All three accused arrested in the LPU violence case remanded to 3-day custody
LPU ਹਿੰਸਾ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਮੁਲਜ਼ਮ 3 ਦਿਨ ਦੇ ਰਿਮਾਂਡ ‘ਤੇ
ਜਲੰਧਰ/ਫਗਵਾੜਾ (ਆਵਾਜ਼ਿ ਕੌਮ ਬਿਊਰੋ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) ਅਤੇ ਨੇੜਲੇ ਇਲਾਕਿਆਂ ਵਿਚ 27 ਅਤੇ 28 ਸਤੰਬਰ ਨੂੰ ਹੋਈਆਂ ਕਥਿਤ ਭੰਨਤੋੜ, ਜਾਇਦਾਦ ਨੂੰ ਨੁਕਸਾਨ ਪਹੁੰਚਾਉਣ, ਰਸਤਾ ਰੋਕਣ ਅਤੇ ਹਿੰਸਾ ਦੀਆਂ ਘਟਨਾਵਾਂ ਦੇ ਸਬੰਧ ਵਿਚ ਪੁਲਸ ਨੇ 4 ਵੱਖ-ਵੱਖ ਐੱਫ਼. ਆਈ. ਆਰ. ਦਰਜ ਕੀਤੀਆਂ ਹਨ। ਇਸ ਮਾਮਲੇ ਵਿਚ ਪੁਲਸ ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਬਾਅਦ ਸਥਾਨਕ ਅਦਾਲਤ ਨੇ ਪੁੱਛਗਿੱਛ ਲਈ ਤਿੰਨਾਂ ਨੂੰ 3 ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲਸ ਅਨੁਸਾਰ 27 ਸਤੰਬਰ ਨੂੰ ਐੱਲ. ਪੀ. ਯੂ. ਕੈਂਪਸ ਵਿਚ ਕਥਿਤ ਭੰਨਤੋੜ ਦੇ ਸਬੰਧ ਵਿਚ ਐੱਫ਼. ਆਈ. ਆਰ. ਨੰਬਰ 162 ਭਾਰਤੀ ਨਿਆਂਇਕ ਕੋਡ (ਬੀ. ਐੱਨ. ਐੱਸ.) ਦੀ ਧਾਰਾ 64 ਤਹਿਤ ਦਰਜ ਕੀਤੀ ਗਈ। 28 ਸਤੰਬਰ ਨੂੰ ਥਾਣਾ ਸਤਨਾਮਪੁਰਾ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਧਾਰਾਵਾਂ 326(ਜੀ), 324(4) ਅਤੇ 309(4) ਅਤੇ ਪੰਜਾਬ ਜਨਤਕ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਐਕਟ ਦੀ ਧਾਰਾ 4 ਤਹਿਤ ਐੱਫ਼. ਆਈ. ਆਰ. ਨੰਬਰ 163 ਦਰਜ ਕੀਤੀ ਗਈ। ਜਾਂਚ ਦੌਰਾਨ ਪੁਲਸ ਨੇ 3 ਵਿਅਕਤੀਆਂ ਜਿਨ੍ਹਾਂ ਵਿਚ ਹਰਿਆਣਾ ਦੇ ਸੋਨੀਪਤ ਨਿਵਾਸੀ ਐੱਲ. ਪੀ. ਯੂ. ਦੇ ਵਿਦਿਆਰਥੀ ਜੇਮਜ਼ ਦਹੀਆ ਅਤੇ ਫਗਵਾੜਾ ਨਿਵਾਸੀ ਗਗਨ ਤੇ ਕਮਲ ਸ਼ਾਮਲ ਹਨ, ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਹਰਸ਼ਵੀਰ ਸਿੰਘ ਸੰਧੂ ਦੀ ਅਦਾਲਤ ਵਿਚ ਪੇਸ਼ ਕੀਤਾ। ਪੁਲਸ ਮੁਤਾਬਕ ਗਗਨ ਅਤੇ ਕਮਲ ਯੂਨੀਵਰਸਿਟੀ ਦੇ ਵਿਦਿਆਰਥੀ ਨਹੀਂ ਹਨ। ਪੁਲਸ ਨੇ ਦੱਸਿਆ ਕਿ ਐੱਫ਼. ਆਈ. ਆਰ. ਨੰਬਰ 163 ਵਿਚ 19 ਵਿਅਕਤੀਆਂ ਦੇ ਨਾਂ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਿਚ ਮੁਹੰਮਦ ਫਰਹਤ ਵੀ ਸ਼ਾਮਲ ਹੈ, ਜਿਸ ਦੀਆਂ ਵੀਡੀਓਜ਼ ਕਥਿਤ ਤੌਰ ’ਤੇ ਘਟਨਾ ਦੌਰਾਨ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ। ਪੁਲਸ ਸਾਰੇ ਨਾਮਜ਼ਦ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਥਾਣਾ ਸਦਰ ਫਗਵਾੜਾ ਵਿਚ 28 ਸਤੰਬਰ ਨੂੰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ।

