AAP MLA from Baghapurana’s foul language! Miri Piri Khalsa March called a ‘road show’
ਬਾਘਾਪੁਰਾਣਾ ਤੋਂ AAP ਵਿਧਾਇਕ ਦੇ ਵਿਗੜੇ ਬੋਲ ! ਮੀਰੀ ਪੀਰੀ ਖਾਲਸਾ ਮਾਰਚ ਨੂੰ ਦੱਸਿਆ ‘ਰੋਡ ਸ਼ੋਅ’
Chandigarn (ਆਵਾਜ਼ਿ ਕੌਮ ਬਿਊਰੋ)-ਪੰਜਾਬ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਸਿਆਸੀ ਮੁੱਦਾ ਬਣਾਇਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਜਿਥੇ ਆਪਣੇ ਢੰਗ ਨਾਲ ਬੇਅਦਬੀ ਵਿਰੋਧੀ ਕਾਨੂੰਨ ਨੂੰ ਲਾਗੂ ਕਰਵਾਉਣ ਲਈ ਤਤਪਰ ਹੈ, ਪਰ ਦੂਜੇ ਪਾਸੇ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਹੀ ਇਨ੍ਹਾਂ ਘਟਨਾਵਾਂ ਨੂੰ ਵਧਾ ਰਹੇ ਹਨ ਅਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ। ਤਾਜ਼ਾ ਮਾਮਲਾ ਬਾਘਾਪੁਰਾਣਾ ਤੋਂ ‘ਆਪ’ ਵਿਧਾਇਕ ਅੰਮ੍ਰਿਤਪਾਲ ਸਿੰਘ ਸੁੱਖਾਨੰਦ ਦਾ ਸਾਹਮਣੇ ਆਇਆ ਹੈ, ਜਿਨ੍ਹਾਂ ਨੇ ਮੀਰੀ ਪੀਰੀ ਦੇ ਸਿਧਾਂਤ ‘ਤੇ ਕੱਢੇ ਜਾ ਰਹੇ ਖਾਲਸਾ ਮਾਰਚ ਨੂੰ ਇੱਕ ‘ਰੋਡ ਸ਼ੋਅ’ ਕਰਾਰ ਦਿੱਤਾ ਹੈ। ‘ਆਪ’ ਵਿਧਾਇਕ ਦੇ ਇਨ੍ਹਾਂ ਬੋਲਾਂ ਦਾ ਸ਼੍ਰੋਮਣੀ ਅਕਾਲੀ ਦਲ ਸਮੇਤ ਵੱਖ ਵੱਖ ਸਿੱਖ ਆਗੂਆਂ ਨੇ ਸਖਤ ਪ੍ਰਤੀਕਰਮ ਲਿਆ ਹੈ ਅਤੇ ਸਿੱਖ ਸੰਗਤ ਤੋਂ ਮੁਆਫ਼ੀ ਮੰਗਣ ਲਈ ਕਿਹਾ ਜਾ ਰਿਹਾ ਹੈ। ਦੱਸ ਦਈਏ ਕਿ ਮੀਰੀ ਪੀਰੀ ਖਾਲਸਾ ਮਾਰਚ 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਸਿਧਾਂਤਾਂ ਤੋਂ ਲੋਕਾਈ ਨੂੰ ਜਾਗਰੂਕ ਕਰਨ ਅਤੇ ਸਿੱਖੀ ਦੇ ਪ੍ਰਚਾਰ ਲਈ ਕੀਤਾ ਗਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਕੱਢਿਆ ਜਾ ਰਿਹਾ ਇਹ ਖਾਲਸਾ ਮਾਰਚ ਲਈ ਸਿੱਖ ਸੰਗਤਾਂ ਦਾ ਹੜ੍ਹ ਆਇਆ ਹੋਇਆ ਹੈ ਅਤੇ ਜਿਥੇ ਵੀ ਇਹ ਠਹਿਰਾਅ ਕਰਦਾ ਹੈ, ਸੰਗਤਾਂ ਵੱਲੋਂ ਵੱਧ ਚੜ੍ਹ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਜਾ ਰਿਹਾ ਹੈ। ਹਾਲਾਂਕਿ, ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਸ਼ਾਇਦ ਇਹ ਹਜ਼ਮ ਨਹੀਂ ਆ ਰਿਹਾ ਹੈ, ਜਿਸ ਦੀ ਉਦਾਹਰਨ ਵਿਧਾਇਕ ਸੁੱਖਾਨੰਦ ਹਨ। ਉਨ੍ਹਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ‘ਆਪ’ ਦੇ ਵਰਕਰਾਂ ਦੀ ਇੱਕ ਮੀਟਿੰਗ ਜਾਂ ਕਿਸੇ ਸਮਾਗਮ ਦੀ ਹੈ, ਜਿਸ ਵਿੱਚ ਉਹ ਸੰਬੋਧਨ ਦੌਰਾਨ ਕਹਿੰਦੇ ਹਨ, ”…ਆਪਾਂ ਬੈਠੇ ਹਾਂ ਇਥੇ, ਤੁਹਾਡੇ ਤੋਂ ਡੇਢ ਕਿਲੋਮੀਟਰ ਦੀ ਵਿੱਥ ‘ਤੇ ਇੱਕ ਬਹੁਤ ਵੱਡਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਲ ਲੈ ਕੇ ਕੀਰਤਨ ਕੱਢਿਆ ਜਾ ਰਿਹਾ ਹੈ। ਇਸ ਨੂੰ ਮੈਂ ਕੀਰਤਨ ਤਾਂ ਨਹੀਂ ਕਹਿੰਦਾ, ਇੱਕ ਰੋਡ ਸ਼ੋਅ ਦੀ ਤਰ੍ਹਾਂ ਹੈ।” ‘ਆਪ’ ਵਿਧਾਇਕ ਦੀ ਮੀਰੀ ਪੀਰੀ ਖਾਲਸਾ ਮਾਰਚ ਲਈ ਅਜਿਹੀ ਸ਼ਬਦਾਵਲੀ ਦਾ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਦੀ ਸ਼੍ਰੋਮਣੀ ਅਕਾਲੀ ਦਲ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਵੈਸੇ ‘ਆਪ’ ਵਿਧਾਇਕਾਂ ਤੋਂ ਹੋਰ ਉਮੀਦ ਵੀ ਕੀ ਕੀਤੀ ਜਾ ਸਕਦੀ ਹੈ, ਕਿਉਂ ਜਿਨ੍ਹਾਂ ਦਾ ਆਪਣਾ ਮੁੱਖ ਮੰਤਰੀ ਹੀ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾ ਰਹੇ ਹਨ। ਹੁਣ ਇਹ ਵਿਧਾਇਕ ਵੀ ਉਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕਾਂ ਦੀ ਬੋਲਬਾਲੀ ਅਸਲ ਵਿੱਚ ਆਮ ਆਦਮੀ ਪਾਰਟੀ ਦਾ ਸਿੱਖ ਵਿਰੋਧੀ ਚਿਹਰਾ ਉਜਾਗਰ ਕਰਦੀ ਹੈ।

