“Women’s Reservation Bill Debate: MP Harsimrat Kaur Badal Raises Voice in Lok Sabha”
“ਮਹਿਲਾ ਰਾਖਵਾਂਕਰਨ ਬਿੱਲ ‘ਤੇ ਚਰਚਾ, ਲੋਕ ਸਭਾ ‘ਚ ਗਰਜੀਆਂ MP ਹਰਸਿਮਰਤ ਕੌਰ ਬਾਦਲ”

17 ਅਪ੍ਰੈਲ 2026 ਨਵੀਂ ਦਿੱਲੀ – ਲੋਕ ਸਭਾ ਵਿਚ ਮਹਿਲਾ ਰਾਖਵਾਂਕਰਨ ਬਿੱਲ ਉੱਤੇ ਚੱਲ ਰਹੀ ਚਰਚਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਤੇ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਮਹਿਲਾ ਰਾਖਵਾਂਕਰਨ ਬਿੱਲ 2023 ਵਿਚ ਹੀ ਪਾਸ ਹੋ ਚੁੱਕਿਆ ਹੈ, ਫਿਰ ਵੀ ਇਸ ਨੂੰ ਲਾਗੂ ਨਾ ਕਰਕੇ ਦੇਸ਼ ਦਾ ਚੋਣ ਨਕਸ਼ਾ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਸੀਂ ਹੱਦਬੰਦੀ ਬਿੱਲ ਦਾ ਸਮਰਥਨ ਨਹੀਂ ਕਰਦੇ ਕਿਉਂਕਿ ਕੇਂਦਰ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ। ਉਨ੍ਹਾਂ ਪੁੱਛਿਆ ਕਿ ਮਹਿਲਾ ਰਾਖਵਾਂਕਰਨ ਨਵੀਆਂ 50 ਫ਼ੀਸਦੀ ਸੀਟਾਂ ਉੱਤੇ ਹੀ ਕਿਉਂ ਲਾਗੂ ਕੀਤਾ ਜਾਣਾ ਚਾਹੀਦਾ ਹੈ? ਉਨ੍ਹਾਂ ਮੰਗ ਕੀਤੀ ਕਿ ਰਾਖਵਾਂਕਰਨ ਮੌਜੂਦਾ ਸੰਸਦੀ ਸਮਰੱਥਾ ਉੱਤੇ ਬਿਨਾਂ ਹੱਦਬੰਦੀ ਲਾਗੂ ਕੀਤਾ ਜਾਵੇ ਤਾਂ ਜੋ ਔਰਤਾਂ ਨੂੰ ਅਸਲ ਲਾਭ ਮਿਲ ਸਕੇ।
ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਵਿਚ ਦਲਿਤਾਂ ਤੇ OBC ਵਰਗਾਂ ਨਾਲ ਕਾਫ਼ੀ ਬੇਇਨਸਾਫ਼ੀ ਹੋ ਰਹੀ ਹੈ ਤੇ ਇਹ ਬਿੱਲ ਉਨ੍ਹਾਂ ਖਿਲਾਫ਼ ਵੀ ਹੈ। ਬਾਦਲ ਨੇ ਲੋਕ ਸਭਾ ਵਿਚ ਗਰਜਦਿਆਂ ਕਿਹਾ ਕਿ ਅਸੀਂ ਮਹਿਲਾ ਰਾਖਵਾਂਕਰਨ ਦੇ ਹੱਕ ਵਿਚ ਹਾਂ, ਪਰ ਇਸ ਨੂੰ ਠੀਕ ਤਰੀਕੇ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੇ ਬਿਆਨ ਤੋਂ ਬਾਅਦ ਸਦਨ ਵਿਚ ਚਰਚਾ ਹੋਰ ਤੇਜ਼ ਹੋ ਗਈ ਹੈ।
