After France, protests spread to many European countries! Thousands of people took to the streets
ਫਰਾਂਸ ਮਗਰੋਂ ਕਈ ਯੂਰਪੀ ਦੇਸ਼ਾਂ ‘ਚ ਫ਼ੈਲਿਆ ਪ੍ਰਦਰਸ਼ਨਾਂ ਦਾ ਸੇਕ ! ਸੜਕਾਂ ‘ਤੇ ਉਤਰੇ ਹਜ਼ਾਰਾਂ ਲੋਕ
Paris, (ਆਵਾਜ਼ਿ ਕੌਮ ਬਿਊਰੋ)-ਫਰਾਂਸ ‘ਚ ਜਦੋਂ ਪਹਿਲਾਂ ਹੀ ਮਹਿੰਗਾਈ, ਮਾੜੀ ਸਿੱਖਿਆ ਪ੍ਰਣਾਲੀ, ਸਕੂਲਾਂ ਦੀ ਮਾੜੀ ਹਾਲਤ ਸਣੇ ਕਈ ਮਾਮਲਿਆਂ ਨੂੰ ਲੈ ਕੇ ਪ੍ਰਦਰਸ਼ਨ ਚੱਲ ਰਹੇ ਹਨ, ਉੱਥੇ ਹੀ ਯੂਰਪ ਦੇ ਕਈ ਦੇਸ਼ ਹੁਣ ਇਨ੍ਹਾਂ ਪ੍ਰਦਰਸ਼ਨਾਂ ਦੀ ਚਪੇਟ ‘ਚ ਆ ਗਏ ਹਨ। ਮਹਿੰਗਾਈ, ਘੱਟ ਮਜ਼ਦੂਰੀ ਅਤੇ ਅਸਮਾਨ ਛੂੰਹਦੀਆਂ ਰਿਹਾਇਸ਼ੀ ਕੀਮਤਾਂ ਖ਼ਿਲਾਫ਼ ਪੂਰੇ ਯੂਰਪੀਅਨ ਯੂਨੀਅਨ ‘ਚ ਜਨਤਕ ਗੁੱਸਾ ਭੜਕ ਉੱਠਿਆ ਹੈ। ਸ਼ਨੀਵਾਰ 17 ਅਕਤੂਬਰ ਨੂੰ ਫਰਾਂਸ ਦੇ ਨਾਲ-ਨਾਲ ਇਟਲੀ, ਬੈਲਜੀਅਮ ਅਤੇ ਪੁਰਤਗਾਲ ‘ਚ ਵੀ ਲੱਖਾਂ ਲੋਕਾਂ ਨੇ ਰੈਲੀਆਂ ਕੱਢ ਕੇ ਆਪਣੀਆਂ ਸਰਕਾਰਾਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਮਾਹਿਰਾਂ ਅਨੁਸਾਰ ਫਰਾਂਸ ਇਸ ਅੰਦੋਲਨ ਦਾ ਕੇਂਦਰ ਬਣਿਆ ਹੋਇਆ ਹੈ, ਜਿੱਥੋਂ ਇਹ ਵਿਰੋਧ ਪ੍ਰਦਰਸ਼ਨ ਹੁਣ ਗੁਆਂਢੀ ਯੂਰਪੀਅਨ ਦੇਸ਼ਾਂ ‘ਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਇਟਲੀ ਦੇ ਸ਼ਹਿਰ ਮਿਲਾਨ ਦੇ ਮਸ਼ਹੂਰ ‘ਪਿਆਜ਼ਾ ਡੂਓਮੋ’ ਵਿਖੇ ਮਹਿੰਗਾਈ ਅਤੇ ਚੱਲ ਰਹੀਆਂ ਜੰਗਾਂ ਖ਼ਿਲਾਫ਼ ਸ਼ੁਰੂ ਹੋਇਆ ਸ਼ਾਂਤੀਪੂਰਵਕ ਮਾਰਚ ਅਚਾਨਕ ਹਿੰਸਕ ਹੋ ਗਿਆ। ਇੱਥੇ ਨਕਾਬਪੋਸ਼ ਹਮਲਾਵਰਾਂ ਨੇ ਸਟੋਰਾਂ ‘ਚ ਲੁੱਟ ਮਚਾ ਦਿੱਤੀ, ਬਾਰ ਟੇਬਲਾਂ ਨੂੰ ਅੱਗ ਲਗਾਈ ਅਤੇ ਪੁਲਸ ‘ਤੇ ਵੀ ਪੱਥਰ ਵਰ੍ਹਾਏ। ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਵਾਟਰ ਕੈਨਨ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ। ਇਸ ਦੌਰਾਨ ਘੱਟੋ-ਘੱਟ 2 ਪੁਲਸ ਵਾਲੇ ਜ਼ਖਮੀ, ਜਦਕਿ 50 ਤੋਂ ਵੱਧ ਪ੍ਰਦਰਸ਼ਨਕਾਰੀ ਹਿਰਾਸਤ ‘ਚ ਲਏ ਗਏ। ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਦੀ ਸਖ਼ਤ ਨਿੰਦਾ ਕੀਤੀ ਹੈ। ਇਸ ਤੋਂ ਬਾਅਦ ਬੈਲਜੀਅਮ ਦੀ ਰਾਜਧਾਨੀ ਬ੍ਰੇਸੇਲਜ਼ ‘ਚ ਯੂਨੀਵਰਸਿਟੀ ਦੀਆਂ ਵਧੀਆਂ ਫੀਸਾਂ ਅਤੇ ਮਹਿੰਗਾਈ ਖ਼ਿਲਾਫ਼ ਬ੍ਰਸੇਲਜ਼ ਅਤੇ ਲੀਜ ਸ਼ਹਿਰਾਂ ‘ਚ ਹਜ਼ਾਰਾਂ ਨੌਜਵਾਨਾਂ ਨੇ ਸੜਕਾਂ ‘ਤੇ ਉਤਰ ਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਵੱਲੋਂ ਕਈ ਥਾਈਂ ਅੱਗ ਲਗਾਈ ਗਈ ਤੇ ਪੁਲਸ ਮੁਲਾਜ਼ਮਾਂ ‘ਤੇ ਪੱਥਰਬਾਜ਼ੀ ਕੀਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਵਾਟਰ ਕੈਨਨ ਅਤੇ ਅੱਥਰੂ ਗੈਸ ਦਾ ਇਸਤੇਮਾਲ ਕੀਤਾ। ਇਸ ਤੋਂ ਇਲਾਵਾ ਪੁਰਤਗਾਲ ਦੀ ਰਾਜਧਾਨੀ ਲਿਸਬਨ ਵਿੱਚ ਹਜ਼ਾਰਾਂ ਲੋਕਾਂ ਨੇ ਘੱਟ ਤਨਖਾਹਾਂ ਅਤੇ ਵਧਦੇ ਕਿਰਾਇਆਂ ਖ਼ਿਲਾਫ਼ ਵਿਸ਼ਾਲ ਮਾਰਚ ਕੱਢਿਆ। 2017 ਤੋਂ ਬਾਅਦ ਪੁਰਤਗਾਲ ‘ਚ ਘਰਾਂ ਦੀਆਂ ਕੀਮਤਾਂ ਦੁੱਗਣੇ ਤੋਂ ਵੀ ਵੱਧ ਹੋ ਚੁੱਕੀਆਂ ਹਨ। ਪ੍ਰਦਰਸ਼ਨਕਾਰੀਆਂ ਨੇ ਸੜਕਾਂ ‘ਤੇ ਟੈਂਟ ਲਗਾ ਕੇ ਰੋਸ ਜਤਾਇਆ। ਹਾਲਾਂਕਿ ਪੁਰਤਗਾਲੀ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਅੱਗੇ ਨਾ ਝੁਕਣ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਲੋਕਾਂ ਦਾ ਗੁੱਸਾ ਹੋਰ ਵਧ ਗਿਆ ਹੈ। ਮਾਹਿਰਾਂ ਅਨੁਸਾਰ, ਅਗਲੇ 12 ਮਹੀਨਿਆਂ ਦੌਰਾਨ ਫਰਾਂਸ, ਇਟਲੀ, ਸਪੇਨ ਅਤੇ ਪੋਲੈਂਡ ‘ਚ ਚੋਣਾਂ ਹੋਣ ਜਾ ਰਹੀਆਂ ਹਨ। ਇਹ ਜਨਤਕ ਰੋਸ ਯੂਰਪ ਦੀ ਆਗਾਮੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰੇਗਾ। ਜਰਮਨੀ, ਗ੍ਰੀਸ ਅਤੇ ਆਸਟ੍ਰੀਆ ‘ਚ ਵੀ ਅਜਿਹੇ ਪ੍ਰਦਰਸ਼ਨਾਂ ਦੀ ਸ਼ੁਰੂਆਤ ਦੇ ਸੰਕੇਤ ਮਿਲ ਰਹੇ ਹਨ, ਜਿਸ ਕਾਰਨ ਯੂਰਪ ‘ਚ ਹਾਲਾਤ ਹੋਰ ਖ਼ਰਾਬ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

