‘Attack on drug de-addiction center in Kabul should be investigated as war crime’; Amnesty International
‘ਕਾਬੁਲ ‘ਚ ਨਸ਼ਾ ਛੁਡਾਊ ਕੇਂਦਰ ‘ਤੇ ਹੋਏ ਹਮਲੇ ਦੀ ਜੰਗੀ ਅਪਰਾਧ ਵਜੋਂ ਕੀਤੀ ਜਾਵੇ ਜਾਂਚ’ ; ਐਮਨੈਸਟੀ ਇੰਟਰਨੈਸ਼ਨਲ
Kabul, (ਆਵਾਜ਼ਿ ਕੌਮ ਬਿਊਰੋ)-ਜਦੋਂ ਮਿਡਲ ਈਸਟ ‘ਚ ਇਰਾਨ ਤੇ ਅਮਰੀਕਾ ਵਿਚਾਲੇ ਭਿਆਨਕ ਜੰਗ ਛਿੜੀ ਹੋਈ ਸੀ ਤਾਂ ਇਸੇ ਦੌਰਾਨ ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚਾਲੇ ਵੀ ਤਾਬੜਤੋੜ ਹਮਲੇ ਸ਼ੁਰੂ ਕਰ ਦਿੱਤੇ ਗਏ ਸਨ, ਜਿਸ ਕਾਰਨ ਜੰਗ ਦਾ ਤਣਾਅ ਮਿਡਲ ਈਸਟ ਤੋਂ ਲੈ ਕੇ ਏਸ਼ੀਆ ਦੇ ਵੱਡੇ ਹਿੱਸੇ ਤੱਕ ਫੈਲਣ ਲੱਗ ਪਿਆ। ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ ‘ਐਮਨੈਸਟੀ ਇੰਟਰਨੈਸ਼ਨਲ’ ਨੇ ਆਪਣੀ ਨਵੀਂ ਜਾਂਚ ਰਿਪੋਰਟ ਵਿੱਚ ਮੰਗ ਕੀਤੀ ਹੈ ਕਿ 16 ਮਾਰਚ 2026 ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ‘ਓਮੀਦ’ ਨਸ਼ਾ ਛੁਡਾਊ ਕੇਂਦਰ ‘ਤੇ ਪਾਕਿਸਤਾਨੀ ਹਵਾਈ ਫੌਜ ਵੱਲੋਂ ਕੀਤੇ ਗਏ ਭਿਆਨਕ ਹਮਲੇ ਦੀ ਜੰਗੀ ਅਪਰਾਧ ਵਜੋਂ ਨਿਰਪੱਖ ਜਾਂਚ ਕੀਤੀ ਜਾਣੀ ਚਾਹੀਦੀ ਹੈ। 16 ਮਾਰਚ 2026 ਦੀ ਰਾਤ ਨੂੰ ਹੋਏ ਇਸ ਹਵਾਈ ਹਮਲੇ ਵਿੱਚ ਮਰੀਜ਼ਾਂ ਤੇ ਸਟਾਫ਼ ਸਣੇ ਘੱਟੋ-ਘੱਟ 269 ਲੋਕ ਮਾਰੇ ਗਏ ਸਨ, ਜਦਕਿ 122 ਤੋਂ ਵੱਧ ਜ਼ਖਮੀ ਹੋਏ ਸਨ।। ਹਾਲਾਂਕਿ ਪਾਕਿਸਤਾਨੀ ਸਰਕਾਰ ਅਤੇ ਫੌਜ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਇਸ ਹਮਲੇ ਰਾਹੀਂ ਹਥਿਆਰਾਂ ਅਤੇ ਅਸਲੇ ਦੇ ਡਿਪੂ ਨੂੰ ਨਿਸ਼ਾਨਾ ਬਣਾਇਆ ਸੀ। ਹਾਲਾਂਕਿ, ਐਮਨੈਸਟੀ ਇੰਟਰਨੈਸ਼ਨਲ ਨੇ 60 ਤੋਂ ਵੱਧ ਤਸਵੀਰਾਂ, 30 ਤੋਂ ਵੱਧ ਸੈਟੇਲਾਈਟ ਤਸਵੀਰਾਂ ਅਤੇ ਚਸ਼ਮਦੀਦਾਂ ਦੇ ਬਿਆਨਾਂ ਦੇ ਵਿਸ਼ਲੇਸ਼ਣ ਤੋਂ ਬਾਅਦ ਸਪੱਸ਼ਟ ਕੀਤਾ ਕਿ ਉੱਥੇ ਹਥਿਆਰ ਜਾਂ ਅਸਲਾ ਹੋਣ ਦੇ ਕੋਈ ਸਬੂਤ ਨਹੀਂ ਮਿਲੇ। ਐਮਨੈਸਟੀ ਦੀ ਦੱਖਣੀ ਏਸ਼ੀਆ ਲਈ ਕਾਰਜਕਾਰੀ ਨਿਰਦੇਸ਼ਕ ਇਜ਼ਾਬੇਲ ਲਾਸੀ ਅਨੁਸਾਰ, ਇਹ ਕੇਂਦਰ ਪਿਛਲੇ 10 ਸਾਲਾਂ ਤੋਂ ਵੱਧ ਸਮੇਂ ਤੋਂ ਜਨਤਕ ਤੌਰ ‘ਤੇ ਚੱਲ ਰਿਹਾ ਸੀ। ਮੈਡੀਕਲ ਅਤੇ ਇਲਾਜ ਕੇਂਦਰਾਂ ‘ਤੇ ਹਮਲਾ ਕਰਨਾ ਅੰਤਰਰਾਸ਼ਟਰੀ ਮਨੁੱਖਤਾਵਾਦੀ ਕਾਨੂੰਨ (IHL) ਦੀ ਗੰਭੀਰ ਉਲੰਘਣਾ ਹੈ। ਸੰਸਥਾ ਨੇ ਪਾਕਿਸਤਾਨ ਸਰਕਾਰ ਨੂੰ ਇਸ ਹਮਲੇ ਦੇ ਫੈਸਲੇ ਦੀ ਪਾਰਦਰਸ਼ੀ, ਆਜ਼ਾਦ ਅਤੇ ਨਿਰਪੱਖ ਜਾਂਚ ਕਰਵਾਉਣ ਅਤੇ ਦੋਸ਼ੀ ਅਧਿਕਾਰੀਆਂ ‘ਤੇ ਮੁਕੱਦਮਾ ਚਲਾਉਣ ਦੀ ਅਪੀਲ ਕੀਤੀ ਹੈ।

