Be cautious before traveling to Russia! Advisory issued for Indians
ਰੂਸ ਦੀ ਯਾਤਰਾ ਤੋਂ ਪਹਿਲਾਂ ਹੋ ਜਾਓ ਸਾਵਧਾਨ! ਭਾਰਤੀਆਂ ਲਈ ਐਡਵਾਈਜ਼ਰੀ ਜਾਰੀ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਭਾਰਤ ਦੇ ਵਿਦੇਸ਼ ਮੰਤਰਾਲੇ (MEA) ਨੇ ਰੂਸ ਜਾਣ ਵਾਲੇ ਅਤੇ ਵਿਦੇਸ਼ਾਂ ਵਿੱਚ ਨੌਕਰੀ ਦੀ ਭਾਲ ਕਰ ਰਹੇ ਭਾਰਤੀ ਨਾਗਰਿਕਾਂ ਲਈ ਇੱਕ ਅਹਿਮ ਐਡਵਾਈਜ਼ਰੀ ਜਾਰੀ ਕੀਤੀ ਹੈ। ਮੰਤਰਾਲੇ ਨੇ ਨਾਗਰਿਕਾਂ ਨੂੰ ਰੂਸੀ ਸੈਨਾ ਵਿੱਚ ਭਰਤੀ ਹੋਣ ਦੇ ਖ਼ਤਰਿਆਂ ਬਾਰੇ ਚਿਤਾਵਨੀ ਦਿੱਤੀ ਹੈ ਅਤੇ ਕਿਸੇ ਵੀ ਫਰਜ਼ੀ ਨੌਕਰੀ ਦੇ ਆਫ਼ਰ ਦੇ ਝਾਂਸੇ ਵਿੱਚ ਨਾ ਆਉਣ ਦੀ ਹਦਾਇਤ ਕੀਤੀ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਉਨ੍ਹਾਂ ਨੂੰ ਲਗਾਤਾਰ ਅਜਿਹੀਆਂ ਰਿਪੋਰਟਾਂ ਮਿਲ ਰਹੀਆਂ ਹਨ ਕਿ ਭਾਰਤੀ ਨਾਗਰਿਕਾਂ ਨੂੰ ਰੂਸੀ ਹਥਿਆਰਬੰਦ ਬਲਾਂ ਵਿੱਚ ਭਰਤੀ ਕੀਤਾ ਜਾ ਰਹਾ ਹੈ। ਸਰਕਾਰ ਨੇ ਸਪੱਸ਼ਟ ਕੀਤਾ ਕਿ ਪਿਛਲੇ ਦੋ ਸਾਲਾਂ ਦੌਰਾਨ ਵੱਖ-ਵੱਖ ਮੌਕਿਆਂ ‘ਤੇ ਅਜਿਹੇ ਕਦਮਾਂ ਨਾਲ ਜੁੜੇ ਗੰਭੀਰ ਜੋਖਮਾਂ ਅਤੇ ਖ਼ਤਰਿਆਂ ਬਾਰੇ ਵਾਰ-ਵਾਰ ਜਾਗਰੂਕ ਕੀਤਾ ਗਿਆ ਹੈ। ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਨਾਗਰਿਕਾਂ ਨੂੰ ਸਮੇਂ-ਸਮੇਂ ‘ਤੇ ਵਿਦੇਸ਼ਾਂ ਵਿੱਚ ਨੌਕਰੀ ਦੇ ਮੌਕਿਆਂ ਬਾਰੇ ਸਾਵਧਾਨ ਰਹਿਣ ਅਤੇ ਅਣਜਾਣ ਵਿਅਕਤੀਆਂ ਦੇ ਆਫ਼ਰਾਂ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਮੰਤਰਾਲੇ ਨੇ ਨੋਟ ਕੀਤਾ ਕਿ ਕੁਝ ਲੋਕ ਵਾਧੂ ਪੈਸੇ ਅਤੇ ਹੋਰ ਲਾਭਾਂ ਦੇ ਲਾਲਚ ਵਿੱਚ ਖੁਦ ਰੂਸੀ ਸੈਨਾ ਵਿੱਚ ਸ਼ਾਮਲ ਹੋਣ ਦੇ ਰਸਤੇ ਲੱਭਦੇ ਹਨ, ਇਹ ਸੋਚ ਕੇ ਕਿ ਬਾਅਦ ਵਿੱਚ ਭਾਰਤ ਸਰਕਾਰ ਉਨ੍ਹਾਂ ਨੂੰ ਉੱਥੋਂ ਸੁਰੱਖਿਅਤ ਕੱਢ ਲਵੇਗੀ। ਮੰਤਰਾਲੇ ਨੇ ਸਾਫ਼ ਕੀਤਾ ਕਿ ਇਹ ਇੱਕ ਬਹੁਤ ਹੀ ਖ਼ਤਰਨਾਕ ਰਸਤਾ ਹੈ ਅਤੇ ਸਰਕਾਰ ਇਸ ਦੀ ਸਖ਼ਤ ਮਨਾਹੀ ਕਰਦੀ ਹੈ। ਜ਼ਿਕਰਯੋਗ ਹੈ ਕਿ ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੇ ਲੰਬੇ ਤਣਾਅ ਅਤੇ ਯੁੱਧ ਕਾਰਨ ਰੂਸ ਵਿੱਚ ਲਗਾਤਾਰ ਸੈਨਿਕਾਂ ਦੀ ਭਰਤੀ ਕੀਤੀ ਜਾ ਰਹੀ ਹੈ। ਇਸੇ ਸਥਿਤੀ ਦੇ ਮੱਦੇਨਜ਼ਰ ਵਿਦੇਸ਼ ਮੰਤਰਾਲੇ ਨੇ ਭਾਰਤੀਆਂ ਨੂੰ ਅਜਿਹੇ ਖ਼ਤਰਨਾਕ ਕਦਮ ਚੁੱਕਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ।

