Akali Dal delegation led by Sukhbir Badal will meet the Governor
ਸੁਖਬੀਰ ਬਾਦਲ ਦੀ ਅਗਵਾਈ ‘ਚ ਰਾਜਪਾਲ ਨੂੰ ਮਿਲੇਗਾ ਅਕਾਲੀ ਦਲ ਦਾ ਵਫ਼ਦ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦਾ ਇਕ ਵਫਦ ਭਲਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰ ਕੇ ਸੂਬੇ ਵਿਚ ਹੋਏ ਪ੍ਰੀਖਿਆਵਾਂ ਦੇ ਪੇਪਰ ਲੀਕ ਮਾਮਲੇ ਦੀ ਨਿਰਪੱਖ ਜਾਂਚ ਅਤੇ ਬਰਨਾਲਾ ਵਿਚ ਐੱਸ ਸੀ ਸਫਾਈ ਸੇਵਕਾਂ ਦੀ ਬੇਰਹਿਮੀ ਨਾਲ ਕੁੱਟਮਾਰ ਲਈ ਜ਼ਿੰਮੇਵਾਰ ਪੁਲਸ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕਰੇਗਾ। ਇਸ ਬਾਬਤ ਫੈਸਲਾ ਅੱਜ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਵਿਚ ਲਿਆ ਗਿਆ ਜਿਸ ਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ। ਇਸ ਬਾਰੇ ਵੇਰਵੇ ਦਿੰਦਿਆਂ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅਕਾਲੀ ਦਲ ਦਾ ਵਫਦ ਰਾਜਪਾਲ ਦੇ ਘਿਆਨ ਵਿਚ ਲਿਆਵੇਗਾ ਕਿ ਕਿਵੇਂ ਸੂਬੇ ਵਿਚ ਵਾਰ-ਵਾਰ ਪੇਪਰ ਲੀਕ ਹੋ ਰਹੇ ਹਨ ਤੇ ਨਾਲ ਹੀ ਦੱਸੇਗਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਪੇਪਰ ਲੀਕ ਦੀ ਜਾਂਚ ਦੇ ਰਾਹ ਵਿਚ ਅੜਿਕੇ ਲਗਾ ਰਹੀ ਹੈ ਤੇ ਇਸ ਲਈ ਜ਼ਿੰਮੇਵਾਰੀ ਤੈਅ ਕਰਨ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਵਫਦ ਰਾਜਪਾਲ ਦੇ ਇਹ ਵੀ ਧਿਆਨ ਵਿਚ ਲਿਆਵੇਗਾ ਕਿ ਕਿਵੇਂ ਹਾਲ ਹੀ ਵਿਚ ਫਾਰਮੇਸੀ ਅਫਸਰ ਦਾ ਪੇਪਰ ਲੀਕ ਹੋਇਆ ਤੇ ਹੋਰ ਪੇਪਰ ਲੀਕ ਹੋਏ ਤੇ ਬੇਨਤੀ ਕਰੇਗਾ ਕਿ ਨਿਆਂ ਦੇ ਹੱਕ ਵਿਚ ਇਹ ਸਾਰੀਆਂ ਭਰਤੀਆਂ ਰੱਦ ਕੀਤੀਆਂ ਜਾਣ। ਅਕਾਲੀ ਆਗੂ ਨੇ ਕਿਹਾ ਕਿ ਜਿਸ ਤਰੀਕੇ ਬਰਨਾਲਾ ਵਿਚ ਦਲਿਤ ਮਹਿਲਾ ਸਫਾਈ ਸੇਵਕਾਂ ਦੀ ਡਾਂਗਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਉਹਨਾਂ ਦੇ ਸਿਰਾਂ ’ਤੇ ਡਾਂਗਾ ਮਾਰੀਆਂ ਗਈਆਂ, ਇਹ ਇਸ ਗੱਲ ਦਾ ਸਬੂਤ ਹੈ ਕਿ ਆਪ ਸਰਕਾਰ ਨੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਨਾਲ ਨਜਿੱਠਣ ਵਾਸਤੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਦੋਸ਼ੀ ਪੁਲਿਸ ਅਫਸਰਾਂ ਦੇ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਅਤੇ ਐਸ ਸੀ ਤੇ ਐਸ ਟੀ ਐਕਟ ਦੀਆਂ ਸਬੰਧਤ ਧਾਰਾਵਾਂ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਵੀ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਾਂਗੇ ਕਿ ਆਪ ਸਰਕਾਰ ਨੇ ਲੋਕਤੰਤਰੀ ਰੋਸ ਵਿਖਾਵਿਆਂ ਨੂੰ ਕੁਚਲਣ ਵਾਸਤੇ ਜਿਥੇ ਕਿਤੇ ਵੀ ਨਜਾਇਜ਼ ਤਾਕਤ ਦੀ ਵਰਤੋਂ ਕੀਤੀ ਹੈ, ਉਹਨਾਂ ਸਾਰੇ ਕੇਸਾਂ ਵਿਚ ਕਾਰਵਾਈ ਹੋਵੇ।

