Bhai Jagtar Singh Hawara agrees to a one-day parole to meet his mother; decision taken considering her critical health
ਭਾਈ ਜਗਤਾਰ ਸਿੰਘ ਹਵਾਰਾ ਇਕ ਦਿਨ ਦੀ ਪੈਰੋਲ ’ਤੇ ਮਾਂ ਨੂੰ ਮਿਲਣ ਲਈ ਰਾਜ਼ੀ, ਮਾਤਾ ਦੀ ਨਾਜ਼ੁਕ ਸਿਹਤ ਨੂੰ ਦੇਖਦਿਆਂ ਲਿਆ ਫ਼ੈਸਲਾ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਲੰਬੇ ਸਮੇਂ ਤੋਂ ਜੇਲ ’ਚ ਬੰਦ ਜਗਤਾਰ ਸਿੰਘ ਹਵਾਰਾ ਹੁਣ ਬੀਮਾਰ ਮਾਤਾ ਨੂੰ ਮਿਲਣ ਲਈ ਇਕ ਦਿਨ ਦੀ ਪੈਰੋਲ ਲੈਣ ਲਈ ਰਾਜ਼ੀ ਹੋ ਗਏ ਹਨ। ਪਹਿਲਾਂ ਉਨ੍ਹਾਂ ਵੱਲੋਂ ਇਕ ਦਿਨ ਦੀ ਪੈਰੋਲ ਦੀ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕੀਤਾ ਗਿਆ ਸੀ, ਕਿਉਂਕਿ ਦਿੱਲੀ ਦੀ ਤਿਹਾੜ ਜੇਲ ਤੋਂ ਪੰਜਾਬ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਤੱਕ ਆਉਣ-ਜਾਣ ’ਚ ਹੀ ਕਾਫ਼ੀ ਸਮਾਂ ਲੱਗ ਜਾਂਦਾ ਹੈ। ਹੁਣ ਮਾਤਾ ਜੀ ਦੀ ਨਾਜ਼ੁਕ ਸਿਹਤ ਨੂੰ ਦੇਖਦਿਆਂ ਉਨ੍ਹਾਂ ਨੂੰ ਇਕ ਦਿਨ ਦੀ ਪੈਰੋਲ ’ਤੇ ਮਿਲਣ ਲਈ ਰਾਜ਼ੀ ਕਰ ਲਿਆ ਗਿਆ ਹੈ। ਇਸ ਮਾਮਲੇ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਪਹਿਲਕਦਮੀ ਕੀਤੀ ਗਈ ਸੀ। ਮੁੱਖ ਮੰਤਰੀ ਨੇ ਰਾਜਪਾਲ ਨਾਲ ਮੁਲਾਕਾਤ ਕਰ ਕੇ ਮਨੁੱਖੀ ਆਧਾਰ ’ਤੇ ਹਵਾਰਾ ਨੂੰ 10 ਦਿਨ ਦੀ ਪੈਰੋਲ ਦੇਣ ਦੀ ਸਿਫ਼ਾਰਸ਼ ਕੀਤੀ ਸੀ। ਤਿਹਾੜ ਜੇਲ ਤੋਂ ਜਗਤਾਰ ਸਿੰਘ ਹਵਾਰਾ ਦੇ ਜੱਦੀ ਪਿੰਡ ਤੱਕ ਦਾ ਸਫ਼ਰ ਇਕ ਪਾਸੇ ਹੀ ਕਈ ਘੰਟੇ ਲੈ ਸਕਦਾ ਹੈ। ਅਜਿਹੇ ’ਚ ਸਿਰਫ਼ ਇਕ ਦਿਨ ਦੀ ਪੈਰੋਲ ਮਿਲਦੀ ਹੈ ਤਾਂ ਆਉਣ-ਜਾਣ ’ਚ ਹੀ 15 ਤੋਂ 16 ਘੰਟੇ ਤੱਕ ਦਾ ਸਮਾਂ ਲੱਗਣ ਦੀ ਸੰਭਾਵਨਾ ਹੈ। ਇਸ ਕਾਰਨ ਇਹ ਦਲੀਲ ਦਿੱਤੀ ਜਾ ਰਹੀ ਸੀ ਕਿ ਇਕ ਦਿਨ ਦੀ ਪੈਰੋਲ ਦੌਰਾਨ ਬਿਮਾਰ ਮਾਂ ਨਾਲ ਬੈਠ ਕੇ ਸਮਾਂ ਬਿਤਾਉਣ ਦਾ ਮੌਕਾ ਬਹੁਤ ਘੱਟ ਮਿਲੇਗਾ। ਹਵਾਰਾ ਦੇ ਧਾਰਮਿਕ ਪਿਤਾ ਗੁਰਚਰਨ ਸਿੰਘ ਤੇ ਸਮਰਥਨ ’ਚ ਆਵਾਜ਼ ਉਠਾਉਣ ਵਾਲੀਆਂ ਸਿੱਖ ਜਥੇਬੰਦੀਆਂ ਵੱਲੋਂ ਵੀ ਕਿਹਾ ਗਿਆ ਸੀ ਕਿ ਇਕ ਦਿਨ ਦੀ ਪੈਰੋਲ ਉਨ੍ਹਾਂ ਲਈ ਕਾਫ਼ੀ ਨਹੀਂ ਹੋਵੇਗੀ। ਉਨ੍ਹਾਂ ਦੀ ਮੰਗ ਸੀ ਕਿ ਹਵਾਰਾ ਨੂੰ ਵੱਧ ਸਮੇਂ ਲਈ ਪੈਰੋਲ ਦਿੱਤੀ ਜਾਵੇ ਤਾਂ ਜੋ ਉਹ ਮਾਤਾ ਨਾਲ ਢੁੱਕਵਾਂ ਸਮਾਂ ਬਿਤਾ ਸਕਣ।

