ਅਰਪਣਦੀਪ ਸਿੰਘ ਨੇ ਹਰਿਆਣਾ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਵਿੱਚ ਟਾਪ ਕੀਤਾ, 497 ਅੰਕ ਲੈ ਕੇ ਪਹਿਲਾ ਸਥਾਨ ਹਾਸਿਲ

ਕੈਥਲ (13 ਮਈ, 2025): ਹਰਿਆਣਾ ਸਕੂਲ ਸਿੱਖਿਆ ਬੋਰਡ (HBSE) ਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ, ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿਯੋਨ ਮਾਜਰਾ (ਕੈਥਲ) ਦੇ ਵਿਦਿਆਰਥੀ ਅਰਪਣਦੀਪ ਸਿੰਘ ਨੇ 497 ਅੰਕ ਹਾਸਲ ਕਰਕੇ ਹਰਿਆਣਾ ਰਾਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਅਰਪਣਦੀਪ ਨੇ ਕਾਮਰਸ ਸਟ੍ਰੀਮ ਵਿੱਚ ਇਹ ਸਫਲਤਾ ਹਾਸਲ ਕੀਤੀ ਅਤੇ ਅਕਾਊਂਟਸ, ਇਕਨਾਮਿਕਸ, ਅਤੇ ਪੰਜਾਬੀ ਵਿੱਚ 100 ਵਿੱਚੋਂ 100 ਅੰਕ ਲਏ।
ਬੋਰਡ ਦੇ ਸਕੱਤਰ ਮੁਨੀਸ਼ ਨਾਗਪਾਲ ਨੇ ਦੱਸਿਆ ਕਿ ਕੁੱਲ 1,93,828 ਨਿਯਮਤ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 85.66% ਪਾਸ ਹੋਏ। ਕਾਮਰਸ ਸਟ੍ਰੀਮ ਵਿੱਚ 92.20% ਪਾਸ ਹੋਣ ਦੀ ਦਰ ਸਭ ਤੋਂ ਵੱਧ ਰਹੀ, ਜਦਕਿ ਲੜਕੀਆਂ ਨੇ 89.41% ਪਾਸ ਦਰ ਨਾਲ ਲੜਕਿਆਂ ਨੂੰ ਪਛਾੜ ਦਿੱਤਾ। ਜ਼ਿਲ੍ਹਾ ਜੀਂਦ ਨੇ ਸਭ ਤੋਂ ਵੱਧ ਪਾਸ ਪ੍ਰਤੀਸ਼ਤਤਾ (91.05%) ਦਰਜ ਕੀਤੀ, ਜਦਕਿ ਨੂੰਹ ਜ਼ਿਲ੍ਹਾ ਸਭ ਤੋਂ ਪਿੱਛੇ ਰਿਹਾ।
ਸੋਸ਼ਲ ਮੀਡੀਆ ’ਤੇ ਅਰਪਣਦੀਪ ਦੀ ਇਸ ਪ੍ਰਾਪਤੀ ਦੀ ਖੂਬ ਸਰਾਹਣਾ ਹੋ ਰਹੀ ਹੈ, ਜਿੱਥੇ ਲੋਕ ਉਸ ਦੀ ਮਿਹਨਤ ਅਤੇ ਸਰਕਾਰੀ ਸਕੂਲ ਦੀ ਸਿੱਖਿਆ ਦੀ ਸ਼ਲਾਘਾ ਕਰ ਰਹੇ ਹਨ।