Allegations of ‘house arrest’ in Trump Towers, Gurugram, people angry over lift closure
ਗੁਰੂਗ੍ਰਾਮ ਦੇ ਟਰੰਪ ਟਾਵਰਜ਼ ’ਚ ‘ਹਾਊਸ ਅਰੈਸਟ’ ਦਾ ਦੋਸ਼, ਲਿਫ਼ਟ ਬੰਦ ਹੋਣ ’ਤੇ ਭੜਕੇ ਲੋਕ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਗੁਰੂਗ੍ਰਾਮ ਦੇ ਸੈਕਟਰ-65 ਸਥਿਤ ਆਲੀਸ਼ਾਨ ‘ਟਰੰਪ ਟਾਵਰਜ਼’ ਵਿਚ ਇਕ ਪਰਿਵਾਰ ਨੂੰ ਕਥਿਤ ਤੌਰ ’ਤੇ ‘ਹਾਊਸ ਅਰੈਸਟ’ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਟਾਵਰ ਦੇ ਨਿਵਾਸੀ ਵਰੁਣ ਸੁਹਾਗ ਨੇ ਬਿਲਡਰ ਐੱਮ-3-ਐੱਮ ਅਤੇ ਮੈਨੇਜਮੈਂਟ ’ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਫਲੋਰ ਦੀ ਲਿਫ਼ਟ ਦਾ ਕਾਲ ਬਟਨ ਬੰਦ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੇ ਫਲੈਟ ਤੱਕ ਸਾਮਾਨ, ਡਿਲੀਵਰੀ ਏਜੰਟਾਂ, ਮਹਿਮਾਨਾਂ ਅਤੇ ਨਿੱਜੀ ਵਾਹਨਾਂ ਦੀ ਆਵਾਜਾਈ ’ਤੇ ਰੋਕ ਲਗਾ ਦਿੱਤੀ ਗਈ। ਹਾਲਾਂਕਿ, ਬਿਲਡਰ ਨੇ ਇਨ੍ਹਾਂ ਦੋਸ਼ਾਂ ਨੂੰ ਭਰਮਾਊ ਦੱਸਦੇ ਹੋਏ ਕਿਹਾ ਹੈ ਕਿ ਇਹ ਕੇਵਲ ਸੁਰੱਖਿਆ ਅਤੇ ਐਕਸੈੱਸ ਕੰਟਰੋਲ ਨਾਲ ਜੁੜੀ ਨਿਯਮਿਤ ਵਿਵਸਥਾ ਸੀ। ਵਰੁਣ ਸੁਹਾਗ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਵੀਡੀਓ ਅਤੇ ਟਰੰਪ ਟਾਵਰਜ਼ ਦੇ ਮੈਨੇਜਰ ਪੰਕਜ ਬਾਂਸਲ ਨੂੰ ਭੇਜੇ ਗਏ ਕਥਿਤ ਵ੍ਹਟਸਐਪ ਮੈਸੇਜ ਸਾਂਝੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਫਲੈਟ ਨੰ. 36-ਸੀ ਲਈ ਲਿਫ਼ਟ ਦਾ ਕਾਲ ਬਟਨ ਡੀ-ਐਕਟੀਵੇਟ ਕਰ ਦਿੱਤਾ ਗਿਆ ਸੀ। ਲਿਫ਼ਟ ਬੁਲਾਉਣ ਲਈ ਉਨ੍ਹਾਂ ਨੂੰ ਹੈਲਪ ਡੈਸਕ ’ਤੇ ਫੋਨ ਕਰਨਾ ਪੈਂਦਾ ਸੀ ਅਤੇ ਇਸ ਤੋਂ ਬਾਅਦ 30 ਤੋਂ 40 ਮਿੰਟ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ। ਉਨ੍ਹਾਂ ਨੇ ਇਸ ਨੂੰ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਦੱਸਿਆ। ਸੁਹਾਗ ਅਨੁਸਾਰ ਉਨ੍ਹਾਂ ਨਾਲ ਉਨ੍ਹਾਂ ਦੀ ਬਜ਼ੁਰਗ ਮਾਂ ਅਤੇ ਇਕ ਸਾਲ ਦਾ ਬੱਚਾ ਵੀ ਰਹਿੰਦੇ ਹਨ। ਉਨ੍ਹਾਂ ਦੀ ਮਾਂ ਦਿਲ ਦੇ ਰੋਗ (ਹਾਰਟ) ਦੀ ਮਰੀਜ਼ ਹੈ। ਅਜਿਹੇ ਵਿਚ ਕਿਸੇ ਮੈਡੀਕਲ ਐਮਰਜੈਂਸੀ ਦੌਰਾਨ ਲਿਫ਼ਟ ਲਈ ਇੰਨੀ ਦੇਰ ਇੰਤਜ਼ਾਰ ਕਰਨਾ ਜਾਨਲੇਵਾ ਸਾਬਿਤ ਹੋ ਸਕਦਾ ਹੈ। ਉਨ੍ਹਾਂ ਨੇ ਪ੍ਰਬੰਧਨ ਤੋਂ ਆਪਣੇ ਫਲੈਟ ਤੱਕ ਬਿਨਾਂ ਰੁਕਾਵਟ ਆਵਾਜਾਈ ਬਹਾਲ ਕਰਨ ਦੀ ਮੰਗ ਕੀਤੀ ਅਤੇ ਸਮੱਸਿਆ ਦੂਰ ਨਾ ਹੋਣ ’ਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ। ਸੁਹਾਗ ਨੇ ਬਾਅਦ ਵਿਚ ‘ਐਕਸ’ ’ਤੇ ਜਾਣਕਾਰੀ ਦਿੱਤੀ ਕਿ ਲੋਕਾਂ ਦੇ ਸਮਰਥਨ ਤੋਂ ਬਾਅਦ ਬਿਲਡਰ ਨੇ ਕਰਮਚਾਰੀ ਭੇਜ ਕੇ ਉਨ੍ਹਾਂ ਦੇ ਫਲੋਰ ਦੀ ਲਿਫ਼ਟ ਫਿਰ ਤੋਂ ਚਾਲੂ ਕਰ ਦਿੱਤੀ। ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਅੱਗੇ ਵੀ ਚੁੱਕਣਗੇ ਅਤੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਉਣਗੇ। ਦੂਜੇ ਪਾਸੇ, ਐੱਮ-3-ਐੱਮ ਇੰਡੀਆ ਨੇ ‘ਹਾਊਸ ਅਰੈਸਟ’ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਕੰਪਨੀ ਮੁਤਾਬਕ ਨਿਵਾਸੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਾ ਤਾਂ ਅਪਾਰਟਮੈਂਟ ਤੋਂ ਬਾਹਰ ਜਾਣ ਤੋਂ ਰੋਕਿਆ ਗਿਆ ਅਤੇ ਨਾ ਹੀ ਕਾਮਨ ਏਰੀਆ ਤੱਕ ਪਹੁੰਚਣ ’ਤੇ ਪਾਬੰਦੀ ਲਗਾਈ ਗਈ। ਦੋਵੇਂ ਮੁੱਖ ਲਿਫ਼ਟਾਂ ਅਤੇ ਐਮਰਜੈਂਸੀ ਪੌੜੀਆਂ ਹਮੇਸ਼ਾ ਚਾਲੂ ਸਨ। ਕੰਪਨੀ ਦਾ ਕਹਿਣਾ ਹੈ ਕਿ ਟਾਵਰ ਵਿਚ ਰੋਜ਼ਾਨਾ 200 ਤੋਂ ਵੱਧ ਕਰਮਚਾਰੀ ਫਲੈਟਾਂ ਦੇ ਇੰਟੀਰੀਅਰ ਦਾ ਕੰਮ ਕਰਨ ਆਉਂਦੇ ਹਨ। ਅਜਿਹੇ ਵਿਚ ਸੁਰੱਖਿਆ ਅਤੇ ਗੁਪਤਤਾ ਬਣਾਏ ਰੱਖਣ ਲਈ ਕੇਵਲ ਉਨ੍ਹਾਂ ਫਲੋਰਾਂ ’ਤੇ ਲਿਫ਼ਟ ਕਾਲਿੰਗ ਦੀ ਸੁਵਿਧਾ ਦਿੱਤੀ ਗਈ ਸੀ, ਜਿਥੇ ਪਰਿਵਾਰ ਰਹਿਣ ਲੱਗੇ ਸਨ। ਸੁਹਾਗ ਨੂੰ 3 ਅਕਤੂਬਰ 2026 ਨੂੰ ਈ-ਮੇਲ ਰਾਹੀਂ ਇਸ ਦੀ ਜਾਣਕਾਰੀ ਵੀ ਦਿੱਤੀ ਗਈ ਸੀ। ਕੰਪਨੀ ਅਨੁਸਾਰ ਹੁਣ ਉਨ੍ਹਾਂ ਦੇ ਫਲੋਰ ਦੀ ਲਿਫ਼ਟ ਸੁਵਿਧਾ ਚਾਲੂ ਕਰ ਦਿੱਤੀ ਗਈ ਹੈ। ਐੱਮ-3-ਐੱਮ ਨੇ ਕਿਹਾ ਕਿ ਇਕ ਆਮ ਸੁਰੱਖਿਆ ਵਿਵਸਥਾ ਨੂੰ ਕੈਦ ਕਰਨ ਦੀ ਕਾਰਵਾਈ ਦੱਸਣਾ ਤੱਥਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨਾ ਹੈ।

