A Nagar Kirtan was organized in Batala to mark the wedding anniversary of Guru Nanak Dev Ji; hundreds of thousands of devotees paid their obeisance
ਬਟਾਲਾ ‘ਚ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ‘ਤੇ ਨਗਰ ਕੀਰਤਨ ਸਜਿਆ, ਲੱਖਾਂ ਸੰਗਤ ਹੋਈ ਨਤਮਸਤਕ
ਬਟਾਲਾ (ਆਵਾਜ਼ਿ ਕੌਮ ਬਿਊਰੋ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 539ਵੇਂ ਵਿਆਹ ਪੁਰਬ ਨੂੰ ਸਮਰਪਿਤ ਅੱਜ ਬਟਾਲਾ ਸ਼ਹਿਰ ਗੁਰੂ ਦੀ ਬਾਣੀ ਤੇ ਜੈਕਾਰਿਆਂ ਨਾਲ ਗੂੰਜ ਉੱਠਿਆ। ਵੱਡੀ ਤਾਦਾਦ ‘ਚ ਸੰਗਤ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ। ਬੀਤੀ ਰਾਤ ਸੁਲਤਾਨਪੁਰ ਲੋਧੀ ਤੋਂ ਬਰਾਤ ਦੇ ਰੂਪ ‘ਚ ਆਇਆ ਮਹਾਨ ਨਗਰ ਕੀਰਤਨ ਦੇਰ ਰਾਤ ਬਟਾਲਾ ਪਹੁੰਚਿਆ ਸੀ, ਜਿਸ ਦਾ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਅੱਜ ਸਵੇਰੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਜੋ ਕਿ ਮਾਤਾ ਸੁਲੱਖਣੀ ਜੀ ਦਾ ਜਨਮ ਅਸਥਾਨ ਹੈ ਅਤੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਨੰਦ ਕਾਰਜ ਹੋਏ ਸਨ, ਤੋਂ ਮਹਾਨ ਨਗਰ ਕੀਰਤਨ ਦੀ ਆਰੰਭਤਾ ਹੋਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਅਰਦਾਸ ਉਪਰੰਤ ਨਗਰ ਕੀਰਤਨ ਰਵਾਨਾ ਹੋਇਆ। ਇਹ ਨਗਰ ਕੀਰਤਨ ਪੂਰਾ ਦਿਨ ਬਟਾਲਾ ਦੇ ਵੱਖ-ਵੱਖ ਬਾਜ਼ਾਰਾਂ ‘ਚੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸੰਪੂਰਨ ਹੋਵੇਗਾ। ਨਗਰ ਕੀਰਤਨ ‘ਚ ਪੰਜਾਬ ਪੁਲਸ ਦੇ ਬੈਂਡ ਅਤੇ ਗੱਤਕਾ ਪਾਰਟੀਆਂ ਵੱਲੋਂ ਆਪਣੇ ਜੌਹਰ ਦਿਖਾਏ ਗਏ। ਇਸ ਮੌਕੇ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਵੀ ਨਤਮਸਤਕ ਹੋਣ ਪਹੁੰਚੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਕਿਹਾ ਕਿ ਇਸ ਪਵਿੱਤਰ ਪੁਰਬ ‘ਤੇ ਲੱਖਾਂ ਦੀ ਤਾਦਾਦ ‘ਚ ਸੰਗਤ ਦੀ ਆਮਦ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਉਪਦੇਸ਼ਾਂ ਨਾਲ ਹਰ ਸਿੱਖ ਨੂੰ ਜੁੜਨ ਦੀ ਲੋੜ ਹੈ। ਵਿਆਹ ਪੁਰਬ ਨੂੰ ਲੈ ਕੇ ਸੰਗਤ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਬਟਾਲਾ ਦੇ ਵਸਨੀਕਾਂ ਵੱਲੋਂ ਥਾਂ-ਥਾਂ ‘ਤੇ ਸੰਗਤ ਦੇ ਸਵਾਗਤ ਲਈ ਲੰਗਰ ਅਤੇ ਛਬੀਲਾਂ ਦਾ ਪ੍ਰਬੰਧ ਕੀਤਾ ਗਿਆ ਹੈ।

