Accounts opened in the names of daily wage earners, involving crores of rupees..! Delhi Police busts a gang of cyber fraudsters
ਦਿਹਾੜੀਦਾਰਾਂ ਦੇ ਨਾਂ ‘ਤੇ ਖੁਲਵਾਏ ਅਕਾਊਂਟ, ਕਰੋੜਾਂ ਰੁਪਏ..!, ਦਿੱਲੀ ਪੁਲਸ ਨੇ ਸਾਈਬਰ ਠੱਗਾਂ ਦੇ ਗਿਰੋਹ ਦਾ ਕੀਤਾ ਪਰਦਾਫਾਸ਼
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਦਿੱਲੀ ਪੁਲਸ ਨੇ 37 ਸ਼ੱਕੀ ‘ਮਿਊਲ’ (ਗੈਰ-ਕਾਨੂੰਨੀ ਲੈਣ-ਦੇਣ ‘ਚ ਇਸਤੇਮਾਲ) ਬੈਂਕ ਖਾਤਿਆਂ ਨਾਲ ਜੁੜੇ ਇਕ ਸਾਈਬਰ ਧੋਖਾਧੜੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ, ਜਿਸ ‘ਚ 7.36 ਕਰੋੜ ਰੁਪਏ ਜਮ੍ਹਾਂ ਹੋਏ ਸਨ ਅਤੇ ਇਸ ਬਾਰੇ ਪੂਰੇ ਭਾਰਤ ਭਰ ‘ਚ 99 ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ। ਪੁਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਮਾਮਲੇ ‘ਚ ਇਕ ਨਿੱਜੀ ਬੈਂਕ ਦੇ ਸ਼ਾਖਾ ਪ੍ਰਬੰਧਕ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਦਿਹਾੜੀ ਮਜ਼ਦੂਰਾਂ ਤੋਂ ਪ੍ਰਾਪਤ ‘ਗਾਹਕ ਕੋ ਜਾਣੋ’ (ਕੇਵਾਈਸੀ) ਦਸਤਾਵੇਜ਼ਾਂ ਅਤੇ ਜਾਅਲੀ ਦਸਤਖਤਾਂ ਦੀ ਵਰਤੋਂ ਕਰਕੇ ਬੈਂਕ ਖਾਤੇ ਖੋਲ੍ਹੇ, ਜਦੋਂ ਕਿ ਠੱਗੀ ਦੀ ਰਾਸ਼ੀ ਦਾ ਇਕ ਹਿੱਸਾ ਕ੍ਰਿਪਟੋਕਰੰਸੀ ‘ਚ ਬਦਲ ਦਿੱਤਾ ਗਿਆ। ਜਾਂਚ ‘ਚ ਇਕ ਨਿੱਜੀ ਬੈਂਕ ਦੀ ਸਰਸਵਤੀ ਵਿਹਾਰ ਸ਼ਾਖਾ ‘ਚ 17 ਸ਼ੱਕੀ ਅਤੇ ਤ੍ਰਿਨਗਰ ‘ਚ 20 ਸ਼ੱਕੀ ‘ਮਿਊਲ’ ਖਾਤਿਆਂ ਦਾ ਖੁਲਾਸਾ ਹੋਇਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਖਾਤੇ ਦੇਸ਼ ਭਰ ‘ਚ ਦਾਇਰ 99 ਸਾਈਬਰ ਧੋਖਾਧੜੀ ਸ਼ਿਕਾਇਤਾਂ ਨਾਲ ਜੁੜੇ ਹੋਏ ਸਨ, ਜਿਨ੍ਹਾਂ ‘ਚ ਲਗਭਗ 7.36 ਕਰੋੜ ਜਮ੍ਹਾਂ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ‘ਮਿਊਲ’ ਖਾਤਿਆਂ ਦੇ ਡਾਟਾ ਦੀ ਜਾਂਚ ਕਰਦੇ ਸਮੇਂ ਤ੍ਰਿਨਗਰ ਸ਼ਾਖਾ ਅਜਿਹੇ ਖਾਤੇ ਖੋਲ੍ਹਣ ਲਈ ਇਕ ਸ਼ੱਕੀ ਕੇਂਦਰ ਵਜੋਂ ਉਭਰੀ। ਪੁਲਸ ਨੇ ਕਿਹਾ ਕਿ ਇਕ ਖਾਤੇ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਦੇ ਧਾਰਕ ਰਾਹੁਲ ਨੇ ਨਾ ਤਾਂ ਕਦੇ ਬਰਾਂਚ ਦਾ ਦੌਰਾ ਕੀਤਾ ਸੀ ਅਤੇ ਨਾ ਹੀ ਖਾਤਾ ਖੋਲ੍ਹਣ ਲਈ ਅਰਜ਼ੀ ਦਿੱਤੀ ਸੀ। ਉਸੇ ਬਰਾਂਚ ਦੇ 2 ਹੋਰ ਸ਼ੱਕੀ ਖਾਤਿਆਂ ਨਾਲ ਜੁੜੇ ਪਤੇ ਵੀ ਫਰਜ਼ੀ ਪਾਏ ਗਏ। ਅਧਿਕਾਰੀ ਨੇ ਕਿਹਾ ਕਿ ਜਾਂਚ ਤੋਂ ਬਾਅਦ 17 ਜੂਨ ਨੂੰ ਇਕ ਐੱਫਆਈਆਰ ਦਰਜ ਕੀਤੀ ਗਈ ਸੀ ਅਤੇ ਇਸ ਜਾਂਚ ਦੌਰਾਨ, ਤ੍ਰਿਨਗਰ ਸ਼ਾਖਾ ‘ਚ 17 ਹੋਰ ਖਾਤੇ ਜਾਂਚ ਦੇ ਘੇਰੇ ‘ਚ ਆਏ ਸਨ। ਅਧਿਕਾਰੀ ਨੇ ਕਿਹਾ ਕਿ ਜਾਂਚ ਦੌਰਾਨ, ਪੁਲਸ ਨੇ ਪਾਇਆ ਕਿ ਖਾਤਾ ਧਾਰਕਾਂ ਦੇ ਪਤੇ ਮੌਜੂਦ ਨਹੀਂ ਸਨ ਅਤੇ ਉਨ੍ਹਾਂ ਦੀਆਂ ਫੋਟੋਆਂ ਅਤੇ ਕੇਵਾਈਸੀ ਦਸਤਾਵੇਜ਼ ਨਿੱਜੀ ਤੌਰ ‘ਤੇ ਨਹੀਂ ਲਏ ਗਏ ਸਨ, ਜਿਸ ਨਾਲ ਬੈਂਕ ਕਰਮਚਾਰੀਆਂ ਅਤੇ ਹੋਰ ਮੁਲਜ਼ਮਾਂ ਨਾਲ ਜੁੜੇ ਇਕ ਵੱਡੇ ਰੈਕੇਟ ਦਾ ਸ਼ੱਕ ਪੈਦਾ ਹੁੰਦਾ ਹੈ। ਅਧਿਕਾਰੀ ਨੇ ਕਿਹਾ ਕਿ ਰਜਿਸਟਰਡ ਮੋਬਾਈਲ ਨੰਬਰਾਂ, ਈਮੇਲ ਆਈਡੀ ਅਤੇ ਤਕਨੀਕੀ ਵਿਸ਼ਲੇਸ਼ਣ ਰਾਹੀਂ, ਪੁਲਸ ਨੇ ਮਯੰਕ ਕਪੂਰ ਉਰਫ਼ ਰਿੰਕੂ (35), ਜੋ ਕਿ “ਮਿਊਲ” ਖਾਤਿਆਂ ਦਾ ਇਕ ਕਥਿਤ ਸੰਚਾਲਕ ਸੀ, ਦੀ ਪਛਾਣ ਕੀਤੀ ਅਤੇ ਉਸ ਨੂੰ ਦਿੱਲੀ ਦੇ ਬਾਬਾ ਹਰੀਦਾਸ ਨਗਰ ਤੋਂ ਗ੍ਰਿਫਤਾਰ ਕੀਤਾ। ਪੁੱਛਗਿੱਛ ਦੌਰਾਨ, ਕਪੂਰ ਨੇ ਕਥਿਤ ਤੌਰ ‘ਤੇ ਖੁਲਾਸਾ ਕੀਤਾ ਕਿ ਉਸ ਨੇ ਤਿਹਾੜੀ ਮਜ਼ਦੂਰੀ ਕਰਨ ਵਾਲੇ ਮਜ਼ਦੂਰਾਂ ਦੇ ਨਾਮ ‘ਤੇ ਸਿਮ ਕਾਰਡਾਂ ਦਾ ਪ੍ਰਬੰਧ ਕੀਤਾ ਅਤੇ ਕਰਜ਼ੇ ਮਨਜ਼ੂਰ ਕਰਨ ਦੇ ਬਹਾਨੇ ਮੋਬਾਈਲ ਫੋਨ ‘ਤੇ ਉਨ੍ਹਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਕੇਵਾਈਸੀ ਦਸਤਾਵੇਜ਼ ਅਤੇ ਫੋਟੋਆਂ ਪ੍ਰਾਪਤ ਕੀਤੀਆਂ। ਪੁਲਸ ਨੇ ਕਿਹਾ ਕਿ ਕਪੂਰ ਨਿੱਜੀ ਬੈਂਕ ਦੀ ਸਰਸਵਤੀ ਵਿਹਾਰ ਸ਼ਾਖਾ ਦੇ ਮੈਨੇਜਰ ਸ਼ੋਭਿਤ ਅਗਰਵਾਲ (38) ਦੇ ਸੰਪਰਕ ‘ਚ ਆਇਆ, ਜਿਸ ਨੇ ਕਥਿਤ ਤੌਰ ‘ਤੇ ਖਾਤਾ ਧਾਰਕਾਂ ਦੀ ਮੌਜੂਦਗੀ ਤੋਂ ਬਿਨਾਂ ਖਾਤੇ ਖੋਲ੍ਹਣ ‘ਚ ਮਦਦ ਕੀਤੀ। ਉਨ੍ਹਾਂ ਦੇ ਨਾਵਾਂ ‘ਤੇ ਜਾਅਲੀ ਦਸਤਖਤਾਂ ਦੀ ਵਰਤੋਂ ਕੀਤੀ ਗਈ। ਪੁਲਸ ਨੇ ਕਿਹਾ ਕਿ ਅਗਰਵਾਲ ਨੇ ਬਾਅਦ ‘ਚ ਕਪੂਰ ਨੂੰ ਤ੍ਰਿਨਗਰ ਸ਼ਾਖਾ ਦੇ ਮੈਨੇਜਰ ਸੁਸ਼ਾਂਤ ਕੁਮਾਰ ਨਾਲ ਮਿਲਾਇਆ, ਅਤੇ ਬੈਂਕ ਕਰਮਚਾਰੀਆਂ ਦੀ ਕਥਿਤ ਸਹਾਇਤਾ ਨਾਲ, ਮੁਲਜ਼ਮਾਂ ਨੇ ਸਰਸਵਤੀ ਵਿਹਾਰ ‘ਚ ਲਗਭਗ 17 “ਮਿਊਲ” ਖਾਤੇ ਅਤੇ ਤ੍ਰਿ ਨਗਰ ‘ਚ 20 ਖਾਤੇ ਖੋਲ੍ਹਣ ਦਾ ਪ੍ਰਬੰਧ ਕੀਤਾ। ਪੁਲਸ ਨੇ ਇਹ ਵੀ ਪਾਇਆ ਕਿ ਵਿਕਰੀ ਟੀਮ ਦੇ ਮੈਂਬਰਾਂ ਮਨੋਜ, ਅੰਕੁਰ, ਫਾਤਿਮਾ ਅਤੇ ਪੰਕਜ ਨੇ ਕਥਿਤ ਤੌਰ ‘ਤੇ ਖਾਤਿਆਂ ਦੀ ਪ੍ਰਕਿਰਿਆ ਕੀਤੀ, ਜਿਨ੍ਹਾਂ ਨੂੰ ਬਾਅਦ ‘ਚ ਦੋ ਸ਼ਾਖਾ ਪ੍ਰਬੰਧਕਾਂ ਦੁਆਰਾ ਮਨਜ਼ੂਰੀ ਦਿੱਤੀ ਗਈ।

