School turns into a battlefield! Boy stabs a fellow female student
ਜੰਗ ਦਾ ਮੈਦਾਨ ਬਣਿਆ ਸਕੂਲ ! ਮੁੰਡੇ ਨੇ ਆਪਣੀ ਹੀ ਸਾਥੀ ਵਿਦਿਆਰਥਣ ਦੇ ਮਾਰ’ਤਾ ਚਾਕੂ
ਪੁਣੇ (ਆਵਾਜ਼ਿ ਕੌਮ ਬਿਊਰੋ)-ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ‘ਚ ਇਕ ਸਕੂਲ ਯਾਤਰਾ ਦੌਰਾਨ ਬਣਾਈ ਗਈ ਵੀਡੀਓ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ 9ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਆਪਣੀ ਸਹਿਪਾਠੀ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਪੁਲਸ ਦੇ ਇਕ ਅਧਿਕਾਰੀ ਸ਼ਨੀਵਾਰ ਨੂੰ ਦੱਸਿਆ ਕਿ ਵਿਦਿਆਰਥੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਇਹ ਘਟਨਾ ਸ਼ੁੱਕਰਵਾਰ ਦੁਪਹਿਰ 2:15 ਵਜੇ ਦੇ ਕਰੀਬ ਮਹਾਲੁੰਗੇ ਪਿੰਡ ਦੇ ਸਕੂਲ ਕੰਪਲੈਕਸ ‘ਚ ਵਾਪਰੀ। ਬਾਵਧਨ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜ਼ਖਮੀ ਵਿਦਿਆਰਥਣ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਹੈ। ਪੁਲਸ ਦੇ ਅਨੁਸਾਰ, ਸਕੂਲ ਦੇ ਵਿਦਿਆਰਥੀ 17 ਅਤੇ 18 ਅਕਤੂਬਰ ਨੂੰ ਸਤਾਰਾ ਜ਼ਿਲ੍ਹੇ ਦੇ ਪੰਚਗਨੀ ਅਤੇ ਮਹਾਬਲੇਸ਼ਵਰ ਦੀ ਯਾਤਰਾ ‘ਤੇ ਗਏ ਸਨ। ਯਾਤਰਾ ਦੌਰਾਨ ਇਕ ਪ੍ਰੋਗਰਾਮ ‘ਚ ਕੁੜੀਆਂ ਦੇ ਡਾਂਸ ਦੀ ਵੀਡੀਓ 9ਵੀਂ ਜਮਾਤ ‘ਚ ਪੜ੍ਹਨ ਵਾਲੇ ਦੋਸ਼ੀ ਵਿਦਿਆਰਥੀ ਨੇ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਸੀ। ਪੁਲਸ ਅਧਿਾਕਰੀ ਨੇ ਦੱਸਿਆ ਕਿ ਇਸ ਵੀਡੀਓ ਨੂੰ ਲੈ ਕੇ ਵਿਦਿਆਰਥਣਾਂ ਵਿਚਾਲੇ ਬਹਿਸ ਹੋਈ, ਜਿਸ ਤੋਂ ਬਾਅਦ ਮੁੰਡੇ ਨੇ ਇਸ ਨੂੰ ਹਟਾ ਦਿੱਤਾ। ਪੁਲਸ ਨੂੰ ਸ਼ੱਕ ਹੈ ਕਿ ਵਿਦਿਆਰਥੀ ਦੇ ਮਨ ‘ਚ ਇਸ ਘਟਨਾ ਨੂੰ ਲੈ ਕੇ ਨਾਰਾਜ਼ਗੀ ਸੀ ਅਤੇ ਇਸੇ ਕਾਰਨ ਉਸ ਨੇ ਵਿਦਿਆਰਥਣ ‘ਤੇ ਚਾਕੂ ਨਾਲ ਹਮਲਾ ਕੀਤਾ। ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥਣ ਦਾ ਬਿਆਨ ਦਰਜ ਕਰ ਲਿਆ ਗਿਆ ਹੈ ਅਤੇ ਵਿਦਿਆਰਥੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।

