Arrival of migratory birds begins at Keshopur Chhamb, the country’s first community reserve
ਦੇਸ਼ ਦੇ ਪਹਿਲੇ ਕਮਿਊਨਿਟੀ ਰਿਜ਼ਰਵ ਕੇਸ਼ੋਪੁਰ ਛੰਭ ’ਚ ਵਿਦੇਸ਼ੀ ਪੰਛੀਆਂ ਦੀ ਆਮਦ ਸ਼ੁਰੂ
ਗੁਰਦਾਸਪੁਰ (ਆਵਾਜ਼ਿ ਕੌਮ ਬਿਊਰੋ)-ਗੁਰਦਾਸਪੁਰ ਸ਼ਹਿਰ ਤੋਂ 5 ਕਿੱਲੋਮੀਟਰ ਦੂਰ ਬਹਿਰਾਮਪੁਰ ਰੋਡ ’ਤੇ ਸਥਿਤ 800 ਏਕੜ ’ਚ ਫੈਲੇ ਦੇਸ਼ ਦੇ ਪਹਿਲੇ ਕਮਿਊਨਿਟੀ ਰਿਜ਼ਰਵ ਕੇਸ਼ੋਪੁਰ ਛੰਭ ’ਚ ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਵਿਦੇਸ਼ੀ ਪੰਛੀਆਂ ਦੀ ਆਮਦ ਨਾਲ ਰੌਣਕਾਂ ਪਰਤਣ ਲੱਗੀਆਂ ਹਨ। ਮੌਸਮ ’ਚ ਅਚਾਨਕ ਆਈ ਤਬਦੀਲੀ ਕਾਰਨ ਇਸ ਵਾਰ ਨਵੰਬਰ ਦੀ ਬਜਾਏ ਅਕਤੂਬਰ ’ਚ ਹੀ ਪ੍ਰਵਾਸੀ ਪੰਛੀ ਪਹੁੰਚਣੇ ਸ਼ੁਰੂ ਹੋ ਗਏ ਹਨ। ਇਸੇ ਤਰ੍ਹਾਂ ਨਰੋਟ ਛੰਭ ’ਚ ਵੀ ਪੰਛੀ ਪਹੁੰਚ ਚੁੱਕੇ ਹਨ। ਮਹਾਰਾਜਾ ਰਣਜੀਤ ਸਿੰਘ ਦੀ ਸ਼ਿਕਾਰਗਾਹ ਰਿਹਾ ਇਹ ਛੰਭ ਕੇਸ਼ੋਪੁਰ, ਮਿਆਣੀ, ਡੱਲਾ, ਮੱਟਮ ਤੇ ਮਗਰਮੂਦੀਆਂ ਪਿੰਡਾਂ ’ਚ ਫੈਲਿਆ ਹੋਇਆ ਹੈ। ਇਹ ਰਾਮਸਰ ਸਾਈਟ ’ਚ ਵੀ ਸ਼ਾਮਲ ਹੈ ਅਤੇ ਪੰਜਾਬ ਸਰਕਾਰ ਵੱਲੋਂ ਇੱਥੇ 5 ਕਰੋੜ ਰੁਪਏ ਦੀ ਲਾਗਤ ਨਾਲ ਵਿਆਖਿਆ ਕੇਂਦਰ ਬਣਾਇਆ ਗਿਆ ਹੈ। ਇੱਥੇ ਹਰ ਸਾਲ ਯੂਕ੍ਰੇਨ, ਅਫ਼ਗਾਨਿਸਤਾਨ, ਪਾਕਿਸਤਾਨ ਆਦਿ ਦੇਸ਼ਾਂ ਤੋਂ ਸਾਰਸ ਕ੍ਰੇਨ, ਨਾਰਥਨ ਸਾਲਵਰ, ਸਪੋਰਟ ਬਿਲਡ ਡੱਕ, ਗੈਡਵਾਲ, ਕਾਮਨ ਟੀਲ, ਯੂਰੇਸ਼ੀਅਨ ਵਿਜਨ, ਮਲਾਰਡ, ਨਾਰਥਨ ਪਿਨਟੇਲ, ਹੰਸ ਤੇ ਮੁਰਗਾਬੀਆਂ ਸਮੇਤ ਕਈ ਪ੍ਰਜਾਤੀਆਂ ਦੇ ਪੰਛੀ ਆਉਂਦੇ ਹਨ। ਕਦੇ ਇੱਥੇ 1 ਲੱਖ ਤੋਂ ਵੱਧ ਪੰਛੀ ਆਉਂਦੇ ਹਨ ਪਰ ਸ਼ਿਕਾਰ ਕਾਰਨ ਇਹ ਗਿਣਤੀ ਘੱਟ ਗਈ ਸੀ, ਜੋ ਹੁਣ ਮੁੜ 20,000 ਤੋਂ 25,000 ਤੱਕ ਪਹੁੰਚ ਰਹੀ ਹੈ। ਇਲਾਕਾ ਨਿਵਾਸੀਆਂ ਅਨੁਸਾਰ ਛੰਭ ’ਚ ਖਰਚੀ ਰਾਸ਼ੀ ਅਨੁਸਾਰ ਵਿਕਾਸ ਨਜ਼ਰ ਨਹੀਂ ਆਉਂਦਾ। ਸੈਲਾਨੀਆਂ ਲਈ ਬਣੇ ਟਾਵਰ ਨੁਕਸਾਨੇ ਗਏ ਹਨ, ਸੜਕਾਂ ਢਹਿ ਚੁੱਕੀਆਂ ਹਨ ਅਤੇ ਸਫ਼ਾਈ ਦੇ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਹਨ। ਇਸ ਤੋਂ ਇਲਾਵਾ ਪੰਛੀਆਂ ਦੀ ਸੁਰੱਖਿਆ ਲਈ ਸਟਾਫ਼ ਦੀ ਵੀ ਭਾਰੀ ਘਾਟ ਹੈ, ਜਿਸ ਕਾਰਨ ਕੇਸ਼ੋਪੁਰ ਛੰਭ ਆਪਣੀ ਮਹੱਤਤਾ ਗੁਆ ਰਿਹਾ ਹੈ।

