After France, a complete ban on burqa may soon be imposed in Italy too
ਫਰਾਂਸ ਤੋਂ ਬਾਅਦ ਹੁਣ ਇਟਲੀ ‘ਚ ਵੀ ਜਲਦ ਲੱਗ ਸਕਦੀ ਹੈ ਬੁਰਕੇ ‘ਤੇ ਪੂਰਨ ਪਾਬੰਦੀ
ਇਟਲੀ (ਆਵਾਜ਼ਿ ਕੌਮ ਬਿਊਰੋ)-ਇਟਲੀ ਦੇ ਸਕੂਲਾਂ ਵਿੱਚ ਬੁਰਕੇ ‘ਤੇ ਪਾਬੰਦੀ ਲਗਾਉਣ ਲਈ ਸੰਭਾਵਿਤ ਸੋਧ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਸ ਤੇ ਸਿੱਖਿਆ ਮੰਤਰੀ ਜੁਸੇਪੇ ਵਾਲਦੀਤਾਰਾ ਵਿਚਾਰ ਕਰ ਰਹੇ ਹਨ। ਇਹ ਸੋਧ ਔਰਤਾਂ ਦੇ ਮਾਣ ਅਤੇ ਮਰਦਾਂ ਤੇ ਔਰਤਾਂ ਵਿਚਕਾਰ ਸਮਾਨਤਾ ਦੇ ਮੁੱਲਾਂ ਦੀ ਪੁਸ਼ਟੀ ਕਰਨ ਲਈ ਮਹੱਤਵਪੂਰਨ ਹੈ। ਇਹ ਮੰਦਭਾਗਾ ਹੈ ਕਿ ਜਦੋਂ ਬੁਰਕੇ ਲਈ ਕੋਈ ਠੋਸ ਕਾਰਵਾਈ ਕਰਨ ਦੀ ਗੱਲ ਆਉਂਦੀ ਹੈ ਤਾਂ ਡੈਮੋਕ੍ਰੇਟਿਕ ਪਾਰਟੀ ਅਤੇ ਸੀ ਜੀ ਆਈ ਐਲ (ਜਨਤਕ ਜੱਥੇਬੰਦੀ) ਹਮੇਸ਼ਾ ਇੱਕ ਕਦਮ ਪਿੱਛੇ ਰਹਿੰਦੇ ਹਨ।ਇਹ ਸੰਵਿਧਾਨਕ ਕਦਰਾਂ-ਕੀਮਤਾਂ ਦੀ ਰੱਖਿਆ ਕਰਨ ਦੀ ਬਜਾਏ ਵਿਵਾਦ ਅਤੇ ਲੋਕ-ਵਿਰੋਧ ਮਸਲੇ ਖੜ੍ਹੇ ਕਰਨ ਨੂੰ ਤਰਜੀਹ ਦਿੰਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇਟਲੀ ਦੇ ਸਿੱਖਿਆ ਮੰਤਰੀ ਜੁਸੇਪੇ ਵਾਲਦੀਤਾਰਾ ਨੇ ਇਟਲੀ ਦੇ ਪ੍ਰੈੱਸ ਨਾਲ ਕੀਤਾ। ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਸੱਚੀ ਏਕਤਾ ਦਾ ਮੁੱਦਾ ਹੈ ਯਾਨੀ ਕਿ ਸਾਡੀਆਂ ਕਦਰਾਂ-ਕੀਮਤਾਂ ਨੂੰ ਸਾਂਝਾ ਕਰਨਾ। ਇਸ ਲਈ ਇਹ ਸਪੱਸ਼ਟ ਹੈ ਕਿ ਜੇਕਰ ਕੋਈ ਕੁੜੀ ਨਕਾਬ ਜਾਂ ਬੁਰਕਾ ਪਾਕੇ ਕਲਾਸ ਵਿੱਚ ਦਾਖਲ ਹੁੰਦੀ ਹੈ ਤਾਂ ਇਸ ਦਾ ਮਤਲਬ ਹੈ ਉਸ ਦੀ ਪਛਾਣ, ਉਸ ਵਿਅਕਤੀ ਨੂੰ ਨਾ ਪਛਾਣਨਾ ਇਹ ਕਾਰਵਾਈ ਆਪਸੀ ਤਾਲਮੇਲ ਨੂੰ ਵੀ ਨੁਕਸਾਨ ਪਹੁੰਚਾਉੇਂਦਾ ਹੈ। ਇਟਲੀ ਦੇ ਸਿੱਖਿਆ ਮੰਤਰੀ ਜੁਸੇਪੇ ਵਾਲਦੀਤਾਰਾ ਨੇ ਗੰਭੀਰਤਾ ਨਾਲ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਬੁਰਕਾ ਜਾਂ ਨਕਾਬ ਅਜਿਹੇ ਕੱਪੜਿਆਂ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਦਾ ਸਮਾਂ ਆ ਗਿਆ ਹੈ ਜੋ ਔਰਤਾਂ ਦੀ ਸ਼ਖ਼ਸੀਅਤ ਅਤੇ ਆਜ਼ਾਦੀ ਨੂੰ ਖਤਮ ਕਰਦੇ ਹਨ।ਇਹ ਪਰਦਾ ਕਰਨਾ ਲਿੰਗ ਸਮਾਨਤਾ ਦੇ ਵੀ ਵਿਰੁੱਧ ਹੈ। ਇਹ ਕਾਰਵਾਈ ਸਕੂਲਾਂ ਤੋਂ ਸ਼ੁਰੂ ਹੋ ਬਹੁਤ ਅੱਗੇ ਤੱਕ ਜਾਂਦੀ ਹੈ, ਜਿਸ ਸੰਬਧੀ ਸੁੱਰਖਿਆ ਬਿੱਲ ਵਿੱਚ ਸੋਧ ਕਰਨ ਦੀ ਜਾਣਕਾਰੀ ਉਹਨਾਂ ਪ੍ਰੈੱਸ ਨੂੰ ਦਿੱਤੀ। ਸਿੱਖਿਆ ਮੰਤਰੀ ਜੁਸੇਪੇ ਵਾਲਦੀਤਾਰਾ ਦੇ ਬੁਰਕੇ ਸੰਬਧੀ ਇਹਨਾਂ ਵਿਚਾਰਾਂ ਤੋਂ ਕਿਆਫੇ ਲੱਗ ਰਹੇ ਹਨ ਕਿ ਹੁਣ ਫਰਾਂਸ ਤੋਂ ਬਾਅਦ ਇਟਲੀ ਵੀ ਧਾਰਮਿਕ ਕੱਟੜਤਾ ਨੂੰ ਪਛਾੜਦਿਆਂ ਬੁਰਕੇ ਨੂੰ ਪੂਰਨ ਤੌਰ ‘ਤੇ ਜਨਤਕ ਥਾਵਾਂ, ਸਰਕਾਰੇ ਦਰਬਾਰੇ ਤੇ ਸਕੂਲ ਕਾਲਜਾਂ ਵਿੱਚ ਪਾਕੇ ਆਉਣ ‘ਤੇ ਪਾਬੰਦੀ ਲਗਾ ਸਕਦਾ ਹੈ। ਜ਼ਿਕਰਯੋਗ ਹੈ ਕਿ ਯੂਰਪ ਦੇ ਕਈ ਦੇਸ਼ਾਂ ਨੇ ਆਪਣੇ ਸੰਸਦ ਵਿੱਚ ਜਨਤਕ ਤੌਰ ‘ਤੇ ਚਿਹਰਾ ਢੱਕਣ ‘ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਪੇਸ਼ ਕੀਤੇ, ਜਿਹਨਾਂ ਵਿੱਚ ਫਰਾਂਸ,ਬੈਲਜੀਅਮ, ਨੀਦਰਲੈਂਡ, ਆਸਟਰੀਆ, ਡੈਨਮਾਰਕ ਅਤੇ ਬੁਲਗਾਰੀਆ ਆਦਿ ਅਹਿਮ ਹਨ।

