Bus catches fire in Bihar, 35 passengers escape unhurt
ਬਿਹਾਰ ’ਚ ਚੱਲਦੀ ਬੱਸ ਨੂੰ ਲੱਗੀ ਅੱਗ, ਵਾਲ-ਵਾਲ ਬਚੇ 35 ਯਾਤਰੀ
ਮੁਜ਼ੱਫਰਪੁਰ (ਆਵਾਜ਼ਿ ਕੌਮ ਬਿਊਰੋ)- ਬਿਹਾਰ ਵਿਚ ਮੁਜ਼ੱਫਰਪੁਰ ਦੇ ਮੋਤੀਪੁਰ ਵਿਚ ਦੇਰ ਰਾਤ ਇਕ ਵੱਡਾ ਹਾਦਸਾ ਟਲ ਗਿਆ। ਮੋਤੀਹਾਰੀ ਤੋਂ ਮੁਜ਼ੱਫਰਪੁਰ ਜਾ ਰਹੀ ਯਾਤਰੀ ਬੱਸ ਵਿਚ ਬਰਜੀ ਓਵਰਬ੍ਰਿਜ ਦੇ ਨੇੜੇ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਦਿਆਂ ਹੀ ਬੱਸ ਵਿਚ ਸਵਾਰ ਲੱਗਭਗ 35 ਯਾਤਰੀਆਂ ਵਿਚ ਭਾਜੜ ਮਚ ਗਈ। ਡਰਾਈਵਰ ਨੇ ਵੇਲੇ ਸਿਰ ਬੱਸ ਰੋਕ ਦਿੱਤੀ ਅਤੇ ਸਾਰੇ ਯਾਤਰੀ ਸੁਰੱਖਿਅਤ ਬਾਹਰ ਨਿਕਲ ਗਏ। ਸੂਚਨਾ ਮਿਲਦਿਆਂ ਹੀ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੋਰਚਾ ਸੰਭਾਲਿਆ। ਹਾਲਾਂਕਿ ਕੁੱਝ ਹੀ ਦੇਰ ਵਿਚ ਪੂਰੀ ਬੱਸ ਅੱਗ ਦੀ ਲਪੇਟ ਵਿਚ ਆ ਗਈ ਅਤੇ ਸੜ ਕੇ ਸੁਆਹ ਹੋ ਗਈ। ਬੱਸ ਵਿਚ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਹਾਲਾਂਕਿ ਅੱਗ ਲੱਗਣ ਦਾ ਅਸਲ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋਇਆ ਹੈ।

