Punjab: Continuous arrival of drones at the border; staggering figure for heroin seizures over 10 months
ਪੰਜਾਬ: ਬਾਰਡਰ ’ਤੇ ਲਗਾਤਾਰ ਹੋ ਰਹੀ ਡਰੋਨਾਂ ਦੀ ਆਮਦ, 10 ਮਹੀਨੇ ‘ਚ ਹੈਰੋਇਨ ਰਿਕਵਰੀ ਦਾ ਹੈਰਾਨੀਜਨਕ ਅੰਕੜਾ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਭਾਰਤ-ਪਾਕਿਸਤਾਨ ਬਾਰਡਰ ’ਤੇ ਹਾਲਾਤ ਕੁਝ ਵੱਖਰੇ ਹੀ ਨਜ਼ਰ ਆ ਰਹੇ ਹਨ। ਸਾਲ 2026 ਦੇ ਅਜੇ ਦੱਸ ਮਹੀਨੇ ਪੂਰੇ ਵੀ ਨਹੀਂ ਹੋਏ ਕਿ ਹੈਰੋਇਨ ਦੀ ਰਿਕਵਰੀ ਵਿਚ ਇਕੱਲੇ ਬੀ. ਐੱਸ. ਐੱਫ਼. ਵੱਲੋਂ ਹੀ 1056 ਕਿੱਲੋ ਦਾ ਅੰਕੜਾ ਪਾਰ ਕਰ ਲਿਆ ਗਿਆ ਹੈ, ਜੋ ਕਿ ਬੀ. ਐੱਸ. ਐੱਫ਼. ਦੇ ਇਤਿਹਾਸ ਵਿਚ ਸਭ ਤੋਂ ਵੱਡੀ ਰਿਕਵਰੀ ਹੈ। ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ 3 ਤੋਂ 5 ਕਿੱਲੋਮੀਟਰ ਦੀ ਦੂਰੀ ਦੇ ਕੁਝ ਬਦਨਾਮ ਪਿੰਡਾਂ ਵਿਚ ਇਨ੍ਹੀਂ ਦਿਨੀਂ ਵੱਡੇ ਹੈਕਸਾਕਾਪਟਰ ਡਰੋਨ ਉੱਡ ਰਹੇ ਹਨ, ਜੋ 12 ਤੋਂ 15 ਕਿੱਲੋ ਤੱਕ ਦਾ ਵਜ਼ਨ ਚੁੱਕਣ ਵਿਚ ਸਮਰੱਥ ਹਨ। ਬੀਤੇ ਦਿਨ ਵੀ ਬੀ. ਐੱਸ. ਐੱਫ਼. ਵੱਲੋਂ ਬੱਚੀਵਿੰਡ ਪਿੰਡ ਦੇ ਇਲਾਕੇ ਵਿਚ 13 ਕਿੱਲੋ ਵਜ਼ਨ ਦਾ ਹੈਰੋਇਨ ਦਾ ਇਕ ਵੱਡਾ ਪੈਕੇਟ ਜ਼ਬਤ ਕੀਤਾ ਗਿਆ, ਜਿਸ ਦੇ ਅੰਦਰ 10 ਛੋਟੇ ਪੈਕੇਟ ਭਰੇ ਹੋਏ ਸਨ। ਆਈ. ਸੀ. ਪੀ. ਅਟਾਰੀ ਅਤੇ ਆਸ-ਪਾਸ ਦੇ ਇਲਾਕੇ ਵਿਚ ਵੀ 6-6 ਕਿੱਲੋ ਵਜ਼ਨ ਦੇ ਦੋ ਪੈਕੇਟ ਜ਼ਬਤ ਕੀਤੇ ਗਏ ਹਨ, ਜਿਸ ਰਫ਼ਤਾਰ ਨਾਲ ਹੈਰੋਇਨ ਦੀਆਂ ਬਰਾਮਦਗੀਆਂ ਹੋ ਰਹੀਆਂ ਹਨ, ਉਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਸ ਸਾਲ ਘੱਟੋ-ਘੱਟ 1 ਹਜ਼ਾਰ ਕਿੱਲੋ ਹੈਰੋਇਨ ਜ਼ਬਤ ਹੋਵੇਗੀ ਪਰ ਦੱਸ ਮਹੀਨਿਆਂ ਵਿਚ ਹੀ 1056 ਕਿੱਲੋ ਤੱਕ ਹੈਰੋਇਨ ਫੜੀ ਜਾ ਚੁੱਕੀ ਹੈ ਅਤੇ ਅਜੇ ਸਾਲ ਪੂਰਾ ਹੋਣ ਵਿਚ ਦੋ ਮਹੀਨਿਆਂ ਦਾ ਸਮਾਂ ਬਾਕੀ ਹੈ। ਸਾਲ 2025 ਦੌਰਾਨ ਪੂਰੇ ਪੰਜਾਬ ਬਾਰਡਰ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ 12 ਮਹੀਨਿਆਂ ਦੌਰਾਨ 423 ਕਿੱਲੋ ਹੈਰੋਇਨ ਜ਼ਬਤ ਕੀਤੀ ਗਈ ਸੀ ਪਰ ਇਸ ਸਾਲ 2026 ਵਿੱਚ ਅਜੇ 10 ਮਹੀਨਿਆਂ ਦਾ ਸਮਾਂ ਵੀ ਪੂਰਾ ਨਹੀਂ ਹੋਇਆ ਪਰ ਇਕੱਲੇ ਅੰਮ੍ਰਿਤਸਰ ਬਾਰਡਰ ’ਤੇ ਹੀ 500 ਕਿੱਲੋ ਹੈਰੋਇਨ ਜ਼ਬਤ ਕੀਤੀ ਜਾ ਚੁੱਕੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਚਾਲੂ ਵਿੱਤੀ ਵਰ੍ਹੇ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ 3 ਗੁਣਾ ਜ਼ਿਆਦਾ ਰਿਕਵਰੀ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਨਸ਼ਿਆਂ ਵਿਰੁੱਧ ਜਾਰੀ ਮੁਹਿੰਮ ਤਹਿਤ ਸਿਟੀ ਅਤੇ ਦਿਹਾਤੀ ਪੁਲਸ ਤੋਂ ਇਲਾਵਾ ਕਾਊਂਟਰ ਇੰਟੈਲੀਜੈਂਸ, ਐੱਸ. ਐੱਸ. ਓ. ਸੀ. ਅਤੇ ਏ. ਐੱਨ. ਟੀ. ਐੱਫ਼. ਵੱਲੋਂ ਵੱਖਰੇ ਤੌਰ ’ਤੇ ਵੱਡੀ ਬਰਾਮਦਗੀ ਕੀਤੀ ਜਾ ਰਹੀ ਹੈ, ਜਿਸ ਵਿੱਚ ਹੈਰੋਇਨ ਤੋਂ ਇਲਾਵਾ ਹਥਿਆਰ ਵੀ ਵੱਡੀ ਮਾਤਰਾ ਵਿੱਚ ਜ਼ਬਤ ਕੀਤੇ ਜਾ ਰਹੇ ਹਨ। ਪਿਛਲੇ ਦੱਸ ਮਹੀਨਿਆਂ ਦੌਰਾਨ 210 ਵੱਡੇ ਅਤੇ ਛੋਟੇ ਡਰੋਨ ਜ਼ਬਤ ਕੀਤੇ ਜਾ ਚੁੱਕੇ ਹਨ, ਜੋ ਕਿ ਸਾਲ 2024 ਦੀ ਤੁਲਨਾ ਵਿਚ ਘੱਟ ਹਨ ਪਰ ਅਜੇ ਸਾਲ ਪੂਰਾ ਹੋਣ ਵਿਚ ਦੋ ਮਹੀਨਿਆਂ ਦਾ ਸਮਾਂ ਬਾਕੀ ਹੈ। ਬੀ. ਐੱਸ. ਐੱਫ਼. ਵੱਲੋਂ ਹੋਰ ਏਜੰਸੀਆਂ ਨਾਲ ਮਿਲ ਕੇ, ਜਿਸ ਵਿਚ ਮੁੱਖ ਤੌਰ ’ਤੇ ਏ. ਐੱਨ. ਟੀ. ਐੱਫ਼. ਸ਼ਾਮਲ ਹੈ, 360 ਨਸ਼ਾ ਸਮੱਗਲਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮੌਜੂਦਾ ਸਮੇਂ ਵਿਚ ਡਰੋਨਾਂ ਦੀ ਆਮਦ ਬੇਕਾਬੂ ਹੁੰਦੀ ਨਜ਼ਰ ਆ ਰਹੀ ਹੈ, ਇਸ ਦੀ ਤੁਲਨਾ ਵਿਚ ਐਂਟੀ ਡਰੋਨ ਸਿਸਟਮ ਉੱਨਾ ਮਜ਼ਬੂਤ ਨਹੀਂ ਹੈ ਜਿੰਨਾ ਹੋਣਾ ਚਾਹੀਦਾ ਹੈ। ਕੇਂਦਰ ਅਤੇ ਰਾਜ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਦੀ ਹਾਲ ਹੀ ਵਿਚ ਹੋਈ ਬੈਠਕ ਦੌਰਾਨ ਅਤਿ-ਆਧੁਨਿਕ ਐਂਟੀ ਡਰੋਨ ਸਿਸਟਮ ਦਾ ਮੁੱਦਾ ਗਰਮਾਇਆ। ਕੁਝ ਸਮੇਂ ਲਈ ਇਜ਼ਰਾਈਲ ਦੀ ਕੰਪਨੀ ਵੱਲੋਂ ਤਿਆਰ ਐਂਟੀ ਡਰੋਨ ਸਿਸਟਮ ਦਾ ਟੈਸਟ ਵੀ ਕੀਤਾ ਗਿਆ, ਜੋ ਕਿ ਕਾਫ਼ੀ ਸਫ਼ਲ ਰਿਹਾ। ਮਾਹਿਰਾਂ ਅਨੁਸਾਰ ਸਾਰੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਐਂਟੀ ਡਰੋਨ ਸਿਸਟਮ ਲਗਾਉਣ ਦੀ ਜ਼ਰੂਰਤ ਹੈ ਪਰ ਅਜਿਹਾ ਹੋ ਨਹੀਂ ਰਿਹਾ। ਹੈਰੋਇਨ ਅਤੇ ਹਥਿਆਰਾਂ ਦੀ ਆਮਦ ਦੀ ਗੱਲ ਕਰੀਏ ਤਾਂ ਸੌ ਫ਼ੀਸਦੀ ਆਮਦ ਇਸ ਸਮੇਂ ਪਾਕਿਸਤਾਨ ਵੱਲੋਂ ਆਉਣ ਵਾਲੇ ਡਰੋਨਾਂ ਰਾਹੀਂ ਹੋ ਰਹੀ ਹੈ। ਕੁਝ ਇਲਾਕਿਆਂ ਵਿੱਚ ਤਾਂ ਦਿਨ ਦੇ ਸਮੇਂ ਵਿੱਚ ਵੀ ਡਰੋਨ ਉੱਡਦੇ ਨਜ਼ਰ ਆ ਰਹੇ ਹਨ। ਡਰੋਨਾਂ ਨੂੰ ਟਰੇਸ ਕਰਨ ਲਈ ਐਂਟੀ ਡਰੋਨ ਸਿਸਟਮ ‘ਬਾਜ਼ ਅੱਖ’ ਤਾਇਨਾਤ ਕੀਤੀ ਗਈ ਹੈ ਪਰ ਹਾਲ ਹੀ ਵਿੱਚ ਬੀ. ਐੱਸ. ਐੱਫ਼. ਅਤੇ ਐੱਨ. ਸੀ. ਬੀ. ਵੱਲੋਂ ‘ਬਾਜ਼ ਅੱਖ’ ਵਿਚ ਤਾਇਨਾਤ ਕਾਂਸਟੇਬਲ ਕਰਨਬੀਰ ਨੂੰ 15 ਕਿੱਲੋ ਹੈਰੋਇਨ ਸਮੇਤ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ। ਉਸ ਦੀ ਨਿਸ਼ਾਨਦੇਹੀ ’ਤੇ ਇਕ ਸਰਪੰਚ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨਾਲ ‘ਬਾਜ਼ ਅੱਖ’ ’ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ ਕਿ ਕਿਤੇ ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਵਿੱਚ ਵੀ ਇਸ ਤਰ੍ਹਾਂ ਦਾ ਮਾਹੌਲ ਤਾਂ ਨਹੀਂ ਹੈ? ਇਹ ਸਵਾਲ ਖੜ੍ਹਾ ਹੋ ਰਿਹਾ ਹੈ। ਬਾਰਡਰ ’ਤੇ ਫਸਟ ਲਾਈਨ ਆਫ਼ ਡਿਫ਼ੈਂਸ ਦੇ ਨਾਲ-ਨਾਲ ਸੈਕਿੰਡ ਲਾਈਨ ਆਫ਼ ਡਿਫ਼ੈਂਸ ਯਾਨੀ ਦਿਹਾਤੀ ਪੁਲਸ ਨੂੰ ਵੀ ਆਪਣਾ ਨੈੱਟਵਰਕ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਰਡਰ ’ਤੇ ਸੈਕਿੰਡ ਲਾਈਨ ਆਫ਼ ਡਿਫ਼ੈਂਸ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ ਗਿਆ ਹੈ ਪਰ ਜਿਸ ਤਰ੍ਹਾਂ ਨਾਲ 12 ਤੋਂ 15 ਕਿੱਲੋ ਵਜ਼ਨ ਦੇ ਪੈਕੇਟ ਡਰੋਨ ਸੁੱਟ ਰਿਹਾ ਹੈ, ਉਸ ਨਾਲ ਸਵਾਲ ਖੜ੍ਹਾ ਹੁੰਦਾ ਹੈ ਕਿ ਇਹ ਕਿਹੜੇ ਲੋਕ ਹਨ ਜੋ ਇੰਨੀ ਵੱਡੀ ਮਾਤਰਾ ਵਿਚ ਹੈਰੋਇਨ ਅਤੇ ਹਥਿਆਰ ਮੰਗਵਾ ਰਹੇ ਹਨ। ਬਾਰਡਰ ਰੇਂਜ ਵਿਚ ਪਾਕਿਸਤਾਨ ਨਾਲ ਅੰਮ੍ਰਿਤਸਰ ਬਾਰਡਰ ਅਤੇ ਗੁਰਦਾਸਪੁਰ ਬਾਰਡਰ ਦਾ ਇਲਾਕਾ ਜੁੜਿਆ ਹੋਇਆ ਹੈ, ਜੋ ਕਿ ਸਭ ਤੋਂ ਵੱਧ ਸੰਵੇਦਨਸ਼ੀਲ ਹੈ। ਪਾਕਿਸਤਾਨ ਵੱਲੋਂ ਆਉਣ ਵਾਲੇ ਡਰੋਨਾਂ ਰਾਹੀਂ ਕਾਫ਼ੀ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਬੀ. ਐੱਸ. ਐੱਫ਼. ਦੀਆਂ ਪੋਸਟਾਂ ਦੇ ਬਿਲਕੁਲ ਨੇੜੇ ਹੈਰੋਇਨ ਦੀ ਖੇਪ ਸੁੱਟੀ ਜਾ ਰਹੀ ਹੈ। ਇਸ ਵਿਚ ਕਾਫ਼ੀ ਸਾਰੇ ਕੇਸਾਂ ਵਿਚ ਸਮੱਗਲਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਕੁਝ ਮਾਮਲਿਆਂ ਵਿਚ ਲਾਵਾਰਿਸ ਹਾਲਤ ਵਿੱਚ ਖੇਪ ਫੜੀ ਜਾ ਚੁੱਕੀ ਹੈ। ਅਜਿਹਾ ਪ੍ਰਤੀਤ ਹੋ ਰਿਹਾ ਹੈ ਮਾਨੋ ਸਮੱਗਲਰਾਂ ਨੂੰ ਬੀ. ਐੱਸ. ਐੱਫ਼. ਦਾ ਵੀ ਕੋਈ ਖ਼ੌਫ਼ ਨਹੀਂ ਰਿਹਾ। ਅੰਮ੍ਰਿਤਸਰ ਦਾ ਲਗਭਗ 143 ਕਿੱਲੋਮੀਟਰ ਲੰਬਾ ਬਾਰਡਰ ਪਾਕਿਸਤਾਨ ਨਾਲ ਜੁੜਿਆ ਹੋਇਆ ਹੈ ਅਤੇ ਇਸੇ ਬਾਰਡਰ ਵਿਚ ਇਕ ਦਰਜਨ ਦੇ ਲਗਭਗ ਉਹੀ ਗਿਣੇ-ਚੁਣੇ ਪਿੰਡ ਹਨ, ਜਿਥੇ ਆਏ ਦਿਨ ਡਰੋਨਾਂ ਦੀ ਮੂਵਮੈਂਟ ਹੁੰਦੀ ਰਹਿੰਦੀ ਹੈ ਅਤੇ ਹੈਰੋਇਨ ਤੇ ਹਥਿਆਰਾਂ ਦੀ ਰਿਕਵਰੀ ਹੁੰਦੀ ਹੈ। ਇਨ੍ਹਾਂ ਪਿੰਡਾਂ ਵਿੱਚ ਅਟਾਰੀ, ਨੇਸ਼ਟਾ, ਮੁਹਾਵਾ, ਮੋਦੇ, ਰਤਨਖੁਰਦ, ਧਨੋਆ ਕਲਾਂ, ਧਨੋਆ ਖੁਰਦ, ਡੱਲੇਕੇ, ਦਾਉਕੇ, ਰਾਜਾਤਾਲ, ਕੱਕੜ, ਕੱਕੜ ਰਾਣੀਆਂ, ਬੱਲੜਵਾਲ, ਭਿੰਡੀਸੈਦਾਂ ਅਤੇ ਹੋਰ ਪਿੰਡ ਸ਼ਾਮਲ ਹਨ। ਪਾਕਿਸਤਾਨ ਤੋਂ ਆਉਣ ਵਾਲੇ ਡਰੋਨਾਂ ਦੀ ਗੱਲ ਕਰੀਏ ਤਾਂ ਡਰੋਨ ਚਾਰ ਤੋਂ ਪੰਜ ਕਿੱਲੋਮੀਟਰ ਜਾਂ ਇਸ ਤੋਂ ਵੀ ਜ਼ਿਆਦਾ ਭਾਰਤੀ ਸਰਹੱਦ ਵਿਚ ਘੁਸਪੈਠ ਕਰ ਰਿਹਾ ਹੈ ਪਰ ਸਮੱਗਲਰਾਂ ਦਾ ਕੋਈ ਅਤਾ-ਪਤਾ ਨਹੀਂ ਚੱਲ ਰਿਹਾ।

