‘An eye for an eye’! Iran gives final warning to America
‘ਅੱਖ ਦੇ ਬਦਲੇ ਅੱਖ’ ! ਈਰਾਨ ਨੇ ਅਮਰੀਕਾ ਨੂੰ ਦੇ’ਤੀ ਅਖੀਰੀ ਚੇਤਾਵਨੀ
Tehran, (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਹੁਣ ਬੇਹੱਦ ਖ਼ਤਰਨਾਕ ਹੁੰਦੀ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੀ ਚੇਤਾਵਨੀ ਤੋਂ ਬਾਅਦ ਈਰਾਨ ਨੇ ਵੀ ‘ਅੱਖ ਦੇ ਬਦਲੇ ਅੱਖ’ ਦੀ ਨੀਤੀ ਤਹਿਤ ਕਰਾਰਾ ਜਵਾਬ ਦੇਣ ਦਾ ਐਲਾਨ ਕੀਤਾ ਹੈ। ਈਰਾਨ ਨੇ ਇਹ ਚੇਤਾਵਨੀ ਵੀ ਦਿੱਤੀ ਕਿ ਅਜਿਹੇ ਹਮਲਿਆਂ ਵਿਚ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਵਾਲੇ ਦੇਸ਼ ਜਾਂ ਪੱਖ ਵੀ ਉਸ ਦੇ ਨਿਸ਼ਾਨੇ ‘ਤੇ ਹੋਣਗੇ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਈਰਾਨ ਨੂੰ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਨੇ ਹੋਰਮੁਜ਼ ਸਟ੍ਰੇਟ ਵਿੱਚ ਕਿਸੇ ਵੀ ਜਹਾਜ਼ ‘ਤੇ ਮਿਜ਼ਾਈਲ, ਡਰੋਨ ਜਾਂ ਕਿਸੇ ਹੋਰ ਹਥਿਆਰ ਨਾਲ ਹਮਲਾ ਕੀਤਾ, ਤਾਂ ਅਮਰੀਕਾ ਇਸ ਦੇ ਬਦਲੇ ਤੇਹਰਾਨ ਜਾਂ ਇਸ ਦੇ ਆਲੇ-ਦੁਆਲੇ ਸਥਿਤ ਈਰਾਨ ਦੇ ਕਿਸੇ ਅਹਿਮ ਪੁਲ ਜਾਂ ਪਾਵਰ ਪਲਾਂਟ ਨੂੰ ਤਬਾਹ ਕਰ ਦੇਵੇਗਾ। ਟਰੰਪ ਨੇ ਸੰਕੇਤ ਦਿੱਤਾ ਕਿ ਹੋਰਮੁਜ਼ ਵਿੱਚ ਕਿਸੇ ਵੀ ਕਾਰਵਾਈ ਦਾ ਜਵਾਬ ਸਿੱਧਾ ਈਰਾਨ ਦੇ ਅੰਦਰੂਨੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਦਿੱਤਾ ਜਾਵੇਗਾ। ਟਰੰਪ ਦੀ ਇਸ ਧਮਕੀ ਦਾ ਜਵਾਬ ਦਿੰਦਿਆਂ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ, “ਸਾਡਾ ਰੱਖਿਆ ਸਿਧਾਂਤ ਬਿਲਕੁਲ ਸਪੱਸ਼ਟ ਹੈ: ਅੱਖ ਦੇ ਬਦਲੇ ਅੱਖ”। ਉਨ੍ਹਾਂ ਚੇਤਾਵਨੀ ਦਿੱਤੀ ਕਿ ਈਰਾਨ ‘ਤੇ ਕਿਸੇ ਵੀ ਤਰ੍ਹਾਂ ਦਾ ਹਮਲਾ, ਭਾਵੇਂ ਉਹ ਇਨਫਰਾਸਟਰੱਕਚਰ ‘ਤੇ ਹੀ ਕਿਉਂ ਨਾ ਹੋਵੇ, ਉਸ ਦਾ ਘਾਤਕ ਅਤੇ ਨਿਰਣਾਇਕ ਜਵਾਬ ਦਿੱਤਾ ਜਾਵੇਗਾ। ਅਰਾਘਚੀ ਨੇ ਇਹ ਵੀ ਕਿਹਾ ਕਿ ਅਜਿਹੇ ਹਮਲਿਆਂ ਵਿੱਚ ਮਦਦ ਕਰਨ ਵਾਲੇ ਕਿਸੇ ਵੀ ਦੇਸ਼ ਜਾਂ ਧਿਰ ਨੂੰ ਵੀ ਈਰਾਨ ਦਾ ਜਾਇਜ਼ ਨਿਸ਼ਾਨਾ ਮੰਨਿਆ ਜਾਵੇਗਾ। ਈਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ (IRGC) ਅਤੇ ਸੈਨਿਕ ਕਮਾਂਡ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਨੇ ਈਰਾਨ ਦੇ ਬੁਨਿਆਦੀ ਢਾਂਚੇ ‘ਤੇ ਹਮਲਾ ਕੀਤਾ, ਤਾਂ ਹੋਰਮੁਜ਼ ਤੋਂ ਹੋਣ ਵਾਲੀ ਵਿਸ਼ਵ ਤੇਲ ਦੀ ਸਪਲਾਈ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਜਹਾਜ਼ ਨੂੰ ਸਿਰਫ਼ ਈਰਾਨ ਦੁਆਰਾ ਤੈਅ ਕੀਤੇ ਨਿਯਮਾਂ ਅਨੁਸਾਰ ਹੀ ਗੁਜ਼ਰਨ ਦਿੱਤਾ ਜਾਵੇਗਾ। IRGC ਦੇ ਏਅਰੋਸਪੇਸ ਫੋਰਸ ਦੇ ਕਮਾਂਡਰ ਬ੍ਰਿਗੇਡੀਅਰ ਜਨਰਲ ਸਈਦ ਮਾਜਿਦ ਮੌਸਵੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਦੇ ਪਾਵਰ ਪਲਾਂਟਾਂ ਨੂੰ ਨਿਸ਼ਾਨਾ ਬਣਾਇਆ ਗਿਆ, ਤਾਂ ਖੇਤਰ ਵਿੱਚ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਨੂੰ ਵੀ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਹਮਲੇ ਦੇ ਨਤੀਜੇ ਤੁਰੰਤ ਦਿਖਾਈ ਦੇਣਗੇ।ਜ਼ਿਕਰਯੋਗ ਹੈ ਕਿ ਅਮਰੀਕੀ ਫੌਜ ਪਿਛਲੀਆਂ ਕਈ ਰਾਤਾਂ ਤੋਂ ਦੱਖਣੀ ਈਰਾਨ ਵਿੱਚ ਫੌਜੀ ਟਿਕਾਣਿਆਂ ‘ਤੇ ਲਗਾਤਾਰ ਹਮਲੇ ਕਰ ਰਹੀ ਹੈ, ਜਿਸ ਵਿੱਚ ਹਾਲ ਹੀ ਵਿੱਚ ਬੀ-1 ਬੌਂਬਰਾਂ ਦੀ ਵਰਤੋਂ ਵੀ ਕੀਤੀ ਗਈ ਹੈ।

