AIG Jagatpreet Singh reached SGPC office to investigate 328 sacred objects case
328 ਪਾਵਨ ਸਰੂਪ ਮਾਮਲੇ ਦੀ ਜਾਂਚ ਲਈ ਏਆਈਜੀ ਜਗਤਪ੍ਰੀਤ ਸਿੰਘ ਐੱਸਜੀਪੀਸੀ ਦਫ਼ਤਰ ਪਹੁੰਚੇ

ਅੰਮ੍ਰਿਤਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਨਾਲ ਜੁੜੇ ਗੰਭੀਰ ਮਾਮਲੇ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦੇ ਮੈਂਬਰ ਏਆਈਜੀ ਜਗਤਪ੍ਰੀਤ ਸਿੰਘ ਅਤੇ ਏਡੀਸੀਪੀ ਸਪੈਸ਼ਲ ਹਰਪਾਲ ਸਿੰਘ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਪਹੁੰਚੇ। ਇੱਥੇ ਉਨ੍ਹਾਂ ਨੇ ਐੱਸਜੀਪੀਸੀ ਦੇ ਆਨਰੇਰੀ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ।
ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਏਆਈਜੀ ਜਗਤਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਰਸਮੀ ਜਾਂਚ ਜਾਂ ਛਾਪੇਮਾਰੀ ਲਈ ਨਹੀਂ, ਬਲਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਗੁਰੂ ਮਹਾਰਾਜ ਦੇ ਗੁੰਮ ਹੋਏ ਸਰੂਪਾਂ ਨਾਲ ਸਬੰਧਤ ਰਿਕਾਰਡ ਇਕੱਠੇ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਐੱਸਆਈਟੀ ਵੱਲੋਂ ਐੱਸਜੀਪੀਸੀ ਅਧਿਕਾਰੀਆਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਲੋੜੀਂਦੇ ਦਸਤਾਵੇਜ਼ਾਂ ਲਈ ਲਿਖਤੀ ਬੇਨਤੀ ਵੀ ਸੌਂਪੀ ਗਈ ਹੈ।
ਏਆਈਜੀ ਨੇ ਦੱਸਿਆ ਕਿ ਐੱਸਜੀਪੀਸੀ ਵੱਲੋਂ ਪੂਰਾ ਸਹਿਯੋਗ ਕਰਨ ਅਤੇ ਮੰਗੇ ਗਏ ਰਿਕਾਰਡ ਸਮੇਂ ਸਿਰ ਉਪਲਬਧ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐੱਸਆਈਟੀ ਦਾ ਮੁੱਖ ਉਦੇਸ਼ ਜਸਟਿਸ ਈਸ਼ਰ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਦਰਜ 328 ਪਾਵਨ ਸਰੂਪਾਂ ਦਾ ਪਤਾ ਲਗਾਉਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਜਿੱਥੇ ਵੀ ਇਹ ਸਰੂਪ ਮੌਜੂਦ ਹਨ, ਉਨ੍ਹਾਂ ਨੂੰ ਸਿੱਖ ਮਰਿਆਦਾ ਅਨੁਸਾਰ ਸੁਰੱਖਿਅਤ ਰੱਖਿਆ ਗਿਆ ਹੋਵੇ।
ਉਨ੍ਹਾਂ ਸੋਸ਼ਲ ਮੀਡੀਆ ’ਤੇ ਚੱਲ ਰਹੇ ਉਹ ਦਾਅਵੇ ਵੀ ਸਿਰੇ ਤੋਂ ਰੱਦ ਕਰ ਦਿੱਤੇ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਐੱਸਆਈਟੀ ਪਹਿਲਾਂ ਹੀ ਕਿਸੇ ਨਤੀਜੇ ’ਤੇ ਪਹੁੰਚ ਗਈ ਹੈ ਜਾਂ 50 ਸਰੂਪ ਲੱਭ ਲਏ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਐੱਸਜੀਪੀਸੀ ਵੱਲੋਂ ਪੂਰਾ ਰਿਕਾਰਡ ਪ੍ਰਾਪਤ ਨਹੀਂ ਹੋ ਜਾਂਦਾ, ਕਿਸੇ ਵੀ ਤਰ੍ਹਾਂ ਦੀ ਖੋਜ ਜਾਂ ਨਤੀਜੇ ’ਤੇ ਪਹੁੰਚਣਾ ਸੰਭਵ ਨਹੀਂ।
ਏਆਈਜੀ ਜਗਤਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਇਸ ਵੇਲੇ ਐੱਸਆਈਟੀ ਦੀ ਕੋਈ ਵੀ ਟੀਮ ਕਿਸੇ ਹੋਰ ਥਾਂ ਨਹੀਂ ਭੇਜੀ ਗਈ। ਸਭ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਐੱਸਜੀਪੀਸੀ ਹੈੱਡਕੁਆਰਟਰ ਨਾਲ ਸੰਪਰਕ ਕੀਤਾ ਗਿਆ ਹੈ, ਕਿਉਂਕਿ ਮਾਮਲਾ ਇੱਥੇ ਦਰਜ ਹੈ। ਪ੍ਰਾਪਤ ਹੋਣ ਵਾਲੇ ਸਾਰੇ ਰਿਕਾਰਡ, ਵਿੱਤੀ ਦਸਤਾਵੇਜ਼ਾਂ ਸਮੇਤ, ਬੜੀ ਗਹਿਰਾਈ ਨਾਲ ਜਾਂਚੇ ਜਾਣਗੇ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਸੇ ਤਰ੍ਹਾਂ ਦੀ ਵਿੱਤੀ ਬੇਨਿਯਮੀਆਂ ਜਾਂ ਸਰੂਪਾਂ ਦੇ ਗਾਇਬ ਹੋਣ ਦੀ ਘਟਨਾ ਹੋਈ ਸੀ ਜਾਂ ਨਹੀਂ
