Major effort to secure official recognition for the Sikh religion in Belgium; important gathering on October 25
ਬੈਲਜੀਅਮ ’ਚ ਸਿੱਖ ਧਰਮ ਨੂੰ ਸਰਕਾਰੀ ਮਾਨਤਾ ਦਿਵਾਉਣ ਲਈ ਵੱਡਾ ਯਤਨ ; 25 ਅਕਤੂਬਰ ਨੂੰ ਅਹਿਮ ਇਕੱਤਰਤਾ
ਲੰਡਨ/ਫਰੈਂਕਫਰਟ (ਆਵਾਜ਼ਿ ਕੌਮ ਬਿਊਰੋ)-ਯੂਰਪੀਅਨ ਦੇਸ਼ਾਂ ‘ਚ ਸਿੱਖ ਧਰਮ ਨੂੰ ਵੱਖਰੇ ਧਰਮ ਵਜੋਂ ਸਰਕਾਰੀ ਮਾਨਤਾ ਦਿਵਾਉਣ ਲਈ ਚੱਲ ਰਹੇ ਯਤਨਾਂ ਨੂੰ ਸਫ਼ਲ ਬਣਾਉਣ ਲਈ ਜਰਮਨੀ ਦੀਆਂ ਪ੍ਰਮੁੱਖ ਪੰਥਕ ਜਥੇਬੰਦੀਆਂ ਨੇ ਬੈਲਜੀਅਮ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਸਥਾਵਾਂ ਅਤੇ ਸਾਧ-ਸੰਗਤ ਨੂੰ ਆਪਸੀ ਮਤਭੇਦ ਭੁਲਾ ਕੇ ਇੱਕ ਮੰਚ ’ਤੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਬੈਲਜੀਅਮ ‘ਚ ਹੋਣ ਵਾਲੀ ਅਹਿਮ ਇਕੱਤਰਤਾ ਨੂੰ ਸਿੱਖ ਧਰਮ ਦੀ ਸਰਕਾਰੀ ਮਾਨਤਾ ਦੇ ਸੰਘਰਸ਼ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਜਰਮਨੀ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਯੂਰਪ ਦੇ ਕਈ ਦੇਸ਼ਾਂ ‘ਚ ਸਿੱਖ ਧਰਮ ਦੀ ਵੱਖਰੀ ਰਜਿਸਟ੍ਰੇਸ਼ਨ ਅਤੇ ਕਾਨੂੰਨੀ ਮਾਨਤਾ ਸਬੰਧੀ ਗੰਭੀਰ ਮੁਸ਼ਕਲਾਂ ਦਰਪੇਸ਼ ਹਨ। ਭਾਵੇਂ ਆਸਟ੍ਰੀਆ ਦੀਆਂ ਸਿੱਖ ਸੰਗਤਾਂ ਇਸ ਦਿਸ਼ਾ ‘ਚ ਸਫ਼ਲਤਾ ਹਾਸਲ ਕਰ ਚੁੱਕੀਆਂ ਹਨ, ਪਰ ਬਾਕੀ ਕਈ ਯੂਰਪੀਅਨ ਦੇਸ਼ਾਂ ਵਿੱਚ ਇਹ ਮਸਲਾ ਅਜੇ ਵੀ ਹੱਲ ਨਹੀਂ ਹੋ ਸਕਿਆ। ਉਨ੍ਹਾਂ ਅਨੁਸਾਰ ਸਰਕਾਰੀ ਨੀਤੀਆਂ ਅਤੇ ਕਾਨੂੰਨੀ ਅੜਚਣਾਂ ਦੇ ਨਾਲ ਸਿੱਖ ਸੰਸਥਾਵਾਂ ਵਿਚਾਲੇ ਇੱਕਸੁਰਤਾ ਦੀ ਘਾਟ ਵੀ ਇਸ ਕਾਰਜ ਵਿੱਚ ਰੁਕਾਵਟ ਬਣ ਰਹੀ ਹੈ। ਜ਼ਿਕਰਯੋਗ ਹੈ ਕਿ ਬੈਲਜੀਅਮ ‘ਚ ਪਹਿਲਾਂ ਦੋ ਸਿੱਖ ਸੰਸਥਾਵਾਂ ਵੱਲੋਂ ਧਰਮ ਦੀ ਰਜਿਸਟ੍ਰੇਸ਼ਨ ਲਈ ਵੱਖੋ-ਵੱਖਰੇ ਯਤਨ ਕੀਤੇ ਗਏ ਸਨ, ਪਰ ਸਰਕਾਰ ਵੱਲੋਂ ਕਥਿਤ ਤੌਰ ’ਤੇ ਇਹ ਸਪੱਸ਼ਟ ਕੀਤਾ ਗਿਆ ਕਿ ਸਿੱਖ ਭਾਈਚਾਰੇ ਦੀ ਇੱਕ ਅਜਿਹੀ ਸਰਬਪ੍ਰਵਾਨ ਨੁਮਾਇੰਦਾ ਸੰਸਥਾ ਹੋਣੀ ਚਾਹੀਦੀ ਹੈ, ਜਿਸ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਅੱਗੇ ਵਧਾਈ ਜਾ ਸਕੇ। ਇਸ ਸਥਿਤੀ ਨੂੰ ਧਿਆਨ ‘ਚ ਰੱਖਦਿਆਂ ਕੁਝ ਪੰਥਕ ਆਗੂਆਂ ਵੱਲੋਂ ਦੋਵਾਂ ਧਿਰਾਂ ਸਣੇ ਸਮੂਹ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ, ਧਾਰਮਿਕ ਸੰਸਥਾਵਾਂ ਅਤੇ ਸਿੱਖ ਸੰਗਤਾਂ ਨੂੰ 25 ਅਕਤੂਬਰ ਦੀ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਸ ਅਪੀਲ ਦਾ ਸਮਰਥਨ ਕਰਦਿਆਂ ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਗੁਰਮੀਤ ਸਿੰਘ ਖਨਿਆਣ ਅਤੇ ਭਾਈ ਗੁਰਦਿਆਲ ਸਿੰਘ ਲਾਲੀ, ਬੱਬਰ ਖਾਲਸਾ ਜਰਮਨੀ ਦੇ ਜਥੇਦਾਰ ਰੇਸ਼ਮ ਸਿੰਘ ਬੱਬਰ ਅਤੇ ਭਾਈ ਰਜਿੰਦਰ ਸਿੰਘ ਬੱਬਰ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਲਖਵਿੰਦਰ ਸਿੰਘ ਮੱਲ੍ਹੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੇ ਭਾਈ ਹੀਰਾ ਸਿੰਘ ਮੱਤੇਵਾਲ ਅਤੇ ਦਲ ਖ਼ਾਲਸਾ ਜਰਮਨੀ ਦੇ ਭਾਈ ਹਰਮੀਤ ਸਿੰਘ ਤੇ ਭਾਈ ਅੰਗਰੇਜ਼ ਸਿੰਘ ਨੇ ਕਿਹਾ ਕਿ ਇਹ ਸਮਾਂ ਨਿੱਜੀ ਹਿੱਤਾਂ ਅਤੇ ਸੰਸਥਾਗਤ ਵਖਰੇਵਿਆਂ ਤੋਂ ਉੱਪਰ ਉੱਠ ਕੇ ਸਾਂਝਾ ਫ਼ੈਸਲਾ ਲੈਣ ਦਾ ਹੈ। ਪੰਥਕ ਆਗੂਆਂ ਨੇ ਕਿਹਾ ਕਿ ਬੈਲਜੀਅਮ ਦੀਆਂ ਸਮੂਹ ਸਿੱਖ ਸੰਸਥਾਵਾਂ ਨੂੰ ਸਰਬਸੰਮਤੀ ਨਾਲ ਇੱਕ ਸਾਂਝੀ ਨੁਮਾਇੰਦਾ ਸੰਸਥਾ ਦਾ ਗਠਨ ਕਰਨਾ ਚਾਹੀਦਾ ਹੈ, ਜੋ ਸਿੱਖ ਧਰਮ ਦੀ ਸਰਕਾਰੀ ਮਾਨਤਾ ਲਈ ਬੈਲਜੀਅਮ ਸਰਕਾਰ ਨਾਲ ਗੱਲਬਾਤ ਕਰ ਸਕੇ। ਉਨ੍ਹਾਂ ਕਿਹਾ ਕਿ ਅਜਿਹੀ ਸੰਸਥਾ ਨੂੰ ਸਮੁੱਚੇ ਸਿੱਖ ਭਾਈਚਾਰੇ ਦਾ ਭਰੋਸਾ ਅਤੇ ਸਹਿਯੋਗ ਪ੍ਰਾਪਤ ਹੋਣਾ ਬਹੁਤ ਜ਼ਰੂਰੀ ਹੈ। ਆਗੂਆਂ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਯੂਰਪ ਦੇ ਕਈ ਦੇਸ਼ਾਂ ਵਿੱਚ ਸਿੱਖ ਧਰਮ ਦੀ ਵੱਖਰੀ ਕਾਨੂੰਨੀ ਪਛਾਣ ਸਬੰਧੀ ਸਮੱਸਿਆਵਾਂ ਕਾਰਨ ਸਿੱਖਾਂ ਨੂੰ ਆਪਣੇ ਧਾਰਮਿਕ ਚਿੰਨ੍ਹ ਧਾਰਨ ਕਰਨ, ਧਾਰਮਿਕ ਅਧਿਕਾਰਾਂ ਦੀ ਵਰਤੋਂ ਕਰਨ ਅਤੇ ਕੁਝ ਸਮਾਜਿਕ ਸਹੂਲਤਾਂ ਪ੍ਰਾਪਤ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਅਨੁਸਾਰ ਇਨ੍ਹਾਂ ਮਸਲਿਆਂ ਦੇ ਪੱਕੇ ਹੱਲ ਲਈ ਸਰਕਾਰਾਂ ਨਾਲ ਸਾਂਝੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਗੱਲਬਾਤ ਕਰਨੀ ਸਮੇਂ ਦੀ ਲੋੜ ਹੈ। ਜਰਮਨੀ ਦੀਆਂ ਪੰਥਕ ਜਥੇਬੰਦੀਆਂ ਨੇ ਕਿਹਾ ਕਿ ਬੈਲਜੀਅਮ ਦੀਆਂ ਸਿੱਖ ਸੰਗਤਾਂ ਕੋਲ ਇੱਕ ਇਤਿਹਾਸਕ ਮਿਸਾਲ ਕਾਇਮ ਕਰਨ ਦਾ ਮੌਕਾ ਹੈ। ਜੇਕਰ ਸਮੂਹ ਸੰਸਥਾਵਾਂ ਆਪਸੀ ਸਹਿਮਤੀ ਨਾਲ ਸਿੱਖ ਧਰਮ ਦੀ ਸਰਕਾਰੀ ਮਾਨਤਾ ਲਈ ਸਫ਼ਲ ਉਪਰਾਲਾ ਕਰਦੀਆਂ ਹਨ ਤਾਂ ਇਹ ਪ੍ਰਾਪਤੀ ਸਿਰਫ਼ ਬੈਲਜੀਅਮ ਤੱਕ ਸੀਮਤ ਨਹੀਂ ਰਹੇਗੀ, ਸਗੋਂ ਯੂਰਪ ਦੇ ਹੋਰਨਾਂ ਦੇਸ਼ਾਂ ਵਿੱਚ ਵੱਸਦੇ ਸਿੱਖਾਂ ਲਈ ਵੀ ਮਾਰਗਦਰਸ਼ਕ ਸਾਬਤ ਹੋ ਸਕਦੀ ਹੈ। ਆਗੂਆਂ ਨੇ ਬੈਲਜੀਅਮ ਦੀ ਸਮੁੱਚੀ ਸਾਧ-ਸੰਗਤ ਨੂੰ ਅਪੀਲ ਕੀਤੀ ਕਿ 25 ਅਕਤੂਬਰ ਦੀ ਇਕੱਤਰਤਾ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਸਰਬਸੰਮਤੀ ਨਾਲ ਅਜਿਹਾ ਫ਼ੈਸਲਾ ਲਿਆ ਜਾਵੇ, ਜਿਸ ਨਾਲ ਸਿੱਖ ਧਰਮ ਦੀ ਵੱਖਰੀ ਪਛਾਣ ਅਤੇ ਕਾਨੂੰਨੀ ਮਾਨਤਾ ਦਾ ਰਾਹ ਪੱਧਰਾ ਹੋ ਸਕੇ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀ ਪਛਾਣ ਦਾ ਮਸਲਾ ਕਿਸੇ ਇੱਕ ਸੰਸਥਾ ਜਾਂ ਧੜੇ ਦਾ ਨਹੀਂ, ਸਗੋਂ ਸਮੁੱਚੇ ਸਿੱਖ ਭਾਈਚਾਰੇ ਦੇ ਧਾਰਮਿਕ ਅਧਿਕਾਰਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ।

