Beggars will be punished in Mecca and Medina! Pakistan issues final warning to its citizens
ਮੱਕਾ-ਮਦੀਨਾ ‘ਚ ਭੀਖ ਮੰਗਣ ਵਾਲਿਆਂ ਦੀ ਆਵੇਗੀ ਸ਼ਾਮਤ! ਪਾਕਿਸਤਾਨ ਵੱਲੋਂ ਆਪਣੇ ਨਾਗਰਿਕਾਂ ਨੂੰ ਆਖ਼ਰੀ ਚਿਤਾਵਨੀ
ਰਿਆਦ/ਇਸਲਾਮਾਬਾਦ (ਆਵਾਜ਼ਿ ਕੌਮ ਬਿਊਰੋ)- ਪਾਕਿਸਤਾਨ ਨੇ ਸਾਊਦੀ ਅਰਬ ਜਾਣ ਵਾਲੇ ਆਪਣੇ ਨਾਗਰਿਕਾਂ ਨੂੰ ਸਖ਼ਤ ਲਹਿਜ਼ੇ ਵਿੱਚ ‘ਆਖ਼ਰੀ ਚਿਤਾਵਨੀ’ ਜਾਰੀ ਕੀਤੀ ਹੈ। ਸਾਊਦੀ ਅਰਬ ਸਥਿਤ ਪਾਕਿਸਤਾਨੀ ਦੂਤਾਵਾਸ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਉਮਰਾਹ ਸ਼ਰਧਾਲੂਆਂ ਅਤੇ ਕਾਮਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਗ਼ੈਰ-ਕਾਨੂੰਨੀ ਗਤੀਵਿਧੀ ਖਾਸ ਕਰਕੇ ਭੀਖ ਮੰਗਣ ਤੋਂ ਪੂਰੀ ਤਰ੍ਹਾਂ ਦੂਰ ਰਹਿਣ ਲਈ ਕਿਹਾ ਹੈ। ਦੂਤਾਵਾਸ ਨੇ ਸਾਫ਼ ਕੀਤਾ ਹੈ ਕਿ ਸਾਊਦੀ ਅਰਬ ਵਿੱਚ ਭੀਖ ਮੰਗਣਾ ਇੱਕ ਗੰਭੀਰ ਕਾਨੂੰਨੀ ਅਪਰਾਧ ਹੈ। ਜੇਕਰ ਕੋਈ ਪਾਕਿਸਤਾਨੀ ਨਾਗਰਿਕ ਅਜਿਹਾ ਕਰਦਾ ਫੜਿਆ ਗਿਆ, ਤਾਂ ਉਸ ਨੂੰ ਗ੍ਰਿਫ਼ਤਾਰੀ, ਭਾਰੀ ਜੁਰਮਾਨਾ ਅਤੇ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਵੇਗਾ। ਇੰਨਾ ਹੀ ਨਹੀਂ, ਅਜਿਹੇ ਵਿਅਕਤੀਆਂ ਦੇ ਸਾਊਦੀ ਅਰਬ ਵਿੱਚ ਮੁੜ ਦਾਖ਼ਲੇ ‘ਤੇ ਹਮੇਸ਼ਾ ਲਈ ਪਾਬੰਦੀ ਲਗਾਈ ਜਾ ਸਕਦੀ ਹੈ। ਸਾਊਦੀ ਗ੍ਰਹਿ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਵਿਦੇਸ਼ੀ ਨਾਗਰਿਕਾਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਤੁਰੰਤ ਮੁਲਕ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ। ਦਰਅਸਲ, ਪਾਕਿਸਤਾਨ ਤੋਂ ਵੱਡੀ ਗਿਣਤੀ ਵਿੱਚ ਲੋਕ ਉਮਰਾਹ ਅਤੇ ਰੁਜ਼ਗਾਰ ਦੇ ਬਹਾਨੇ ਸਾਊਦੀ ਅਰਬ ਜਾਂਦੇ ਹਨ, ਪਰ ਉੱਥੇ ਜਾ ਕੇ ਭੀਖ ਮੰਗਣ ਅਤੇ ਹੋਰ ਗ਼ੈਰ-ਕਾਨੂੰਨੀ ਕੰਮਾਂ ਵਿੱਚ ਸ਼ਾਮਲ ਹੋ ਜਾਂਦੇ ਹਨ। ਜੂਨ 2026 ਵਿੱਚ ਵੀ ਰਿਆਦ ਵਿੱਚ ਕਈ ਪਾਕਿਸਤਾਨੀ ਨਾਗਰਿਕਾਂ ਨੂੰ ਭੀਖ ਮੰਗਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਨਾਲ ਕੌਮਾਂਤਰੀ ਪੱਧਰ ‘ਤੇ ਪਾਕਿਸਤਾਨ ਦੇ ਅਕਸ ਨੂੰ ਕਾਫੀ ਠੇਸ ਪਹੁੰਚ ਰਹੀ ਹੈ। ਪਾਕਿਸਤਾਨੀ ਦੂਤਾਵਾਸ ਨੇ ਖਾਸ ਤੌਰ ‘ਤੇ ਮੱਕਾ ਅਤੇ ਮਦੀਨਾ ਵਿੱਚ ਕੁਝ ਹੋਰ ਗਤੀਵਿਧੀਆਂ ਤੋਂ ਵੀ ਬਚਣ ਦੀ ਹਦਾਇਤ ਦਿੱਤੀ ਹੈ:
ਬਿਨਾਂ ਇਜਾਜ਼ਤ ਆਪਣੀ ਮਰਜ਼ੀ ਨਾਲ ਵ੍ਹੀਲਚੇਅਰ ਸੇਵਾ ਦੇਣਾ।
ਲੋਕਾਂ ਦੇ ਵਾਲ ਕੱਟਣਾ ਜਾਂ ਨਾਈ ਦੀ ਸੇਵਾ ਦੇਣਾ।
ਜਨਤਕ ਤੌਰ ‘ਤੇ ਚੰਦਾ ਇਕੱਠਾ ਕਰਨਾ ਜਾਂ ਆਰਥਿਕ ਮਦਦ ਵੰਡਣਾ।
ਪੈਸਿਆਂ ਦਾ ਲੈਣ-ਦੇਣ ਜਾਂ ਉਧਾਰ ਦੇਣਾ।
ਦੂਤਾਵਾਸ ਨੇ ਆਪਣੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇੱਕ ਜ਼ਿੰਮੇਵਾਰ ਪਾਕਿਸਤਾਨੀ ਹੋਣ ਦਾ ਸਬੂਤ ਦੇਣ ਅਤੇ ਸਾਊਦੀ ਕਾਨੂੰਨਾਂ ਦੀ ਪਾਲਣਾ ਕਰਕੇ ਆਪਣੇ ਦੇਸ਼ ਦਾ ਨਾਂ ਖ਼ਰਾਬ ਨਾ ਕਰਨ।

