ATS apprehended an Al-Qaeda terrorist from Azamgarh; he was working to turn youths into Mujahideen
ATS ਨੇ ਅਲਕਾਇਦਾ ਦੇ ਅੱਤਵਾਦੀ ਨੂੰ ਆਜ਼ਮਗੜ੍ਹ ਤੋਂ ਕੀਤਾ ਕਾਬੂ, ਨੌਜਵਾਨਾਂ ਨੂੰ ਮੁਜਾਹਿਦ ਬਣਾਉਣ ਲਈ ਕਰ ਰਿਹਾ ਸੀ ਕੰਮ
ਆਜ਼ਮਗੜ੍ਹ (ਆਵਾਜ਼ਿ ਕੌਮ ਬਿਊਰੋ)-ਉੱਤਰ ਪ੍ਰਦੇਸ਼ ਏ. ਟੀ. ਐੱਸ. ਨੇ ਸ਼ਨੀਵਾਰ ਨੂੰ ਆਜ਼ਮਗੜ੍ਹ ਤੋਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਅਲ ਕਾਇਦਾ ਇੰਡੀਅਨ ਸਬਕਾਂਟੀਨੈਂਟ (ਏ. ਕਿਊ. ਆਈ. ਐੱਸ.) ਨਾਲ ਜੁੜੇ ਮੁਹੰਮਦ ਨਬੀਲ ਨੂੰ ਗ੍ਰਿਫ਼ਤਾਰ ਕੀਤਾ। ਏ. ਟੀ. ਐੱਸ. ਅਨੁਸਾਰ ਉਹ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਸੰਗਠਨ ਦੀ ਵਿਚਾਰਧਾਰਾ ਨਾਲ ਜੋੜ ਕੇ ਉਨ੍ਹਾਂ ਨੂੰ ਮੁਜਾਹਿਦ ਬਣਾਉਣ ਅਤੇ ਅੱਤਵਾਦੀ ਸਰਗਰਮੀਆਂ ਲਈ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਏ. ਡੀ. ਜੀ. ਕਾਨੂੰਨ ਵਿਵਸਥਾ ਅਮਿਤਾਭ ਯਸ਼ ਮੁਤਾਬਕ ਨਬੀਲ ਸੋਸ਼ਲ ਮੀਡੀਆ ਦੇ ਅਨਕ੍ਰਿਪਟਡ ਪਲੇਟਫਾਰਮ ’ਤੇ ਗਰੁੱਪ ਬਣਾ ਕੇ ਨੌਜਵਾਨਾਂ ਨੂੰ ਜੋੜ ਰਿਹਾ ਸੀ। ਉਸ ਦੇ ਮੋਬਾਈਲ ਦੀ ਜਾਂਚ ਵਿਚ ਏ. ਕਿਊ. ਆਈ. ਐੱਸ. ਦੀ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਨਾਲ ਸਬੰਧਤ ਸਮੱਗਰੀ ਮਿਲੀ। ਉਸ ਨੇ ‘ਲਾ ਗਾਲਿਬ-ਇੱਲਲਾਹ’ ਨਾਂ ਨਾਲ ਵ੍ਹਟਸਐਪ ਗਰੁੱਪ ਵੀ ਬਣਾਇਆ ਸੀ, ਜਿਸ ਵਿਚ ਜੰਮੂ-ਕਸ਼ਮੀਰ ਤੋਂ ਇਲਾਵਾ ਵਿਦੇਸ਼ਾਂ ਦੇ ਲੋਕ ਵੀ ਜੁੜੇ ਹੋਏ ਸਨ। ਏ. ਟੀ. ਐੱਸ. ਦੇ ਅਨੁਸਾਰ, ਨਬੀਲ ਗਰੁੱਪ ਦੇ ਮੈਂਬਰਾਂ ਨੂੰ ‘ਮੁਜਾਹਿਦ’ ਕਹਿ ਕੇ ਸੰਬੋਧਨ ਕਰਦਾ ਸੀ ਅਤੇ ਜੇਹਾਦ ਤੇ ਹਥਿਆਰਾਂ ਨਾਲ ਜੁੜੀਆਂ ਸਰਗਰਮੀਆਂ ਲਈ ਕਥਿਤ ਤੌਰ ’ਤੇ ਕੋਡ ਸ਼ਬਦਾਂ ਦੀ ਵਰਤੋਂ ਕਰਦਾ ਸੀ। ਉਹ ਅਲ ਕਾਇਦਾ ਦੇ ਅੱਤਵਾਦੀ ਅਨਵਰ ਉੱਲ ਅਵਲਾਕੀ ਅਤੇ ਮੌਲਾਨਾ ਆਸਿਮ ਉਮਰ ਦੀਆਂ ਕਿਤਾਬਾਂ ਵੀ ਗਰੁੱਪ ਵਿਚ ਸਾਂਝੀਆਂ ਕਰਦਾ ਸੀ। ਜਾਂਚ ਵਿਚ ਪਾਕਿਸਤਾਨ, ਤੁਰਕੀ ਤੇ ਬੰਗਲਾਦੇਸ਼ ਜਾ ਕੇ ਸਿਖਲਾਈ ਲੈਣ ਦੀ ਯੋਜਨਾ ਅਤੇ ਬੰਬ ਬਣਾਉਣ ਨਾਲ ਸਬੰਧਤ ਸਮੱਗਰੀ ਤਲਾਸ਼ਣ ਦੇ ਸੰਕੇਤ ਵੀ ਮਿਲੇ ਹਨ। ਏ. ਟੀ. ਐੱਸ. ਨੇ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਮੰਗੇਗੀ।

