Antilia bomb case: Charges framed against 9 including former police officer Sachin Vaze
ਐਂਟੀਲੀਆ ਬੰਬ ਕਾਂਡ : ਸਾਬਕਾ ਪੁਲਸ ਮੁਲਾਜ਼ਮ ਸਚਿਨ ਵਜ਼ੇ ਸਮੇਤ 9 ਖਿਲਾਫ ਦੋਸ਼ ਤੈਅ
ਮੁੰਬਈ (ਆਵਾਜ਼ਿ ਕੌਮ ਬਿਊਰੋ)-ਮੁੰਬਈ ਦੀ ਵਿਸ਼ੇਸ਼ ਐੱਨ. ਆਈ. ਏ. ਅਦਾਲਤ ਨੇ 2021 ਦੇ ਐਂਟੀਲੀਆ ਬੰਬ ਕਾਂਡ ਅਤੇ ਮਨਸੁਖ ਹਿਰੇਨ ਕਤਲਕਾਂਡ ’ਚ ਸਾਬਕਾ ਪੁਲਸ ਮੁਲਾਜ਼ਮਾਂ ਸਚਿਨ ਵਜ਼ੇ, ਪ੍ਰਦੀਪ ਸ਼ਰਮਾ ਅਤੇ 8 ਹੋਰਨਾਂ ਖਿਲਾਫ ਦੋਸ਼ ਤੈਅ ਕੀਤੇ। ਮਾਮਲੇ ਮੁਤਾਬਕ 25 ਫਰਵਰੀ 2021 ਨੂੰ ਦੱਖਣੀ ਮੁੰਬਈ ’ਚ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਨਿਵਾਸ ‘ਐਂਟੀਲੀਆ’ ਨੇੜੇ ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਇਕ ਐੱਸ. ਯੂ. ਵੀ. ਕਾਰ ਮਿਲੀ ਸੀ। ਵਪਾਰੀ ਮਨਸੁਖ ਹਿਰੇਨ ਨੇ ਦਾਅਵਾ ਕੀਤਾ ਸੀ ਕਿ ਐੱਸ. ਯੂ. ਵੀ. ਉਨ੍ਹਾਂ ਕੋਲੋਂ ਚੋਰੀ ਹੋ ਗਈ ਸੀ। ਹਾਲਾਂਕਿ, 5 ਮਾਰਚ 2021 ਨੂੰ ਗੁਆਂਢੀ ਜ਼ਿਲ੍ਹੇ ਠਾਣੇ ’ਚ ਹਿਰੇਨ ਦੀ ਲਾਸ਼ ਮਿਲੀ ਸੀ। ਕੁਝ ਦਿਨ ਬਾਅਦ ਇਸ ਮਾਮਲੇ ’ਚ ਸਚਿਨ ਵਜ਼ੇ ਨੂੰ ਗ੍ਰਿਫ਼ਤਾਰ ਕੀਤਾ ਗਿਆ। ਐੱਨ. ਆਈ. ਏ. ਅਨੁਸਾਰ, ਵਜ਼ੇ ਅੰਬਾਨੀ ਦੇ ਨਿਵਾਸ ਨੇੜੇ ਐੱਸ. ਯੂ. ਵੀ. ਕਾਰ ਖੜ੍ਹੀ ਕਰਨ ’ਚ ਸ਼ਾਮਲ ਸੀ ਅਤੇ ਇਸ ਦਾ ਮਕਸਦ ਅਮੀਰ ਲੋਕਾਂ ’ਚ ਦਹਿਸ਼ਤ ਫੈਲਾਉਣਾ ਅਤੇ ਇਕ ਵੱਡੇ ਨੇਤਾ ਵੱਲੋਂ ਕਥਿਤ ਤੌਰ ’ਤੇ ਤੈਅ ਕੀਤੇ ਗਏ 100 ਕਰੋੜ ਰੁਪਏ ਦੀ ਮਹੀਨਾਵਾਰ ਉਗਰਾਹੀ ਦੇ ਟੀਚੇ ਨੂੰ ਪੂਰਾ ਕਰਨ ਲਈ ਪੈਸੇ ਵਸੂਲਣਾ ਸੀ।

