Blaze erupts in a newly built tent house warehouse in Shahkot! Loss estimated at around 20 lakhs
ਸ਼ਾਹਕੋਟ ‘ਚ ਨਵੇਂ ਬਣੇ ਟੈਂਟ ਹਾਊਸ ਦੇ ਗੋਦਾਮ ‘ਚ ਮਚੇ ਅੱਗ ਦੇ ਭਾਂਬੜ! ਕਰੀਬ 20 ਲੱਖ ਦਾ ਨੁਕਸਾਨ
ਜਲੰਧਰ/ਸ਼ਾਹਕੋਟ (ਆਵਾਜ਼ਿ ਕੌਮ ਬਿਊਰੋ)-ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਨੇੜਲੇ ਪਿੰਡ ਨੰਗਲ ਅੰਬੀਆਂ ‘ਚ ਦੇਰ ਰਾਤ ਰਣਜੀਤ ਕੁਮਾਰ ਬਿੱਲਾ ਦੇ ‘ਬਿੱਲਾ ਟੈਂਟ ਐਂਡ ਸਾਊਂਡ ਸਰਵਿਸ’ ਦੇ ਗੋਦਾਮ ‘ਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਅੱਗ ਲੱਗਣ ਦੀ ਘਟਨਾ ‘ਚ ਗੋਦਾਮ ਅੰਦਰ ਰੱਖੀਆਂ 1300 ਕੁਰਸੀਆਂ, ਮੇਜ਼, 10 ਕੂਲਰ, ਪੱਖੇ, ਟੈਂਟ ਦਾ ਸਾਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਅੱਗ ਨਾਲ ਗੋਦਾਮ ਦਾ ਸ਼ੈੱਡ ਵੀ ਤਬਾਹ ਹੋ ਗਿਆ ਅਤੇ ਕਰੀਬ 20 ਲੱਖ ਰੁਪਏ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਟੈਂਟ ਹਾਊਸ ਮਾਲਕ ਰਣਜੀਤ ਕੁਮਾਰ ਬਿੱਲਾ ਨੇ ਦੱਸਿਆ ਕਿ ਇਹ ਗੋਦਾਮ ਮਹਿਜ਼ ਇਕ ਮਹੀਨਾ ਪਹਿਲਾਂ ਹੀ ਤਿਆਰ ਕੀਤਾ ਗਿਆ ਸੀ। ਉਨ੍ਹਾਂ ਖ਼ਦਸ਼ਾ ਜਤਾਇਆ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੇ ਰੰਜਿਸ਼ ਤਹਿਤ ਜਾਨਬੁੱਝ ਕੇ ਉਨ੍ਹਾਂ ਦੇ ਗੋਦਾਮ ਨੂੰ ਅੱਗ ਲਗਾਈ ਹੈ। ਸੂਚਨਾ ਮਿਲਣ ‘ਤੇ ਨਕੋਦਰ ਤੋਂ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਕੜੀ ਮਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਪੀੜਤ ਨੇ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਅਤੇ ਹੋਏ ਨੁਕਸਾਨ ਦੇ ਉਚਿਤ ਮੁਆਵਜ਼ੇ ਦੀ ਮੰਗ ਕੀਤੀ ਹੈ।

