Another Indian citizen to be deported from US! Court orders
ਅਮਰੀਕਾ ਤੋਂ ਇਕ ਹੋਰ ਭਾਰਤੀ ਨਾਗਰਿਕ ਹੋਵੇਗਾ ਡਿਪੋਰਟ ! ਅਦਾਲਤ ਨੇ ਜਾਰੀ ਕੀਤੇ ਹੁਕਮ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਦੀ ਇੱਕ ਫੈਡਰਲ ਅਦਾਲਤ ਨੇ ਵੀਜ਼ਾ ਧੋਖਾਧੜੀ ਅਤੇ ਹਥਿਆਰਬੰਦ ਲੁੱਟ-ਖੋਹ ਦੀ ਸਾਜਿਸ਼ ਰਚਣ ਦੇ ਦੋਸ਼ ਵਿੱਚ ਇੱਕ ਭਾਰਤੀ ਨਾਗਰਿਕ ਨੂੰ ਇੱਕ ਦਿਨ ਦੀ ਕੈਦ, 1,000 ਅਮਰੀਕੀ ਡਾਲਰ ਜੁਰਮਾਨਾ ਲਗਾਇਆ ਅਤੇ ਨਾਲ ਹੀ ਦੇਸ਼ ਵਿੱਚੋਂ ਬਾਹਰ ਕੱਢਣ ਦਾ ਹੁਕਮ ਦਿੱਤਾ। ਮੈਸਾਚੂਸੇਟਸ ਦੇ ਵਰਸੇਸਟਰ ਦੇ ਰਹਿਣ ਵਾਲੇ 40 ਸਾਲਾ ਮਿਤੁਲ ਪਟੇਲ ਅਤੇ 10 ਹੋਰ ਲੋਕਾਂ ਨੇ ਬੋਸਟਨ ਦੀ ਅਦਾਲਤ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਪਟੇਲ ਉਸ ਸਾਜ਼ਿਸ਼ ਦਾ ਹਿੱਸਾ ਸੀ, ਜਿਸ ਤਹਿਤ ਸਟੋਰਾਂ ਵਿੱਚ ਜਾਅਲੀ ਲੁੱਟਾਂ-ਖੋਹਾਂ ਕਰਵਾਈਆਂ ਜਾਂਦੀਆਂ ਸਨ ਤਾਂ ਜੋ ਉੱਥੇ ਕੰਮ ਕਰਨ ਵਾਲੇ ਕਰਮਚਾਰੀ ਖੁਦ ਨੂੰ ਅਪਰਾਧ ਦਾ ਸ਼ਿਕਾਰ ਦੱਸ ਕੇ ਅਮਰੀਕੀ ਵੀਜ਼ਾ ਹਾਸਲ ਕਰ ਸਕਣ। ਜਾਂਚ ਮੁਤਾਬਕ ਇਹ ਸਾਰੀ ਸਾਜਿਸ਼ ‘ਯੂ ਵੀਜ਼ਾ’ਪ੍ਰਾਪਤ ਕਰਨ ਲਈ ਰਚੀ ਗਈ ਸੀ। ਇੱਥੇ ਦੱਸ ਦਈਏ ਯੂ-ਵੀਜ਼ਾ ਉਨ੍ਹਾਂ ਲੋਕਾਂ ਨੂੰ ਮਿਲਦਾ ਹੈ ਜੋ ਕਿਸੇ ਗੰਭੀਰ ਅਪਰਾਧ ਦਾ ਸ਼ਿਕਾਰ ਹੋਏ ਹੋਣ ਅਤੇ ਜਾਂਚ ਵਿੱਚ ਪੁਲਿਸ ਦੀ ਮਦਦ ਕਰਦੇ ਹੋਣ। ਮਿਤੁਲ ਪਟੇਲ ਨੇ ਅਕਤੂਬਰ 2023 ਵਿੱਚ ਇੱਕ ਸਟੋਰ ਵਿੱਚ ਹੋਈ ਜਾਅਲੀ ਲੁੱਟ ਦੌਰਾਨ “ਪੀੜਤ” ਬਣਨ ਲਈ ਮੁੱਖ ਸਾਜ਼ਿਸ਼ਕਰਤਾ ਰਾਮਭਾਈ ਪਟੇਲ ਨੂੰ ਪੈਸੇ ਦਿੱਤੇ ਸਨ। ਸਾਜ਼ਿਸ਼ ਤਹਿਤ ਇੱਕ ਨਕਲੀ ਲੁਟੇਰਾ ਸਟੋਰ ਵਿੱਚ ਦਾਖਲ ਹੁੰਦਾ ਅਤੇ ਹਥਿਆਰ ਦਿਖਾ ਕੇ ਨਕਦੀ ਖੋਹ ਲੈਂਦਾ, ਜਦਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਜਾਂਦੀ ਸੀ। ਲੁਟੇਰੇ ਦੇ ਜਾਣ ਤੋਂ ਕੁਝ ਦੇਰ ਬਾਅਦ ਕਰਮਚਾਰੀ ਪੁਲਿਸ ਨੂੰ ਫੋਨ ਕਰਦੇ ਸਨ ਤਾਂ ਜੋ ਰਿਕਾਰਡ ਵਿੱਚ ਇਸਨੂੰ ਅਸਲੀ ਅਪਰਾਧ ਦਿਖਾਇਆ ਜਾ ਸਕੇ। ਰਾਮਭਾਈ ਪਟੇਲ ਇਸ ਕੰਮ ਲਈ ਸਟੋਰ ਮਾਲਕਾਂ ਨੂੰ ਵੀ ਪੈਸੇ ਦਿੰਦਾ ਸੀ। ਇਸ ਸਾਜ਼ਿਸ਼ ਦੇ ਮੁੱਖ ਸੰਚਾਲਕ ਰਾਮਭਾਈ ਪਟੇਲ ਅਤੇ ਲੁਟੇਰੇ ਦੇ ਤੌਰ ‘ਤੇ ਕੰਮ ਕਰਨ ਵਾਲੇ ਬਲਵਿੰਦਰ ਸਿੰਘ ਨੂੰ ਪਹਿਲਾਂ ਹੀ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ।

