Attempt to demolish 200-year-old temple in Pakistan; administration seals the site
ਪਾਕਿਸਤਾਨ ‘ਚ 200 ਸਾਲ ਪੁਰਾਣਾ ਮੰਦਰ ਢਾਹੁਣ ਦੀ ਕੋਸ਼ਿਸ਼, ਪ੍ਰਸ਼ਾਸਨ ਨੇ ਕੀਤਾ ਸੀਲ
ਡੇਰਾ ਇਸਮਾਈਲ ਖ਼ਾਨ (ਆਵਾਜ਼ਿ ਕੌਮ ਬਿਊਰੋ)- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਇੱਕ 200 ਸਾਲ ਪੁਰਾਣੇ ਇਤਿਹਾਸਕ ਹਿੰਦੂ ਮੰਦਰ ਨੂੰ ਢਾਹ ਕੇ ਉੱਥੇ ਕਮਰਸ਼ੀਅਲ ਪਲਾਜ਼ਾ (ਵਪਾਰਕ ਇਮਾਰਤ) ਬਣਾਉਣ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਥਾਨਕ ਹਿੰਦੂ ਭਾਈਚਾਰੇ ਅਤੇ ਸਿਵਲ ਸੁਸਾਇਟੀ ਦੇ ਵਿਰੋਧ ਤੋਂ ਬਾਅਦ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਮੰਦਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ‘ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ’ (ETPB) ਰਾਹੀਂ ਸੀਲ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਡੇਰਾ ਇਸਮਾਈਲ ਖ਼ਾਨ ਜ਼ਿਲ੍ਹੇ ਦੇ ਰਹੀਮ ਬਾਜ਼ਾਰ ਇਲਾਕੇ ਵਿੱਚ ਸਥਿਤ ਇਤਿਹਾਸਕ ਰਾਮ ਲੀਲਾ ਮੰਦਰ ਨਾਲ ਜੁੜਿਆ ਹੋਇਆ ਹੈ। ਲੰਘੇ ਦਿਨੀਂ ਜਦੋਂ ਸਥਾਨਕ ਲੋਕਾਂ ਨੂੰ ਮੰਦਰ ਦੀ ਇਮਾਰਤ ਢਾਹੁਣ ਦੀ ਕੋਸ਼ਿਸ਼ ਦਾ ਪਤਾ ਲੱਗਾ ਤਾਂ ਉਹ ਮੌਕੇ ‘ਤੇ ਪਹੁੰਚੇ ਅਤੇ ਭੰਨ-ਤੋੜ ਦਾ ਕੰਮ ਰੁਕਵਾ ਦਿੱਤਾ। ‘ਡੇਰਾ ਸਿਵਲ ਸੁਸਾਇਟੀ’ ਅਤੇ ‘ਟ੍ਰੇਡਰਜ਼ ਐਸੋਸੀਏਸ਼ਨ’ ਦੇ ਪ੍ਰਧਾਨ ਸੋਹੇਲ ਅਹਿਮਦ ਅਜ਼ਮੀ ਅਨੁਸਾਰ ਮੌਕੇ ‘ਤੇ ਮੌਜੂਦ ਇੱਕ ਵਿਅਕਤੀ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਮੰਦਰ ਢਾਹੁਣ ਦਾ ਠੇਕਾ ਮਿਲਿਆ ਹੈ। ਇਸ ਘਟਨਾ ਤੋਂ ਬਾਅਦ ਹਿੰਦੂ ਭਾਈਚਾਰੇ ਅਤੇ ਸਿਵਲ ਸੁਸਾਇਟੀ ਦੇ ਨੁਮਾਇੰਦਿਆਂ ਨੇ ਬੈਠਕ ਕਰਕੇ ਇਸ ਦਾ ਸਖ਼ਤ ਵਿਰੋਧ ਕੀਤਾ ਅਤੇ ਮੰਦਰ ਦੀ ਜਾਇਦਾਦ ਦੇ ਮਲਕੀਅਤ ਹੱਕਾਂ ਸਮੇਤ ਕਿਸੇ ਵੀ ਵਪਾਰਕ ਨਿਰਮਾਣ ਦੀ ਵੈਧਤਾ ਦੀ ਜਾਂਚ ਕਰਨ ਦੀ ਮੰਗ ਕੀਤੀ। ‘ਆਲ ਪਾਕਿਸਤਾਨ ਹਿੰਦੂ ਰਾਈਟਸ ਮੂਵਮੈਂਟ’ ਦੇ ਪ੍ਰਧਾਨ ਹਾਰੂਨ ਸਰਬ ਦਿਆਲ ਨੇ ਮੰਗ ਕੀਤੀ ਕਿ ਸਾਲ 2013 ਤੋਂ 2026 ਦਰਮਿਆਨ ਧਾਰਮਿਕ ਜਾਇਦਾਦਾਂ ‘ਤੇ ਹੋਏ ਅਣ-ਧਿਕਾਰਤ ਕਬਜ਼ਿਆਂ ਜਾਂ ਉਨ੍ਹਾਂ ਦੀ ਵਿਕਰੀ ਦੇ ਦੋਸ਼ਾਂ ਦੀ ਪੂਰੀ ਜਾਂਚ ਕੀਤੀ ਜਾਵੇ। ਉਨ੍ਹਾਂ ਨੇ ਖੈਬਰ ਪਖਤੂਨਖਵਾ ਵਿੱਚ ਲਾਗੂ ਗਵਰਨਰ ਸ਼ਾਸਨ ਦੌਰਾਨ ਹਿੰਦੂ ਧਾਰਮਿਕ ਸਥਾਨਾਂ ਨੂੰ ਵਿਸ਼ੇਸ਼ ਸੁਰੱਖਿਆ ਦੇਣ ਦੀ ਉਮੀਦ ਪ੍ਰਗਟਾਈ। ਰਾਮ ਲੀਲਾ ਮੰਦਰ ਡੇਰਾ ਇਸਮਾਈਲ ਖ਼ਾਨ ਦੀ ਇਤਿਹਾਸਕ ਅਤੇ ਧਾਰਮਿਕ ਵਿਰਾਸਤ ਦਾ ਮਹੱਤਵਪੂਰਨ ਅੰਗ ਮੰਨਿਆ ਜਾਂਦਾ ਹੈ। ਪਾਕਿਸਤਾਨ ਸਰਕਾਰ ਦੇ ਅਦਾਰੇ ETPB ਵੱਲੋਂ ਖੇਤਰ ਦੀਆਂ ਲਗਭਗ 400 ਇਮਾਰਤਾਂ ਨੂੰ ਸੱਭਿਆਚਾਰਕ ਵਿਰਾਸਤ ਵਜੋਂ ਚਿੰਨ੍ਹਿਤ ਕੀਤਾ ਗਿਆ ਹੈ। ETPB ਉਹ ਸਰਕਾਰੀ ਅਦਾਰਾ ਹੈ ਜੋ 1947 ਦੀ ਵੰਡ ਤੋਂ ਬਾਅਦ ਭਾਰਤ ਚਲੇ ਗਏ ਲੋਕਾਂ ਦੀਆਂ ਛੱਡੀਆਂ ਜਾਇਦਾਦਾਂ ਅਤੇ ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਦੀਆਂ ਟਰੱਸਟ ਜਾਇਦਾਦਾਂ ਦਾ ਪ੍ਰਬੰਧਨ ਕਰਦਾ ਹੈ।

