Big change in British politics: Keir Starmer quits parliament 71 days after leaving office as PM
ਬ੍ਰਿਟੇਨ ਦੀ ਸਿਆਸਤ ‘ਚ ਵੱਡਾ ਫੇਰਬਦਲ: PM ਅਹੁਦਾ ਛੱਡਣ ਦੇ 71 ਦਿਨਾਂ ਬਾਅਦ ਕੀਰ ਸਟਾਰਮਰ ਨੇ ਛੱਡੀ ਸੰਸਦ ਮੈਂਬਰੀ
ਲੰਡਨ (ਆਵਾਜ਼ਿ ਕੌਮ ਬਿਊਰੋ)- ਬ੍ਰਿਟੇਨ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਦੇ ਮਹਿਜ਼ 71 ਦਿਨਾਂ ਬਾਅਦ ਸੰਸਦ ਮੈਂਬਰੀ ਤੋਂ ਵੀ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। ਸਟਾਰਮਰ ਸਾਲ 2015 ਤੋਂ ਲੰਡਨ ਦੀ ‘ਹੋਲਬੋਰਨ ਐਂਡ ਸੈਂਟ ਪੈਨਕਰਾਸ’ ਸੀਟ ਤੋਂ ਸੰਸਦ ਮੈਂਬਰ ਸਨ। ਕੀਰ ਸਟਾਰਮਰ ਨੇ ਸਥਾਨਕ ਅਖ਼ਬਾਰ Camden New Journal ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਇਸ ਖੇਤਰ ਦੀ 11 ਸਾਲਾਂ ਤੱਕ ਨੁਮਾਇੰਦਗੀ ਕਰਨਾ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਰਹੀ ਹੈ ਅਤੇ ਹੁਣ ਇਹ ਜ਼ਿੰਮੇਵਾਰੀ ਕਿਸੇ ਨਵੇਂ ਉੱਤਰਾਧਿਕਾਰੀ ਨੂੰ ਸੌਂਪਣ ਦਾ ਸਹੀ ਸਮਾਂ ਹੈ। ਉਨ੍ਹਾਂ ਦੱਸਿਆ ਕਿ ਸੰਸਦ ਮੈਂਬਰੀ ਛੱਡਣ ਤੋਂ ਬਾਅਦ ਹੁਣ ਉਹ ਸੁਰੱਖਿਆ, ਰੱਖਿਆ, ਵਪਾਰ, ਅਤੇ ਤਕਨਾਲੋਜੀ ਸਮੇਤ ਅੰਤਰਰਾਸ਼ਟਰੀ ਮਾਮਲਿਆਂ ‘ਤੇ ਧਿਆਨ ਕੇਂਦਰਿਤ ਕਰਨਗੇ। ਇਸ ਦੇ ਨਾਲ ਹੀ ਉਹ ਔਰਤਾਂ ਅਤੇ ਲੜਕੀਆਂ ਵਿਰੁੱਧ ਹੁੰਦੀ ਹਿੰਸਾ ਨੂੰ ਰੋਕਣ ਵਰਗੇ ਅਹਿਮ ਮੁੱਦਿਆਂ ‘ਤੇ ਵੀ ਆਪਣਾ ਕੰਮ ਜਾਰੀ ਰੱਖਣਗੇ। ਸਟਾਰਮਰ ਦੇ ਅਸਤੀਫ਼ੇ ਤੋਂ ਬਾਅਦ ਹੁਣ ਉਨ੍ਹਾਂ ਦੀ ਸੀਟ ‘ਤੇ ਜ਼ਿਮਨੀ ਚੋਣ (ਉਪਚੋਣ) ਕਰਵਾਈ ਜਾਵੇਗੀ। ਇਹ ਹਲਕਾ ਲੰਬੇ ਸਮੇਂ ਤੋਂ ਲੇਬਰ ਪਾਰਟੀ ਦਾ ਮਜ਼ਬੂਤ ਗੜ੍ਹ ਰਿਹਾ ਹੈ, ਜਿੱਥੇ ਸਾਲ 2024 ਦੀਆਂ ਆਮ ਚੋਣਾਂ ਦੌਰਾਨ ਸਟਾਰਮਰ ਨੇ 11 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ ਸੀ। ਹਾਲਾਂਕਿ, ਇਸ ਵਾਰ ਹੋਣ ਵਾਲੀ ਚੋਣ ਵਿੱਚ ਲੇਬਰ ਪਾਰਟੀ ਨੂੰ ਗ੍ਰੀਨ ਪਾਰਟੀ ਤੋਂ ਸਖ਼ਤ ਚੁਣੌਤੀ ਮਿਲਣ ਦੀ ਉਮੀਦ ਹੈ। ਹਾਲੀਆ ਸਥਾਨਕ ਚੋਣਾਂ ਵਿੱਚ ਲੇਬਰ ਪਾਰਟੀ ਨੂੰ ਇਸ ਖੇਤਰ ਵਿੱਚ ਲਗਭਗ 39.5% ਅਤੇ ਗ੍ਰੀਨ ਪਾਰਟੀ ਨੂੰ 29.8% ਵੋਟਾਂ ਮਿਲੀਆਂ ਸਨ। ਕੰਜ਼ਰਵੇਟਿਵ ਪਾਰਟੀ ਦੇ ਚੇਅਰਮੈਨ ਕੇਵਿਨ ਹੌਲਿਨਰੇਕ ਨੇ ਸਟਾਰਮਰ ਦੇ ਇਸ ਫ਼ੈਸਲੇ ‘ਤੇ ਨਿਸ਼ਾਨਾ ਸਾਧਦਿਆਂ ਇਸ ਨੂੰ ਉਨ੍ਹਾਂ ਦਾ ਇਕ ਹੋਰ ‘ਯੂ-ਟਰਨ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਟਾਰਮਰ ਨੇ ਪਹਿਲਾਂ ਸਾਲ 2029 ਦੀਆਂ ਅਗਲੀਆਂ ਆਮ ਚੋਣਾਂ ਤੱਕ ਸੰਸਦ ਮੈਂਬਰ ਬਣੇ ਰਹਿਣ ਦਾ ਵਾਅਦਾ ਕੀਤਾ ਸੀ, ਪਰ ਹੁਣ ਉਨ੍ਹਾਂ ਦੇ ਇਸ ਅਚਾਨਕ ਲਏ ਫ਼ੈਸਲੇ ਕਾਰਨ ਟੈਕਸ ਦਾਤਾਵਾਂ ਸਿਰ ਚੋਣਾਂ ਦਾ ਵਾਧੂ ਖ਼ਰਚਾ ਪਵੇਗਾ।

