨ ਸਿਫਰ ਤੋਂ ਹੇਠਾਂ ਚਲਾ ਗਿਆ ਹੈ, ਜਿਸ ਕਾਰਨ ਸੜਕ ‘ਤੇ ਫਿਸਲਣ ਵਾਲੀ ਸਥਿਤੀ ਪੈਦਾ ਹੋ ਰਹੀ ਹੈ। ਇਸ ਕਾਰਨ ਐੱਸ. ਡੀ. ਐੱਮ. ਨੇ ਸੈਲਾਨੀਆਂ ਨੂੰ ਮੌਜੂਦਾ ਮੌਸਮੀ ਹਾਲਾਤ ਬਾਰੇ ਸੂਚਿਤ ਕਰਨ ਅਤੇ ਸੱਚੇ ਜੋਤ ਦੱਰੇ ਦੀ ਯਾਤਰਾ ਕਰਨ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਜਾਣਕਾਰੀ ਹਾਸਲ ਕਰਨ ਲਈ ਬੇਨਤੀ ਕੀਤੀ ਹੈ।

