Haryana’s most-wanted gangster Himanshu Bhau arrested in America
ਹਰਿਆਣਾ ਦਾ ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਊ ਅਮਰੀਕਾ ‘ਚ ਗ੍ਰਿਫ਼ਤਾਰ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਭਾਰਤ ਦੇ ਸਭ ਤੋਂ ਮੋਸਟ ਵਾਂਟੇਡ ਗੈਂਗਸਟਰਾਂ ਵਿੱਚ ਸ਼ਾਮਲ ਅਤੇ ਹਰਿਆਣਾ ਦੇ ਖ਼ਤਰਨਾਕ ਅਪਰਾਧੀ ਹਿਮਾਂਸ਼ੂ ਭਾਊ ਨੂੰ ਅਮਰੀਕਾ ਵਿੱਚ ਉੱਥੋਂ ਦੀ ਜਾਂਚ ਏਜੰਸੀ ‘ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ’ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਿੱਲੀ ਪੁਲਸ, ਹਰਿਆਣਾ ਪੁਲਸ ਅਤੇ ਰਾਸ਼ਟਰੀ ਜਾਂਚ ਏਜੰਸੀ (NIA) ਨੂੰ ਕਤਲ, ਇਰਾਦਾ-ਏ-ਕਤਲ ਅਤੇ ਫਿਰੌਤੀ ਦੇ ਅਨੇਕਾਂ ਮਾਮਲਿਆਂ ਵਿੱਚ ਹਿਮਾਂਸ਼ੂ ਭਾਊ ਦੀ ਲੰਬੇ ਸਮੇਂ ਤੋਂ ਭਾਲ ਸੀ। ਜਾਣਕਾਰੀ ਅਨੁਸਾਰ ਹਿਮਾਂਸ਼ੂ ਭਾਊ ਦਾ ਅਸਲ ਨਾਂ ਹਿਮਾਂਸ਼ੂ ਰਿਤੋਲੀਆ ਹੈ ਅਤੇ ਉਹ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਪਿੰਡ ਰਿਤੋਲੀ ਦਾ ਰਹਿਣ ਵਾਲਾ ਹੈ। ਸਾਲ 2002 ਵਿੱਚ ਜਨਮਿਆ ਹਿਮਾਂਸ਼ੂ ਹਰਿਆਣਾ ਦੇ ਸੰਗਠਿਤ ਅਪਰਾਧ ਖੇਤਰ ਦੇ ਸਭ ਤੋਂ ਛੋਟੀ ਉਮਰ ਦੇ ਗੈਂਗਸਟਰਾਂ ਵਿੱਚੋਂ ਇੱਕ ਹੈ। ਉਹ ਕਿਸ਼ੋਰ ਉਮਰ ਵਿੱਚ ਹੀ ਅਪਰਾਧ ਦੀ ਦੁਨੀਆ ਵਿੱਚ ਦਾਖ਼ਲ ਹੋ ਗਿਆ ਸੀ ਅਤੇ ਸਾਲ 2020 ਵਿੱਚ ਬਾਲ ਸੁਧਾਰ ਘਰ ਤੋਂ ਫਰਾਰ ਹੋ ਗਿਆ ਸੀ। ਵਿਦੇਸ਼ ਵਿੱਚ ਰਹਿੰਦਿਆਂ ਹੀ ਉਸ ਨੇ ਦਿੱਲੀ-ਐੱਨ.ਸੀ.ਆਰ., ਹਰਿਆਣਾ ਅਤੇ ਪੰਜਾਬ ਵਿੱਚ ਆਪਣਾ ਅਪਰਾਧਿਕ ਨੈੱਟਵਰਕ ਖੜ੍ਹਾ ਕਰ ਲਿਆ ਸੀ। ਹਿਮਾਂਸ਼ੂ ਭਾਊ ਅਤੇ ਉਸ ਦੇ ਗੈਂਗ ਦੇ ਸ਼ੂਟਰਾਂ ‘ਤੇ ਦਿੱਲੀ ਅਤੇ ਹਰਿਆਣਾ ਵਿੱਚ ਕਈ ਚਰਚਿਤ ਹਾਈ-ਪ੍ਰੋਫਾਈਲ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ ਹਨ। ਇਹ ਗੈਂਗ ਦਿੱਲੀ ਦੇ ‘ਬਰਗਰ ਕਿੰਗ’ ਆਊਟਲੇਟ ‘ਚ ਹੋਏ ਕਤਲ, ਮਸ਼ਹੂਰ ਯੂ-ਟਿਊਬਰ ਐਲਵਿਸ਼ ਯਾਦਵ ਦੇ ਘਰ ਬਾਹਰ ਹੋਈ ਫਾਇਰਿੰਗ ਅਤੇ ਵਪਾਰੀਆਂ ਤੋਂ ਫਿਰੌਤੀ ਮੰਗਣ ਦੀਆਂ ਘਟਨਾਵਾਂ ‘ਚ ਸ਼ਾਮਲ ਰਿਹਾ ਹੈ। ਹਿਮਾਂਸ਼ੂ ਭਾਊ ਦੇ ਨੀਰਜ ਬਵਾਨਾ ਗੈਂਗ ਨਾਲ ਸਬੰਧ ਦੱਸੇ ਜਾਂਦੇ ਹਨ ਅਤੇ ਉਸ ਦੀ ਲੌਰੈਂਸ ਬਿਸ਼ਨੋਈ-ਗੋਲਡੀ ਬਰਾਰ ਨੈੱਟਵਰਕ ਨਾਲ ਗੈਂਗਵਾਰ ਦੀ ਦੁਸ਼ਮਣੀ ਚੱਲ ਰਹੀ ਹੈ। ਹਰਿਆਣਾ ਅਤੇ ਦਿੱਲੀ ਵਿੱਚ ਹਿਮਾਂਸ਼ੂ ਭਾਊ ਖ਼ਿਲਾਫ਼ ਕਤਲ, ਇਰਾਦਾ-ਏ-ਕਤਲ, ਫਿਰੌਤੀ, ਧਮਕੀਆਂ ਅਤੇ ਜਾਅਲਸਾਜ਼ੀ ਵਰਗੇ 18 ਤੋਂ ਵੱਧ ਸੰਗੀਨ ਮਾਮਲੇ ਦਰਜ ਹਨ। ਭਾਰਤੀ ਜਾਂਚ ਏਜੰਸੀਆਂ ਦੀ ਬੇਨਤੀ ‘ਤੇ ਅਗਸਤ 2023 ਵਿੱਚ ਇੰਟਰਪੋਲ ਵੱਲੋਂ ਉਸ ਖ਼ਿਲਾਫ਼ ਰੈੱਡ ਨੋਟਿਸ ਜਾਰੀ ਕੀਤਾ ਗਿਆ ਸੀ। ਅਮਰੀਕਾ ਵਿੱਚ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਭਾਰਤੀ ਏਜੰਸੀਆਂ ਉਸ ਨੂੰ ਭਾਰਤ ਲਿਆਉਣ ਦੀਆਂ ਕਾਨੂੰਨੀ ਤਿਆਰੀਆਂ ਵਿੱਚ ਜੁੱਟ ਗਈਆਂ ਹਨ।

