Left-wing parties protest against SIR in Delhi; 100 taken into custody
ਦਿੱਲੀ ’ਚ SIR ਖਿਲਾਫ ਖੱਬੀਆਂ ਪਾਰਟੀਆਂ ਦਾ ਪ੍ਰਦਰਸ਼ਨ, 100 ਹਿਰਾਸਤ ’ਚ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਦਿੱਲੀ ਦੇ ਬੰਗਲਾ ਸਾਹਿਬ ਗੁਰਦੁਆਰੇ ਨੇੜੇ ਸ਼ੁੱਕਰਵਾਰ ਨੂੰ ਐੱਸ.ਆਈ.ਆਰ. ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਪੋਸਟਰ ਲੈ ਕੇ ਪਹੁੰਚੇ ਅਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ। ਪ੍ਰਦਰਸ਼ਨ ਲੱਗਭਗ 3 ਘੰਟੇ ਚੱਲਿਆ। ਇਹ ਪ੍ਰਦਰਸ਼ਨ ਪੀਪਲ ਅਗੇਂਸਟ ਐੱਸ. ਆਈ. ਆਰ. ਅਤੇ ਵਿਦਿਆਰਥੀ ਸੰਗਠਨ ਏ. ਆਈ. ਐੱਸ. ਏ. ਨੇ ਕੀਤਾ। ਸੰਗਠਨਾਂ ਨੇ ਬੰਗਲਾ ਸਾਹਿਬ ਤੋਂ ਚੋਣ ਕਮਿਸ਼ਨ ਦਫਤਰ ਤੱਕ ਮਾਰਚ ਕੀਤਾ। ਪੁਲਸ ਨੇ ਰਸਤੇ ’ਚ ਹੀ ਲੱਗਭਗ 100 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲੈ ਲਿਆ। ਪ੍ਰਦਰਸ਼ਨਕਾਰੀ ਤਿਰੰਗਾ ਅਤੇ ਸੰਗਠਨ ਦੇ ਬੈਨਰ ਲੈ ਕੇ ਮਾਰਚ ’ਚ ਸ਼ਾਮਲ ਹੋਏ। ਪ੍ਰਦਰਸ਼ਨਕਾਰੀਆਂ ਨੇ ‘ਗਿਆਨੇਸ਼ ਕੁਮਾਰ ਅਸਤੀਫਾ ਦਿਓ’, ‘ਐੱਸ. ਆਈ. ਆਰ. ਰੋਕੋ’ ਅਤੇ ‘ਵੋਟ ਚੋਰੀ ਬਰਦਾਸ਼ਤ ਨਹੀਂ ਕਰਾਂਗੇ’ ਵਰਗੇ ਨਾਅਰੇ ਲਾਏ। ਮਾਰਚ ’ਚ ਸੀ. ਪੀ. ਐੱਮ. ਦੀ ਸੀਨੀਅਰ ਨੇਤਾ ਵ੍ਰਿੰਦਾ ਕਰਾਤ, ਆਲ ਇੰਡੀਆ ਡੈਮੋਕ੍ਰੇਟਿਕ ਵੂਮੈਨਸ ਐਸੋਸੀਏਸ਼ਨ (ਏ. ਆਈ. ਡੀ. ਡਬਲਿਊ. ਏ.) ਅਤੇ ਆਲ ਇੰਡੀਆ ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ (ਏ. ਆਈ. ਡੀ. ਐੱਸ. ਓ.) ਦੇ ਮੈਂਬਰ ਵੀ ਸ਼ਾਮਲ ਹੋਏ। ਦਿੱਲੀ ’ਚ ਐੱਸ. ਆਈ. ਆਰ. ਦੀ ਵਾਪਸੀ ਤੇ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪਿਛਲੇ 22 ਦਿਨਾਂ ’ਚ 9 ਤੋਂ ਵੱਧ ਵਾਰ 10 ਪਾਰਟੀਆਂ ਤੇ ਸੰਗਠਨ ਸੜਕਾਂ ’ਤੇ ਉਤਰ ਚੁੱਕੇ ਹਨ। ਇਨ੍ਹਾਂ ’ਚ ਇੰਡੀਆ ਗੱਠਜੋੜ, ਸੀ. ਜੇ. ਪੀ., ‘ਆਪ’, ਲੈਫਟ, ਏ. ਆਈ. ਐੱਸ. ਏ., ਐੱਸ. ਐੱਫ. ਆਈ., ਐੱਸ. ਕੇ. ਐੱਮ. ਅਤੇ ਵਿਦਿਆਰਥੀ-ਨਾਗਰਿਕ ਅਧਿਕਾਰ ਸੰਗਠਨ ਸ਼ਾਮਲ ਹਨ। ਮਾਰਚ ਤੋਂ ਪਹਿਲਾਂ ਬੰਗਲਾ ਸਾਹਿਬ ਗੁਰਦੁਆਰੇ ਨੇੜੇ ਸੁਰੱਖਿਆ ਵਧਾ ਦਿੱਤੀ ਗਈ ਸੀ ਅਤੇ ਵੱਡੀ ਗਿਣਤੀ ਵਿਚ ਦਿੱਲੀ ਪੁਲਸ ਅਤੇ ਰੈਪਿਡ ਐਕਸ਼ਨ ਫੋਰਸ (ਆਰ. ਏ. ਐੱਫ.) ਦੇ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਜਦੋਂ ਪ੍ਰਦਰਸ਼ਨਕਾਰੀਆਂ ਨੂੰ ਪੁਲਸ ਨੇ ਰੋਕਿਆ, ਤਾਂ ਉਹ ਸੜਕ ’ਤੇ ਬੈਠ ਗਏ ਅਤੇ ਪ੍ਰਬੰਧਕਾਂ ਵੱਲੋਂ ਐਲਾਨ ਕੀਤੇ ਅਨੁਸਾਰ ‘ਜਨ ਸੰਸਦ’ ਦਾ ਆਯੋਜਨ ਕੀਤਾ। ਇਸ ਦੌਰਾਨ ਇਕ ਪ੍ਰਦਰਸ਼ਨਕਾਰੀ ਨੇ ਕਿਹਾ, ‘‘ਇਹ ਜੰਤਰ-ਮੰਤਰ ਨੂੰ ਨਿਰਧਾਰਤ ਪ੍ਰਦਰਸ਼ਨ ਸਥਾਨ ਵਜੋਂ ਬਹਾਲ ਕਰਨ ਦਾ ਮਾਮਲਾ ਨਹੀਂ ਹੈ, ਸਗੋਂ ਲੋਕਤੰਤਰ ਤੇ ਦੇਸ਼ ਨੂੰ ਬਚਾਉਣ ਦੀ ਲੜਾਈ ਹੈ।’’

