“Bus Falls into Drain at Jeevan Singh Wala: 8 Dead, Many Injured”

ਤਲਵੰਡੀ ਸਾਬੋ(ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਕੋਲ ਸਵਾਰੀਆਂ ਨਾਲ ਭਰੀ ਇੱਕ ਪ੍ਰਾਈਵੇਟ ਬੱਸ ਦੇ ਗੰਦੇ ਨਾਲੇ ਵਿਚ ਡਿੱਗਣ ਕਾਰਨ ਵਾਪਰੇ ਦੁਖਦਾਇਕ ਹਾਦਸੇ ਵਿਚ ਕੁੱਲ 8 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਇੱਕ 2 ਸਾਲਾਂ ਬੱਚੀ ਅਤੇ ਉਸਦੀ ਮਾਂ ਵੀ ਸ਼ਾਮਲ ਹੈ, ਜੋਕਿ ਇਸੇ ਪਿੰਡ ਦੇ ਹੀ ਅੱਡੇ ਤੋਂ ਚੜੀਆਂ ਸਨ ਤੇ ਅੱਧਾ ਕਿਲੋਮੀਟਰ ਦੂਰ ਜਾ ਕੇ ਹਾਦਸੇ ਵਿਚ ਆਪਣੀ ਜਾਨ ਗਵਾਂ ਬੈਠੀਆਂ। ਇਸੇ ਤਰ੍ਹਾਂ ਇਸ ਹਾਦਸੇ ਵਿਚ ਇੱਕ ਬਾਂਹ ਅਤੇ ਲੱਤ ਤੋਂ ਅਪਾਹਜ਼ ਵਿਅਕਤੀ ਜੋਕਿ ਹਰਿਆਣਾ ਦੇ ਪਿੰਡ ਫੱਗੂ ਦਾ ਰਹਿਣ ਵਾਲਾ ਸੀ, ਦੀ ਵੀ ਮੌਤ ਹੋ ਗਈ। ਘਟਨਾ ਵਿਚ ਬੱਸ ਦੇ ਡਰਾਈਵਰ ਦੀ ਵੀ ਮੌਤ ਹੋ ਗਈ ਦੱਸੀ ਜਾ ਰਹੀ ਹੈ। ਮਰਨ ਵਾਲਿਆਂ ਵਿਚ ਕੁੱਲ 4 ਚਾਰਾਂ ਅਤੇ ਤਿੰਨ ਮਰਦ ਵੀ ਸ਼ਾਮਲ ਹਨ। ਜਿੰਨ੍ਹਾਂ ਵਿਚੋਂ ਕੁੱਝ ਇੱਕ ਦੀ ਪਹਿਚਾਣ ਹੋ ਗਈ ਹੈ ਤੇ ਬਾਕੀਆਂ ਦੀ ਬਾਕੀ ਹੈ। ਇਸਤੋਂ ਇਲਾਵਾ ਇਸ ਹਾਦਸੇ ਵਿਚ ਕੁੱਲ ਤਿੰਨ ਦਰਜ਼ਨ ਸਵਾਰੀਆਂ ਜਖ਼ਮੀਆਂ ਹੋਈਆਂ ਸਨ, ਜਿੰਨ੍ਹਾਂ ਵਿਚੋਂ 15 ਨੂੰ ਤਲਵੰਡੀ ਸਾਬੋ ਸਿਵਲ ਹਸਪਤਾਲ ਅਤੇ 21 ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਤਲਵੰਡੀ ਸਾਬੋ ਹਸਪਤਾਲ ਵਿਚ ਦਾਖ਼ਲ ਮ੍ਰਿਤਕਾਂ ਦੀ ਗਿਣਤੀ 5 ਅਤੇ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਪਹੁੰਚੀਆਂ ਲਾਸ਼ਾਂ ਦੀ ਗਿਣਤੀ 3 ਹੈ। ਇਸਤੋਂ ਇਲਾਵਾ ਦੋਨਾਂ ਹਸਪਤਾਲਾਂ ਵਿਚੋਂ ਅੱਧੀ ਦਰਜ਼ਨ ਦੇ ਕਰੀਬ ਗੰਭੀਰ ਜਖ਼ਮੀਆਂ ਨੂੰ ਹੋਰਨਾਂ ਹਸਪਤਾਲਾਂ ਵਿਚ ਰੈਫ਼ਰ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਗੰਦੇ ਨਾਲੇ ਵਿਚੋਂ ਬੱਸ ਨੂੰ ਕੱਢਣ ਦੇ ਲਈ ਜਦੋ-ਜਹਿਦ ਜਾਰੀ ਸੀ। ਘਟਨਾ ਦਾ ਪਤਾ ਚੱਲਦੇ ਹੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਤੇ ਐਸਐਸਪੀ ਅਮਨੀਤ ਕੋਂਡਲ ਸਹਿਤ ਤਲਵੰਡੀ ਸਾਬੋ ਦੇ ਡੀਐਸਪੀ, ਐਸਡੀਐਮ ਸਹਿਤ ਸਮੁੱਚੇ ਜ਼ਿਲਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਮੌਕੇ ‘ਤੇ ਪੁੱਜ ਕੇ ਬਚਾਓ ਕਾਰਜ਼ਾਂ ਦੀ ਦੇਖਰੇਖ ਕੀਤੀ ਜਾ ਰਹੀ ਸੀ। ਐਨਡੀਆਰਐਫ਼ ਦੀਆਂ ਟੀਮਾਂ ਵੱਲੋਂ ਗੰਦੇ ਨਾਲੇ ਵਿਚੋਂ ਲੋਕਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਵਾਰੀਆਂ ਦੀ ਤਲਾਸ਼ ਕੀਤੀ ਜਾ ਰਹੀ ਸੀ। ਡਿਪਟੀ ਕਮਿਸ਼ਨਰ ਨੇ ਦਸਿਆ ਕਿ ਹਾਦਸੇ ਵਿਚ ਜਖ਼ਮੀ ਹੋਏ ਸਾਰੇ ਮਰੀਜ਼ਾਂ ਦਾ ਇਲਾਜ਼ ਸਰਕਾਰ ਦੀ ਤਰਫ਼ੋਂ ਮੁਫ਼ਤ ਦੇ ਵਿਚ ਕਰਵਾਇਆ ਜਾ ਰਿਹਾ ਹੈ। ਉਧਰ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਵੀ ਬਠਿੰਡਾ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਦਾ ਹਾਲਚਾਲ ਪੁੱਛਿਆ ਤੇ ਇਸ ਘਟਨਾ ਉਪਰ ਗਹਿਰਾ ਦੁੱਖ ਜਤਾਉਂਦਿਆਂ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ। ਹਾਲੇ ਤੱਕ ਇਸ ਹਾਦਸੇ ਦੇ ਪਿੱਛੇ ਕਾਰਨਾਂ ਦੀ ਪੁਖ਼ਤੀ ਜਾਣਕਾਰੀ ਸਾਹਮਣੇ ਨਹੀਂ ਪ੍ਰੰਤੂ ਜੋ ਬੱਸ ਵਿਚੋਂ ਸਵਾਰੀਆਂ ਸਹੀ ਸਲਾਮਤ ਨਿਕਲੀਆਂ ਹਨ, ਉਨ੍ਹਾਂ ਦੇ ਮੁਤਾਬਕ ਘਟਨਾ ਤੋਂ ਐਨ ਪਹਿਲਾਂ ਬੱਸ ਦੇ ਨਜਦੀਕ ਬਿਜਲੀ ਡਿੱਗੀ ਸੀ, ਜਿਸ ਕਾਰਨ ਸੰਭਵ ਹੈ ਕਿ ਬੱਸ ਦੇ ਡਰਾਈਵਰ ਤੋਂ ਘਬਰਾ ਕੇ ਸੰਤੁਲਨ ਖੋਹ ਗਿਆ ਹੋਵੇ। ਐਸਐਸਪੀ ਮੁਤਾਬਕ ਘਟਨਾ ਦੀ ਪੂਰੀ ਜਾਂਚ ਕਰਵਾਈ ਜਾਵੇਗੀ। ਦਸਣਾ ਬਣਦਾ ਹੈ ਕਿ ਇਹ ਨਿਊ ਗੁਰੂ ਕਾਸ਼ੀ ਦੀ ਮੰਦਭਾਗੀ ਬੱਸ ਸਰਦੂਲਗੜ੍ਹ ਤੋਂ ਚੱਲ ਕੇ ਬਠਿੰਡਾ ਵੱਲ ਆ ਰਹੀ ਸੀ ਕਿ ਕਰੀਬ ਦੋ ਵਜੋਂ ਇਹ ਹਾਦਸਾ ਵਾਪਰ ਗਿਆ। ਘਟਨਾ ਸਮੇਂ ਬੱਸ ਵਿਚ 45-50 ਸਵਾਰੀਆਂ ਸਨ।

 ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਸਰਦੂਲਗੜ੍ਹ ਤੋਂ ਬਠਿੰਡਾ ਨੂੰ ਆ ਰਹੀ ਇੱਕ ਪ੍ਰਾਈਵੇਟ ਬੱਸ ਜ਼ਿਲ੍ਹੇ ਦੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਗੰਦੇ ਨਾਲੇ ਵਿੱਚ ਡਿੱਗੀ। ਇਸ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪਾਰਟੀਆਂ ਮੌਕੇ ‘ਤੇ ਹੀ ਤੁਰੰਤ ਘਟਨਾ ਵਾਲੇ ਸਥਾਨ ‘ਤੇ ਪਹੁੰਚੀਆਂ ਅਤੇ ਐਨਡੀਆਰਐਫ ਅਤੇ ਲੋਕਲ ਵਲੰਟੀਅਰਾਂ ਦੇ ਸਹਿਯੋਗ ਨਾਲ ਹਾਦਸਾ ਗ੍ਰਸਤ ਬੱਸ ‘ਚੋਂ ਮੁਸਾਫਰਾਂ ਨੂੰ ਬਚਾਇਆ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 46 ਮੁਸਾਫ਼ਿਰ ਇਸ ਹਾਦਸੇ ਦੀ ਲਪੇਟ ਵਿੱਚ ਆਏ ਹਨ, ਜਿਨਾਂ ਵਿੱਚੋਂ ਅੱਠ ਵਿਅਕਤੀਆਂ ਨੂੰ ਮ੍ਰਿਤਕ ਐਲਾਨਿਆ ਗਿਆ ਜਦ ਕਿ ਬਾਕੀਆਂ ਨੂੰ ਤਲਵੰਡੀ ਸਾਬੋ ਅਤੇ ਜਿਲ੍ਹਾ ਹਸਪਤਾਲ ਬਠਿੰਡਾ ਵਿਖੇ ਜੇਰੇ ਇਲਾਜ ਲਈ ਭੇਜਿਆ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਮ੍ਰਿਤਕਾਂ ਦੀ ਪਹਿਚਾਣ ਦਾ ਹਾਲੇ ਪਤਾ ਨਹੀਂ ਲਗਾਇਆ ਗਿਆ ਜਦੋਂ ਵੀ ਇਸ ਬਾਰੇ ਪਤਾ ਲਗਾਇਆ ਜਾਂਦਾ ਹੈ ਤਾਂ ਸਮੇਂ ਸਿਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ, ਉਹਨਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪਬਲਿਕ ਦੀ ਸੁਵਿਧਾ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿਨਾਂ ਦਾ ਮੋਬਾਇਲ ਨੰਬਰ 97801-00498 ਅਤੇ 96468-15951 ਹੈ।