Anandpur Sahib session is an attempt to play with Sikh sentiments, says Giani Harpreet Singh, President of the reconstituted Shiromani Akali Dal.

ਪੰਥਕ ਰੋਹ ਨੂੰ ਦੇਖਦਿਆਂ ਸ਼੍ਰੋਮਣੀ ਕਮੇਟੀ ਨੂੰ ਆਖਰ ਝੁੱਕਣਾ ਪਿਆ, ਜਥੇ: ਗੜਗੱਜ ਦੀ ਦੁਬਾਰਾ ਹੋਵੇਗੀ ਤਾਜ਼ਪੋਸ਼ੀ

ਜਲੰਧਰ, ਆਵਾਜ਼ ਬਿਊਰੋ -ਪੰਥਕ ਜਥੇਬੰਦੀਆਂ ਅਤੇ ਸਿੱਖ ਸੰਪਰਦਾਵਾਂ ਦੇ ਸਖਤ ਸਟੈਂਡ ਅੱਗੇ ਸ਼੍ਰੋਮਣੀ ਕਮੇਟੀ ਨੂੰ ਆਖਰ ਝੁੱਕਣਾ ਹੀ ਪਿਆ। ਪਿਛਲੇ ਸਮੇਂ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਸਮੇਂ ਜੋ ਮਰਿਆਦਾ ਦੀ ਘੋਰ ਉਲੰਘਣਾ ਹੋਈ ਸੀ, ਉਸ ਸਬੰਧੀ ਪੰਥਕ ਹਲਕਿਆਂ ਵਿੱਚ ਡਾਢਾ ਰੋਸ ਸੀ, ਕਿਉਂਕਿ ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤੇ ਬਿਨਾਂ ਹੀ ਅੱਧੀ ਰਾਤ ਨੂੰ ਜਥੇਦਾਰ ਗੜਗੱਜ ਨੂੰ ਜਥੇਦਾਰੀ ਸੌਂਪ ਦਿੱਤੀ ਗਈ ਸੀ, ਜਿਸ ਦਾ ਦਮਦਮੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਸੰਪਰਦਾਵਾਂ ਅਤੇ ਪੰਥਕ ਜਥੇਬੰਦੀਆਂ ਨੇ ਸਖਤ ਸਟੈਂਡ ਲੈਂਦਿਆਂ ਕਿਹਾ ਸੀ ਕਿ ਪਰੰਪਰਾ ਦੀ ਘੋਰ ਉਲੰਘਣਾ ਕਰਕੇ ਥਾਪੇ ਗਏ ਜਥੇਦਾਰ ਨੂੰ ਅਸੀਂ ਮਾਨਤਾ ਨਹੀਂ ਦੇਵਾਂਗੇ ਅਤੇ ਇਹਨਾਂ ਨੂੰ ਨਾ ਸਿਰੋਪਾਓ ਦੇਵਾਂਗੇ ਅਤੇ ਨਾ ਹੀ ਇਹਨਾਂ ਤੋਂ ਸਿਰੋਪਾਓ ਲਵਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਖਾਸ ਕਰਕੇ ਅਕਾਲੀ ਦਲ ਬਾਦਲ ਨੇ ਕਈ ਤਰ੍ਹਾਂ ਦੀ ਜ਼ੋਰ ਅਜਮਾਇਸ਼ ਕੀਤੀ ਕਿ ਇਹਨਾਂ ਸੰਪਰਦਾਵਾਂ ਅਤੇ ਪੰਥਕ ਜਥੇਬੰਦੀਆਂ ਨੂੰ ਅੱਖੋਂ ਪਰੋਖੇ ਕਰਕੇ ਹੀ ਜਥੇਦਾਰ ਗੜਗੱਜ ਨੂੰ ਹਰਮਨ ਪਿਆਰਾ ਬਣਾ ਦਿੱਤਾ ਜਾਵੇ ਪਰ ਇਸ ਵਿੱਚ ਕਾਮਯਾਬੀ ਨਾ ਮਿਲਦੀ ਦੇਖ ਕੇ ਆਖਰ ਅਕਾਲੀ ਦਲ ਬਾਦਲ ਨੂੰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਕਰਦਾ ਨੂੰ ਝੁੱਕਣਾ ਹੀ ਪਿਆ। ਹੁਣ ਅਤਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ 25 ਅਕਤੂਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਥੇਦਾਰ ਗੜਗੱਜ ਨੂੰ ਜਥੇਦਾਰੀ ਸੌਂਪਣ ਵੇਲੇ ਮਰਿਆਦਾ ਦੀ ਹੋਈ ਉਲੰਘਣਾ ਵਾਸਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਖਾਲਸਾ ਪੰਥ ਤੋਂ ਖਿਮ੍ਹਾ ਜਾਚਨਾ ਕੀਤੀ ਜਾਵੇਗੀ ਅਤੇ ਸਮੂਹ ਸਿੱਖ ਸੰਪਰਦਾਵਾਂ ਨੂੰ ਦਿਤੇ ਸੱਦੇ ਅਨੁਸਾਰ ਜਥੇਦਾਰ ਗੜਗੱਜ ਦੀ ਮਰਿਆਦਾ ਅਨੁਸਾਰ ਦਸਤਾਰਬੰਦੀ ਕੀਤੀ ਜਾਏਗੀ। ਸੂਤਰਾਂ ਅਨੁਸਾਰ ਸਿੱਖ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ ਇਸ ਗੱਲ ‘ਤੇ ਸਹਿਮਤ ਹੋਈਆਂ ਹਨ ਕਿ ਜੇਕਰ ਹੋਈ ਉਲੰਘਣਾ ਲਈ ਸਮੁੱਚੇ ਖਾਲਸਾ ਪੰਥ ਤੋਂ ਖਿਮ੍ਹਾ ਜਾਚਨਾ ਕੀਤੀ ਜਾਂਦੀ ਹੈ ਤਾਂ ਅਸੀਂ ਸਾਰੇ ਜਥੇਦਾਰ ਗੜਗੱਜ ਨੂੰ ਮਾਨਤਾ ਦੇ ਦੇਵਾਂਗੇ। ਉਕਤ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਾਡੀ ਕਿਸੇ ਵਿਅਕਤੀ ਵਿਸ਼ੇਸ਼ ਨਾਲ ਰੰਜਿਸ਼ ਨਹੀਂ ਅਸੀਂ ਸਿਰਫ ਸਿੱਖ ਮਰਿਆਦਾ ਵਾਸਤੇ ਹੀ ਸਟੈਂਡ ਲਿਆ ਸੀ ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਵੱਲੋਂ ਬੀਤੇ ਵਿੱਚ ਲਏ ਫੈਸਲੇ ਨਾਲ ਸਹਿਮਤ ਹੋਈ ਹੈ, ਜਿਸ ‘ਤੇ ਐਸਜੀਪੀਸੀ ਵੱਲੋਂ ਆਪਣੀਆਂ ਪਹਿਲੀਆਂ ਕੀਤੀਆਂ ਗਲਤੀਆਂ ਲਈ ਖਿਮ੍ਹਾ ਜਾਚਨਾ ਕਰਨ ਤੋਂ ਬਾਅਦ ਸਿੱਖ ਸੰਸਥਾਵਾਂ ਜਥੇਦਾਰ ਗੜਗੱਜ ਜੀ ਨੂੰ ਸਿਰੋਪਾਓ ਦੇਣਗੀਆਂ। ਸੂਤਰਾਂ ਅਨੁਸਾਰ ਕੇਵਲ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਨੂੰ ਇਸ ਉਪਰੋਕਤ ਅਵਗਿਆ ਲਈ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਹੁਣ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਾਢੇ ਤਿੰਨ ਸੌ ਸਾਲਾਂ ਸ਼ਹੀਦੀ ਸ਼ਤਾਬਦੀ ਜੋ ਮਨਾਈ ਜਾ ਰਹੀ ਹੈ ਉਸ ਸਬੰਧੀ ਸਮੁੱਚੇ ਘਟਨਾਕਰਮ ਨੂੰ ਮੱਦੇ ਨਜ਼ਰ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਪਰੋਕਤ ਦਰੁਸਤ ਫੈਸਲਾ ਲਿਆ ਗਿਆ ਹੈ।